ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗਾਰੀ ‘ਸਾਹਿਤ ਸੰਪਾਦਨ ਪੁਰਸਕਾਰ’ ,’ਅਣੂ’ ਦੇ ਸੰਪਾਦਕ ਸ਼੍ਰੀ ਸੁਰਿੰਦਰ ਕੈਲੇ ਨੂੰ ਦਿੱਤਾ ਗਿਆ। ਸਨਮਾਨ ਅਦਾ ਕਰਨ ਦੀ ਰਸਮ ਡਾ: ਜੋਗਿੰਦਰ ਸਿੰਘ ਨਿਰਾਲਾ, ਡਾ: ਸੁਰਜੀਤ ਬਰਾੜ ,ਪ੍ਰੋ. ਸੁਰਜੀਤ ਜੱਜ, ਪਵਨ ਹਰਚੰਦਪੁਰੀ, ਹਰਭਜਨ ਸਿੰਘ ਖੇਮਕਰਨੀ, ਰਾਹੁਲ ਰੁਪਾਲ, ਸਾਗਰ ਸਿੰਘ ਸਾਗਰ ਅਤੇ ਹੋਰ ਵਿਦਵਾਨਾਂ ਨੇ ਨਿਭਾਈ। ਯਾਦ ਰਹੇ ਕਿ ਸ਼੍ਰੀ ਸੁਰਿੰਦਰ ਕੈਲੇ ਨੇ ਅਣੂ ਨਾਂ ਦਾ ਮਿੰਨੀ ਰਸਾਲਾ ਕੋਲਕਾਤਾ ਤੋਂ 1972 ਵਿੱਚ ਕਹਾਣੀਕਾਰ ਗੁਰਪਾਲ ਸਿੰਘ ਲਿੱਟ ਨਾਲ ਮਿਲ ਕੇ ਆਰੰਭ ਕੀਤਾ ਸੀ। ਪਰਚੇ ਦਾ ਪਹਿਲਾ ਨਾਂ ‘ਅਣੂਰੂਪ ‘ ਸੀ ਜੋ ਬਾਅਦ ਵਿੱਚ ‘ਅਣੂ’ ਦੇ ਨਾਂ ਥੱਲੇ ਰਜਿਸਟਰਡ ਹੋਇਆ ਸੀ। ਇਸ ਸਾਲ ਪਰਚੇ ਦੀ ਪ੍ਰਕਾਸ਼ਨਾ ਦੇ 54 ਸਾਲ ਪੂਰੇ ਹੋ ਗਏ ਹਨ, ਜੋ ਸੰਪਾਦਕ ਦੀ ਮਿਹਨਤ ਤੇ ਸਿਰੜ ਦਾ ਨਤੀਜਾ ਹੈ। ਸੁਰਿੰਦਰ ਕੈਲੇ ਨੇ ਟਰੱਸਟੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਣੂ ਅਤੇ ਮੁਹਾਂਦਰਾ ਸਮਕਾਲੀ ਪਰਚੇ ਹਨ ਜਿੰਨਾ ਦੀ ਪ੍ਰਕਾਸ਼ਨਾ ਤਤਕਾਲੀ ਰਾਜਸੀ ਤੇ ਸਮਾਜਿਕ ਪ੍ਰਸਥਿਤੀਆਂ ਦੇ ਗਰਭ ਚੋਂ ਸ਼ੁਰੂ ਹੋਈ। ਅਣੂ ਲੋਕਪੱਖੀ ਵਿਚਾਰਧਾਰਾ ਅਧੀਨ ਸਮਾਜਿਕ ਜਾਗਰੂਕਤਾ ਪੈਦਾ ਕਰਨ ਲਈ ਪ੍ਰਤੀਬੱਧ ਹੈ। ਇਹ ਪੁਰਸਕਾਰ ਜਨਵਾਦੀ ਚੇਤਨਾ ਨੂੰ ਸਮਰਪਿਤ ਹੈ। ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗਾਰੀ ਟ੍ਰਸਟ ਦੇ ਚੇਅਰਮੈਨ ਡਾ: ਰਾਹੁਲ ਰੂਪਾਲ ਨੇ ਸਮਾਗਮ ਵਿੱਚ ਸ਼ਾਮਿਲ ਵਿਦਵਾਨਾਂ ਅਤੇ ਵੱਡੀ ਗਿਣਤੀ ਵਿੱਚ ਹਾਜ਼ਰ ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਸਗਰ ਸਿੰਘ ਸਾਗਰ ਹੋਰਾਂ ਨੇ ਬੜੀਆਂ ਯਾਦਗਾਰੀ ਘੜੀਆਂ ਦੇ ਹਵਾਲਿਆਂ ਨਾਲ ਸਫਲਤਾਪੂਰਵਕ ਨਿਭਾਇਆ।
HOME ‘ਸਾਹਿਤ ਸੰਪਾਦਨ’ ਪੁਰਸਕਾਰ ਨਾਲ ਸੁਰਿੰਦਰ ਕੈਲੇ ਨੂੰ ਸਨਮਾਨਿਤ ਕੀਤਾ ਗਿਆ



