HOME ਦਰਿੰਦੇ ਨੂੰ ਦਿੱਤੀ ਜਾਵੇ ਮਿਸਾਲੀ ਸਜ਼ਾ

ਦਰਿੰਦੇ ਨੂੰ ਦਿੱਤੀ ਜਾਵੇ ਮਿਸਾਲੀ ਸਜ਼ਾ

2

 (ਸਮਾਜ ਵੀਕਲੀ)    ਜਿਸ ਵਿਅਕਤੀ ਦੀ ਆਪਣੀ ਬੇਟੀ ਦੀ ਹਮ ਉਮਰ ਸਹੇਲੀ ਨੂੰ ਵੇਖ ਕੇ ਮਨ ਵਿੱਚ ਵਹਿਸ਼ੀ ਬਿਰਤੀ ਉਪਜ ਜਾਵੇ, ਉਸਨੂੰ ਵੇਖ ਕੇ ਆਪਣੀ ਧੀ ਦਾ ਚਿਹਰਾ ਸਾਹਮਣੇ ਨਾ ਆਏ ਤੇ ਆਪਣੀ ਵਾਸ਼ਨਾ ਪੂਰਤੀ ਦਾ ਸ਼ਿਕਾਰ ਬਣਾਉਣ ਲਈ ਸਾਰੀਆਂ ਹੱਦਾਂ ਪਾਰ ਕਰ ਜਾਵੇ,ਉਹ ਤਾਂ ਕੋਈ ਹੈਵਾਨ ਹੀ ਹੋਏਗਾ। ਜਲੰਧਰ ਵਿਖੇ ਵਾਪਰੀ ਦਰਦਨਾਕ ਘਟਨਾ ਦਾ ਜੋ ਸੱਚ ਸਾਹਮਣੇ ਆਇਆ, ਬਹੁਤ ਖੌਫਨਾਕ ਸੀ,13 ਸਾਲ ਦੀ ਬੱਚੀ ਉਸ ਦੀ ਛੋਟੀ ਬੇਟੀ ਕੋਲ ਅਕਸਰ ਖੇਡਣ ਜਾਇਆ ਕਰਦੀ ਸੀ। ਪਰ ਉਸ ਦੀ ਬੇਟੀ ਉਸ ਦੀ ਪਤਨੀ ਨਾਲ ਕਿਸੇ ਰਿਸ਼ਤੇਦਾਰੀ ਵਿੱਚ ਲੁਧਿਆਣਾ ਗਈ ਹੋਈ ਸੀ। ਉਹ ਉਸਨੂੰ ਆਪਣੇ ਬੈੱਡਰੂਮ ਵਿੱਚ ਲੈ ਗਿਆ। ਉਹ ਉਸ ਦੀ ਬੇਟੀ ਬਾਰੇ ਪੁੱਛਣ ਲੱਗ ਪਈ ,ਪਰ ਉਸ ਦੀ ਨੀਅਤ ਵਿੱਚ ਤਾਂ ਪਹਿਲਾਂ ਹੀ ਖੋਟ ਸੀ, ਉਸ ਦਰਿੰਦੇ ਨੇ ਉਸ ਨਾਲ ਜਬਰਦਸਤੀ ਦੀ ਕੋਸ਼ਿਸ਼ ਕੀਤੀ ਤਾਂ ਉਹ ਬੱਚੀ ਚੀਕਣ ਲੱਗ ਪਈ, ਉਸ ਨੇ ਉਸਦਾ ਮੂੰਹ ਘੁੱਟ ਦਿੱਤਾ ਤੇ ਗਲਾ ਦਬਾਉਣ ਲੱਗ ਪਿਆ ।ਉਹ ਬੱਚੀ ਕਿੰਨਾ ਤੜਫ਼ੀ ਹੋਏਗੀ। ਉਹ ਦਰਿੰਦਾ ਉਸਦਾ ਗਲਾ ਉਸ ਸਮੇਂ ਤੱਕ ਦਬਾਉਂਦਾ ਰਿਹਾ ਜਦੋਂ ਤੱਕ ਉਹ ਸ਼ਾਂਤ ਨਾ ਹੋ ਗਈ। ਉਸਨੇ ਉਸਦੀ ਲਾਸ਼ ਗੁਸਲਖਾਨੇ ਵਿੱਚ ਸੁੱਟ ਦਿੱਤੀ ਤੇ ਅੱਗੇ ਗੱਦੇ ਕਰ ਦਿੱਤੇ। ਉਸ ਨੇ ਸੋਚਿਆ ਕਿ ਰਾਤ ਨੂੰ ਲਾਸ਼ ਠਿਕਾਣੇ ਲਗਾ ਦਵੇਗਾ। ਇਸ ਕੰਮ ਲਈ ਉਹ ਕਿਸੇ ਦੀ ਕਾਰ ਵੀ ਮੰਗ ਕੇ ਲੈ ਆਇਆ ,ਪਰ ਬਾਹਰ ਲੋਕ ਸਨ। ਉਹ ਵੀ ਕੁਝ ਦੇਰ ਉਨ੍ਹਾਂ ਨਾਲ ਬੱਚੀ ਨੂੰ ਲੱਭਣ ਦਾ ਨਾਟਕ ਕਰਨ ਲੱਗ ਪਿਆ ਤੇ ਘਰ ਜਾ ਕੇ ਅੰਦਰੋਂ ਤਾਲਾ ਲਾ ਕੇ ਅਤੇ ਬੱਤੀਆਂ ਬੰਦ ਕਰ ਦਿੱਤੀਆਂ। ਪਰ ਲੋਕਾਂ ਨੂੰ ਉਸ ਉੱਤੇ ਸ਼ੱਕ ਸੀ ਤੇ ਉਹ ਜ਼ਬਰਦਸਤੀ ਉਸਦੇ ਘਰ ਅੰਦਰ ਵੜ ਗਏ। ਲੋਕਾਂ ਨੇ ਵੇਖਿਆ ਕਿ ਕਾਰ ਕੋਲ਼ੇ ਲਾਸ਼ ਨੂੰ ਟਿਕਾਣੇ ਲਾਉਣ ਲਈ ਇੱਕ ਬੋਰਾ ਵੀ ਰੱਖਿਆ ਹੋਇਆ ਸੀ। ਸੁਣਨ ਵਿੱਚ ਆਇਆ ਹੈ ਕਿ ਇਹੋ ਸਭ ਕੁਝ ਉਸ ਨੇ ਆਪਣੇ ਬਿਆਨਾਂ ਵਿੱਚ ਵੀ ਦੱਸਿਆ ਹੈ। ਸ਼ੁਰੂਆਤੀ ਕਾਰਵਾਈ ਦੌਰਾਨ ਸੀ ਸੀ ਟੀਵੀ ਦੇ ਅਧਾਰ ਤੇ ਵੀ ਸਹੀ ਤਰੀਕੇ ਨਾਲ ਕੋਈ ਨਾ ਐਕਸ਼ਨ ਲੈਣ ਵਾਲੇ ਪੁਲਿਸ ਕਰਮਚਾਰੀਆਂ ਦੀ ਭੂਮਿਕਾ ਵੀ ਨਿਹਾਇਤ ਨਿੰਦਣਯੋਗ ਹੈ। ਉਹਨਾਂ ਖਿਲਾਫ ਚਾਹੇ ਵਿਭਾਗੀ ਕਾਰਵਾਈ ਹੋ ਚੁੱਕੀ ਹੈ ਪਰ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਡਿਊਟੀ ਦੌਰਾਨ ਕੁਤਾਹੀ ਵਰਤ ਕੇ ਵਰਦੀ ਨੂੰ ਵੀ ਦਾਗ਼ਦਾਰ ਕੀਤਾ ਹੈ।

                        ਪੂਰੀ ਘਟਨਾ ਬਾਰੇ ਸੁਣ ਕੇ ਰੌਂਗਟੇ ਖੜੇ ਹੋ ਜਾਂਦੇ ਹਨ। ਇਹ ਸੋਚ ਕੇ ਰੂਹ ਕੰਬ ਜਾਂਦੀ ਹੈ ਕਿ ਕੋਈ ਧੀਆਂ ਭੈਣਾਂ ਵਾਲਾ ਵੀ ਅਜਿਹਾ ਖੌਫਨਾਕ  ਕਾਰਾ ਕਰ ਸਕਦਾ ਹੈ ? ਇਸ ਸ਼ਰਮਨਾਕ ਅਤੇ ਦਰਿੰਦਗੀ ਭਰੀ ਕਰਤੂਤ ਲਈ ਉਸਨੂੰ ਸਾਡੇ ਕਾਨੂੰਨ ਅਨੁਸਾਰ ਮੌਤ ਦੀ ਸਜ਼ਾ ਹੋ ਸਕਦੀ ਹੈ । ਪਰ ਕਦੋਂ? ਕਾਨੂੰਨੀ ਲੜਾਈ ਲੜੀ ਜਾਵੇਗੀ, ਸਬੂਤ ਇਕੱਠੇ ਕੀਤੇ ਜਾਣਗੇ,ਵਿਸਰਾ ਰਿਪੋਰਟ ਆਵੇਗੀ,ਚਲਾਣ ਪੇਸ਼ ਕੀਤਾ ਜਾਵੇਗਾ, ਫਿਰ ਅਦਾਲਤ ਵਿੱਚ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਕੇ ਕਾਨੂੰਨੀ ਲੜਾਈ ਲੜੀ ਜਾਵੇਗੀ, ਗਵਾਹ ਭੁਗਤਾਏ ਜਾਣਗੇ । ਫਾਸਟ ਟਰੈਕ ਅਦਾਲਤ ਵਿੱਚ ਵੀ ਉਸ ਨੂੰ ਸਜ਼ਾ ਮਿਲਦੇ ਮਿਲਦੇ ਦੋ ਢਾਈ ਮਹੀਨੇ ਲੱਗ ਜਾਣਗੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਉਸ ਨੇ ਜੁਰਮ ਕੀਤਾ ਹੈ ਉਸ ਮੁਤਾਬਿਕ ਉਸ ਨੂੰ ਜ਼ਿਲ੍ਹਾ ਅਦਾਲਤ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਜਾਵੇਗੀ। ਪਰ ਉਸ ਕੋਲ ਉੱਚ ਅਦਾਲਤਾਂ ਵਿੱਚ ਰਹਿਮ ਦੀ ਅਪੀਲ ਕਰਨ ਦੇ ਮੌਕੇ ਵੀ ਹੋਣਗੇ। ਜਦ ਤੱਕ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਘਟਨਾ ਧੁੰਦਲੀ ਹੋ ਜਾਵੇਗੀ ਤੇ ਫਿਰ ਇਹੋ ਜਿਹੀ ਘਟਨਾ ਤੁਲ ਪਕੜ ਲਵੇਗੀ।

          ਸਾਰਾ ਕੇਸ ਸਾਰੀ ਦੁਨੀਆਂ ਦੇ ਸਾਹਮਣੇ ਹੈ।ਇਹੋ ਜਿਹੇ ਦਰਿੰਦੇ ਦੀ ਖਾਤਰ ਹੁਣ ਕਿਹੜੇ ਗਵਾਹ ਤੇ ਕਿਹੜੇ ਰਹਿਮ ਦੀ ਲੋੜ ਹੈ। ਜੇ ਕਿਤੇ ਸਾਡੇ ਦੇਸ਼ ਵਿੱਚ ਇਹੋ ਜਿਹੀਆਂ ਪਾਰਦਰਸ਼ੀ ਘਟਨਾਵਾਂ ਲਈ ਅਲੱਗ ਕਾਨੂੰਨ ਬਣਾ ਦਿੱਤਾ ਜਾਵੇ ਤੇ ਅਗਲੇ ਦਿਨ ਹੀ ਸ਼ਰੇਆਮ ਚੁਰਸਤੇ ਵਿੱਚ ਖੜ੍ਹਾ ਕੇ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਤਾਂ ਸ਼ਾਇਦ ਅਗਾਂਹ ਤੋਂ ਕੋਈ ਹੋਰ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੌ ਵਾਰੀ ਸੋਚੇ। ਇਸ ਘਟਨਾ ਵਿੱਚ ਬਲਾਤਕਾਰੀ ਅਤੇ ਕਾਤਲ ਵੀ ਦੁਨੀਆਂ ਦੇ ਸਾਹਮਣੇ ਹੈ,ਬੱਚੀ ਦੀ ਲਾਸ਼ ਵੀ ਉਸ ਕੋਲੋਂ ਬਰਾਮਦ ਕੀਤੀ ਜਾਂਦੀ ਹੈ, ਲੱਖਾਂ ਕੈਮਰਿਆਂ ਵਿੱਚ ਸਭ ਕੁਝ ਕੈਦ ਹੋ ਕੇ ਸਾਰੀ ਸਚਾਈ ਦੁਨੀਆਂ ਤੱਕ ਪਹੁੰਚਦੀ ਹੈ, ਫਿਰ ਵੀ ਇਹੋ ਜਿਹੇ ਦਰਿੰਦਿਆਂ ਪ੍ਰਤੀ ਨਰਮਾਈ ਨਹੀਂ ਵਰਤਣੀ ਚਾਹੀਦੀ। ਜਦ ਤੱਕ ਉਸ ਨੂੰ ਸਜ਼ਾ ਮਿਲਣੀ ਹੈ ਉਦੋਂ ਤੱਕ ਇਹੋ ਜਿਹੇ ਸਨਕੀ ਲੋਕਾਂ ਅੰਦਰ ਇਹ ਘਟਨਾ ਧੁੰਦਲੀ ਹੋ ਜਾਵੇਗੀ ਤੇ ਕੋਈ ਨਾ ਕੋਈ ਹੋਰ ਦਰਿੰਦਾ ਫੇਰ ਕਿਸੇ ਇਹੋ ਜਿਹੀ ਘਟਨਾ ਨੂੰ ਅੰਜਾਮ ਦੇ ਦੇਵੇਗਾ।

                ਜਿਸ ਬੁੱਢੇ ਵਿਅਕਤੀ ਵੱਲੋਂ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸਦੀ ਆਪਣੀ ਪਤਨੀ ਤੇ ਧੀਆਂ ਨੂੰ ਵੀ ਸਾਰੀ ਜ਼ਿੰਦਗੀ ਇਸ ਕੌੜੇ ਸੱਚ ਦੀ ਸ਼ਰਮਿੰਦਗੀ ਤੇ ਸੰਤਾਪ ਵਿੱਚ ਕੱਟਣੀ ਹੀ ਪਵੇਗੀ। ਜੇ ਉਸ ਨੇ ਇੱਕ ਬੱਚੀ ਨੂੰ ਮਾਰ ਮੁਕਾਇਆ ਹੈ ਤਾਂ ਦੂਜੇ ਪਾਸੇ ਉਸ ਨੇ ਆਪਣੀ ਧੀ ਨੂੰ ਵੀ ਲੋਕਾਂ ਦੀ ਨਫ਼ਰਤ ਅਤੇ ਨਾਮੋਸ਼ੀ ਦਾ ਸਾਹਮਣਾ ਕਰਨ ਲਈ ਜਿਊਂਦੇ ਜੀਅ ਹਰ ਰੋਜ਼ ਮਰਨ ਲਈ ਛੱਡ ਦਿੱਤਾ ਹੈ। ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅੱਜ ਕਿਸੇ ਤੇ ਵੀ ਭਰੋਸੇ ਦਾ ਸਮਾਂ ਨਹੀਂ ਰਿਹਾ, ਕਿਸ ਦੀ ਨੀਅਤ ਕਦੋਂ ਤੇ ਕਿਸ ਵੇਲੇ ਵਿਗੜ ਜਾਏ, ਕੁਝ ਕਿਹਾ ਨਹੀਂ ਜਾ ਸਕਦਾ। ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਆਪਣੇ ਹੱਥ ਹੈ, ਬੱਚਿਆਂ ਨੂੰ ਸਾਵਧਾਨ ਰਹਿਣਾ ਸਿਖਾਓ ਤਾਂ ਜੋ ਭਵਿੱਖ ਵਿੱਚ ਅਜਿਹੇ ਕਿਸੇ ਵੀ ਦੁਖਾਂਤ ਤੋਂ ਬਚਿਆ ਜਾ ਸਕੇ। ਆਪਣੇ ਸਮਾਜ ਵਿੱਚ ਪਹਿਲਾਂ ਆਂਢ ਗੁਆਂਢ ਅਤੇ ਜਾਣ ਪਛਾਣ ਵਾਲੇ ਰਿਸ਼ਤੇ ਵੀ ਸਕਿਆਂ ਨਾਲੋਂ ਵੱਧ ਜ਼ਿੰਮੇਵਾਰੀ ਨਾਲ ਨਿਭਾਏ ਜਾਂਦੇ ਸਨ। ਪਰ ਹੁਣ ਜ਼ਮਾਨਾ ਇਹੋ ਜਿਹਾ ਆ ਗਿਆ ਹੈ ਸਕੇ ਰਿਸ਼ਤਿਆਂ ਉੱਤੋਂ ਵੀ ਵਿਸ਼ਵਾਸ ਉੱਠ ਗਿਆ ਹੈ।