HOME ਪੇਂਡੂ ਮਜ਼ਦੂਰ ਯੂਨੀਅਨ ਦਾ ਤਹਿਸੀਲ ਪੱਧਰੀ ਡੈਲੀਗੇਟ ਅਜਲਾਸ ਹੋਇਆ, ਗੁਰਬਖਸ਼ ਕੌਰ ਸਾਦਿਕਪੁਰ...

ਪੇਂਡੂ ਮਜ਼ਦੂਰ ਯੂਨੀਅਨ ਦਾ ਤਹਿਸੀਲ ਪੱਧਰੀ ਡੈਲੀਗੇਟ ਅਜਲਾਸ ਹੋਇਆ, ਗੁਰਬਖਸ਼ ਕੌਰ ਸਾਦਿਕਪੁਰ ਪ੍ਰਧਾਨ, ਗੁਰਚਰਨ ਸਿੰਘ ਅਟਵਾਲ ਸਕੱਤਰ ਚੁਣੇ ਗਏ

ਕਿਰਤ ਕਾਨੂੰਨਾਂ ਨੂੰ ਮਜ਼ਦੂਰ ਵਿਰੋਧੀ ਚਾਰ ਕਿਰਤ ਕੋਡਾ ਚ ਤਬਦੀਲ ਕਰਕੇ ਨੋਟੀਫਾਈ ਕਰਨ ਦੀ ਨਿੰਦਾ

ਸ਼ਾਹਕੋਟ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਬੱਗਾ ਵਿਖੇ ਆਪਣਾ ਤਹਿਸੀਲ ਪੱਧਰੀ ਡੈਲੀਗੇਟ ਅਜਲਾਸ ਕੀਤਾ ਗਿਆ। ਇਸ ਮੌਕੇ 22 ਪਿੰਡਾਂ ਤੋਂ ਚੁਣੇ ਗਏ ਡੈਲੀਗੇਟਾਂ ਨੇ ਸ਼ਿਰਕਤ ਕੀਤੀ। ਯੂਨੀਅਨ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਵਲੋਂ ਯੂਨੀਅਨ ਦਾ ਝੰਡਾ ਚੜਾਉਣ ਉਪਰੰਤ ਮਜ਼ਦੂਰ ਲਹਿਰ ਦੇ ਵਿਛੜੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਅਜਲਾਸ ਦੀ ਸ਼ੁਰੂਆਤ ਹੋਈ। ਯੂਨੀਅਨ ਦੇ ਆਗੂ ਗੁਰਬਖਸ਼ ਕੌਰ ਸਾਦਿਕਪੁਰ ਅਤੇ ਗੁਰਚਰਨ ਸਿੰਘ ਅਟਵਾਲ ਨੇ ਤਹਿਸੀਲ ਕਮੇਟੀ ਸ਼ਾਹਕੋਟ ਦੀਆਂ ਸਰਗਰਮੀਆਂ ਦੀ ਰੀਵਿਊ ਰਿਪੋਰਟ ਅਤੇ ਵਿਧਾਨ ਤੇ ਐਲਾਨ ਨਾਮਾ ਪੇਸ਼ ਕੀਤਾ। ਜਿਸ ਨੂੰ ਵਿਚਾਰ ਵਿਟਾਂਦਰੇ ਉਪਰੰਤ ਪਾਸ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਤੱਕ ਜੋ ਵੀ ਸਰਕਾਰਾਂ ਰਾਜ ਸੱਤਾ ਉੱਤੇ ਕਾਬਜ ਹੋਈਆਂ। ਸਭ ਨੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ, ਜਗੀਰਦਾਰਾਂ ਤੇ ਸਰਮਾਏਦਾਰਾਂ ਪੱਖੀ ਨੀਤੀਆਂ ਲਿਆਂਦੀਆਂ ਅਤੇ ਲਾਗੂ ਕੀਤੀਆਂ। ਫਾਸ਼ੀਵਾਦੀ ਹਕੂਮਤ ਵਿਰੋਧ ਦੀ ਆਵਾਜ਼ ਨੂੰ ਕੁਚਲਣ ਲਈ ਜੇਲ੍ਹਾਂ,ਝੂਠੇ ਕੇਸਾਂ ਦਾ ਸਹਾਰਾ ਲੈ ਰਹੀ ਹੈ। ਕਿਸੇ ਵੀ ਸਰਕਾਰ ਨੇ ਮਜ਼ਦੂਰਾਂ ਦੀ ਜ਼ਿੰਦਗੀ ਸੁਧਾਰਨ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਸਿਫ਼ਤੀ ਤਬਦੀਲੀ ਲਈ ਜ਼ਮੀਨ ਦੀ ਕਾਣੀ ਵੰਡ ਖ਼ਤਮ ਕਰਕੇ ਵਾਧੂ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਤੇ ਵੰਡੀਆਂ ਜਾਣ,ਪੰਚਾਇਤੀ ਜ਼ਮੀਨਾਂ ਚੋਂ ਰਾਖਵੇਂ ਤੀਸਰੇ ਹਿੱਸੇ ਦਾ ਹੱਕ ਦਲਿਤਾਂ ਨੂੰ ਅਮਲ ਵਿੱਚ ਦਿੱਤਾ ਜਾਵੇ,ਲਾਲ ਲਕੀਰ ਵਿੱਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਤੇ ਮਕਾਨ ਉਸਾਰੀ ਲਈ ਗ੍ਰਾਂਟਾਂ ਦਿੱਤੀਆਂ ਜਾਣ, ਮਜ਼ਦੂਰਾਂ ਦੀ ਦਿਹਾੜੀ 1 ਹਜ਼ਾਰ ਰੂਪਏ ਕੀਤੀ ਜਾਵੇ, ਮਜ਼ਦੂਰਾਂ ਦੇ ਸਰਕਾਰੀ,ਸਹਿਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਮੁਆਫ਼ ਕੀਤੇ ਜਾਣ ਤੇ ਬਦਲਵੇਂ ਕਰਜ਼ੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਮਾਜਿਕ ਜ਼ਬਰ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੁਨਿਆਦੀ ਮੁੱਦਿਆਂ ਦੇ ਹੱਲ ਲਈ ਪੇਂਡੂ ਮਜ਼ਦੂਰਾਂ ਨੂੰ ਜਥੇਬੰਦੀ ਦੇ ਝੰਡੇ ਹੇਠ ਲਾਮਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣਾ ਹੋਵੇਗਾ। ਇਸ ਮੌਕੇ ਇੱਕ ਮਤਾ ਪਾਸ ਕਰਕੇ ਫਾਸ਼ੀਵਾਦੀ ਹਕੂਮਤ ਵਲੋਂ ਕਿਰਤ ਕਾਨੂੰਨਾਂ ਨੂੰ ਮਜ਼ਦੂਰ ਵਿਰੋਧੀ ਚਾਰ ਕਿਰਤ ਕੋਡਾ ਚ ਤਬਦੀਲ ਕਰਕੇ ਨੋਟੀਫਾਈ ਕਰਨ ਦੀ ਨਿੰਦਾ ਕਰਦਿਆਂ ਇਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਡੈਲੀਗੇਟ ਅਜਲਾਸ ਨੇ 9 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ। ਜਿਸ ਵਿੱਚ ਗੁਰਬਖਸ਼ ਕੌਰ ਸਾਦਿਕਪੁਰ ਪ੍ਰਧਾਨ,ਗੁਰਚਰਨ ਸਿੰਘ ਅਟਵਾਲ ਸਕੱਤਰ, ਗੁਰਮੀਤ ਸਿੰਘ ਮੀਤ ਪ੍ਰਧਾਨ, ਪ੍ਰਵੀਨ ਕੌਰ ਨੱਲੵ ਵਿੱਤ ਸਕੱਤਰ,ਸੁਖਦੇਵ ਸਿੰਘ ਮੁਰਾਜਵਾਲਾ, ਜਸਵਿੰਦਰ ਕੌਰ,ਭਜਨੋ ਬੱਗਾ, ਅਮਰਜੀਤ ਕੌਰ ਰੌਂਤਾ ਅਤੇ ਧਰਮਾਂ ਕਮੇਟੀ ਮੈਂਬਰ ਚੁਣੇ ਗਏ। ਅੰਤ ਤਹਿਸੀਲ ਤਹਿਸੀਲ ਸਕੱਤਰ ਗੁਰਚਰਨ ਸਿੰਘ ਅਟਵਾਲ ਨੇ ਹਾਜ਼ਿਰ ਡੈਲੀਗੇਟਾਂ ਦਾ ਧੰਨਵਾਦ ਕੀਤਾ ਅਤੇ ਚੁਣੇ ਗਏ ਡੈਲੀਗੇਟਾਂ ਨੂੰ 2 ਦਸੰਬਰ ਨੂੰ ਜ਼ਿਲ੍ਹਾ ਅਜਲਾਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਜਾਰੀ ਕਰਤਾ,  ਗੁਰਚਰਨ ਸਿੰਘ ਅਟਵਾਲ,  ਤਹਿਸੀਲ ਸਕੱਤਰ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਢਾਹਾਂ ਕਲੇਰਾਂ ਹਸਪਤਾਲ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਫਰੀ ਮੈਗਾ ਮੈਡੀਕਲ ਚੈੱਕਅਪ ਕੈਂਪ 05 ਦਸੰਬਰ ਨੂੰ
Next articleਸੰਵਿਧਾਨ ਦਿਵਸ ‘ਤੇ ਡਾ. ਅੰਬੇਡਕਰ ਸਕੂਲ ਬੁਲੰਦਪੁਰ ‘ਚ ਵਿਦਿਆਰਥੀਆਂ ਨੂੰ ਜਰਸੀਆਂ ਤੇ ਸਵੈਟਰ ਵੰਡੇ