
ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਵਿਖੇ “ਸੰਵਿਧਾਨ ਦਿਵਸ” ਮਨਾਇਆ ਗਿਆ। ਇਸ ਸਾਦੇ ਸਮਾਗਮ ਵਿੱਚ ਸਕੂਲ ਦੇ 35 ਲੋੜਵੰਦ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਪਰਮਜੀਤ ਜੱਸਲ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ਵੱਲੋਂ ਜਰਸੀਆਂ ਅਤੇ ਸਵੈਟਰ ਵੰਡੇ ਗਏ ਤਾਂ ਜੋ ਉਹ ਸਰਦੀਆਂ ਤੋਂ ਨਿਜ਼ਾਤ ਪਾ ਕੇ ਵਧੀਆ ਪੜ੍ਹਾਈ ਕਰ ਸਕਣ। ਇਸ ਮੌਕੇ ‘ਤੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦਿਵਸ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਲਿਖਦੇ ਸਮੇਂ ਦੇਸ਼ ਦੇ ਹਰ ਨਾਗਰਿਕ ਨੂੰ ਸਮਾਨਤਾ, ਸੁਤੰਤਰਤਾ ,ਭਾਈਚਾਰਾ ਤੇ ਨਿਆ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ। ਜਿਸ ਨਾਲ ਹਰ ਵਰਗ ਦੇ ਵਿਅਕਤੀ ਦਾ ਜੀਵਨ ਖੁਸ਼ਹਾਲ ਤੇ ਗੁਲਾਮੀ ਤੋਂ ਮੁਕਤ ਹੋਇਆ ਹੈ। ਔਰਤ ਜਾਤੀ ਨੂੰ ਵੀ ਮਰਦਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਹੋਏ ਹਨ। ਜਿਵੇਂ ਵੋਟ ਦਾ ਅਧਿਕਾਰ, ਐਜੂਕੇਸ਼ਨ ਦਾ ਅਧਿਕਾਰ ਅਤੇ ਮੌਲਿਕ ਅਧਿਕਾਰ ਆਦਿ। ਇਹ ਸੰਵਿਧਾਨ ਬਣਨ ਲਈ 2 ਸਾਲ 11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਿਆ, ਜੋ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ। ਬਾਬਾ ਸਾਹਿਬ ਜੀ ਸੰਵਿਧਾਨ ਦੀ ਖਰੜਾ ਕਮੇਟੀ ਦੇ ਚੇਅਰਮੈਨ ਹੋਣ ਕਰਕੇ ਉਹਨਾਂ ਨੂੰ ਸਭ ਤੋਂ ਵੱਧ ਦਿਨ -ਰਾਤ ਸਖਤ ਮਿਹਨਤ ਕਰਨੀ ਪਈ।ਇਸ ਸੰਵਿਧਾਨ ਨੂੰ 26 ਜਨਵਰੀ 1950 ਵਾਲੇ ਦਿਨ ਲਾਗੂ ਕੀਤਾ ਗਿਆ। ਭਾਰਤ ਦਾ ਸੰਵਿਧਾਨ ਵਿਸ਼ਵ ਦੇ ਸੰਵਿਧਾਨਾਂ ਨਾਲੋਂ ਵਧੀਆ , ਉੱਤਮ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ।ਵਿਦਿਆਰਥੀਆਂ ਵੱਲੋਂ ਵੀ ਸੰਵਿਧਾਨ ਦਿਵਸ ‘ਤੇ ਕਵਿਤਾਵਾਂ, ਗੀਤ ਅਤੇ ਵਿਚਾਰ ਪੇਸ਼ ਕੀਤੇ ਗਏ। ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਵੱਲੋਂ ਕਾਪੀਆਂ ,ਪੈੱਨ ਇਨਾਮ ਵਜੋਂ ਦਿੱਤੇ ਗਏ। ਪ੍ਰਿੰਸੀਪਲ ਨੇ ਸਕੂਲ ਦੇ ਸਟਾਫ ਦਾ ਵੀ ਧੰਨਵਾਦ ਕੀਤਾ,ਜਿਨਾਂ ਨੇ ਇਸ ਸਮਾਗਮ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਸਮਾਗਮ ‘ਚ ਸ੍ਰੀਮਤੀ ਸਤਵਿੰਦਰ ਕੌਰ ਵਾਈਸ ਪ੍ਰਿੰਸੀਪਲ, ਸ਼੍ਰੀਮਤੀ ਮਮਤਾ ਰਾਣੀ, ਬਲਜੋਤ ਕਲੇਰ, ਸ੍ਰੀਮਤੀ ਪੂਨਮ ਪਾਲ, ਜੋਤੀ, ਸਕੀਨਾ ਮੈਡਮ ਆਦਿ ਹਾਜ਼ਰ ਸਨ।
HOME ਸੰਵਿਧਾਨ ਦਿਵਸ ‘ਤੇ ਡਾ. ਅੰਬੇਡਕਰ ਸਕੂਲ ਬੁਲੰਦਪੁਰ ‘ਚ ਵਿਦਿਆਰਥੀਆਂ ਨੂੰ ਜਰਸੀਆਂ ਤੇ...