ਸਾਡਾ ਸਮਾਜ ਕਿਹੋ ਜਿਹਾ ਬਣਦਾ ਜਾ ਰਿਹਾ ਹੈ ਜਿੱਥੇ ਛੇ ਮਹੀਨੇ ਦੀ ਬੱਚੀ ਤੋਂ ਲੈਕੇ ਅੱਸੀ ਸਾਲ ਤੱਕ ਦੀਆਂ ਬਜ਼ੁਰਗ ਔਰਤਾਂ ਦੀ ਇੱਜ਼ਤ ਮਹਿਫ਼ੂਜ਼ ਨਹੀਂ ਹੈ।ਵਧ ਰਹੀ ਨਸ਼ੇਖੋਰੀ ਅਤੇ ਸੋਸ਼ਲ ਮੀਡੀਆ ਤੇ ਮਨੋਰੰਜਨ ਲਈ ਚਲਾਈਆਂ ਗਈਆਂ ਇਹੋ ਜਿਹੀਆਂ ਐਪਾਂ ਜਿਹਨਾਂ ਉੱਪਰ ਨਿਰੋਲ ਅਸ਼ਲੀਲ ਕੰਟੈਂਟ ਦਿਖਾਏ ਜਾਂਦੇ ਹਨ, ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਇਹਨਾਂ ਸਭਨਾਂ ਦਾ ਹੱਥ ਹੈ। ਉਹਨਾਂ ਉੱਤੇ ਵੀ ਕੋਈ ਕਾਨੂੰਨ ਜਾਂ ਹੱਦ ਬੰਦੀ ਹੋਣੀ ਚਾਹੀਦੀ ਹੈ।
          ਸਾਡੇ ਦੇਸ਼ ਵਿੱਚ ਹਰ ਰੋਜ਼ ਵਧਦੀਆਂ ਇਹੋ ਜਿਹੀਆਂ ਘਿਨੌਣੀਆਂ ਵਾਰਦਾਤਾਂ ‘ਤੇ ਨੱਥ ਪਾਉਣ ਲਈ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦਰਿੰਦਿਆਂ ਨੂੰ ਦੁਨੀਆਂ ਸਾਹਮਣੇ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਹੋ ਜਿਹੀ ਘਟਨਾ ਨੂੰ ਕੋਈ ਵੀ ਅੰਜਾਮ ਦੇਣ ਦੀ ਹਿੰਮਤ ਨਾ ਕਰ ਸਕੇ।
ਬਰਜਿੰਦਰ ਕੌਰ ਬਿਸਰਾਓ…
ਸੰਪਰਕ-9988901324
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਵਿਧਾਨ ਦਿਵਸ ‘ਤੇ ਡਾ. ਅੰਬੇਡਕਰ ਸਕੂਲ ਬੁਲੰਦਪੁਰ ‘ਚ ਵਿਦਿਆਰਥੀਆਂ ਨੂੰ ਜਰਸੀਆਂ ਤੇ ਸਵੈਟਰ ਵੰਡੇ
Next articleSAMAJ WEEKLY = 28/11/2025