HOME ਮੁਸ਼ਕਿਲਾਂ ਨਾਲ ਲੜਨ ਵਾਲਾ ਹੀ ਅਸਲ ਜੇਤੂ ਬਣਦਾ

ਮੁਸ਼ਕਿਲਾਂ ਨਾਲ ਲੜਨ ਵਾਲਾ ਹੀ ਅਸਲ ਜੇਤੂ ਬਣਦਾ

ਪਲਕਪ੍ਰੀਤ ਕੌਰ ਬੇਦੀ
  (ਸਮਾਜ ਵੀਕਲੀ)  ਜ਼ਿੰਦਗੀ ਇਕ ਦਰਿਆ ਵਾਂਗ ਹੈ ਕਦੇ ਸ਼ਾਂਤ ਤੇ ਕਦੇ ਤੂਫ਼ਾਨੀ। ਜਿਸ ਤਰ੍ਹਾਂ ਦਰਿਆ ਆਪਣਾ ਰਾਹ ਬਣਾਉਂਦੇ ਹੋਏ ਕਈ ਪੱਥਰਾਂ, ਰੁਕਾਵਟਾਂ ਅਤੇ ਮੋੜਾਂ ਨੂੰ ਪਾਰ ਕਰਦਾ ਹੈ, ਉਸੇ ਤਰ੍ਹਾਂ ਮਨੁੱਖੀ ਜ਼ਿੰਦਗੀ ਵੀ ਕਈ ਚੁਣੌਤੀਆਂ, ਉਤਾਰ–ਚੜ੍ਹਾਵ ਅਤੇ ਅਣਜਾਣ ਹਾਲਾਤਾਂ ਨਾਲ ਭਰੀ ਪਈ ਹੈ। ਹਰ ਇਨਸਾਨ ਦੇ ਜੀਵਨ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ, ਪਰ ਫਰਕ ਇਸ ਗੱਲ ਵਿੱਚ ਹੁੰਦਾ ਹੈ ਕਿ ਅਸੀਂ ਉਨ੍ਹਾਂ ਦਾ ਸਾਹਮਣਾ ਕਿਵੇਂ ਕਰਦੇ ਹਾਂ। ਕੁਝ ਲੋਕ ਡਰ ਕੇ ਹਾਰ ਮੰਨ ਲੈਂਦੇ ਹਨ ਤੇ ਰੁਕ ਜਾਂਦੇ ਹਨ, ਜਦਕਿ ਹਿੰਮਤੀ ਲੋਕ ਉਹਨਾਂ ਤੋਂ ਸਿੱਖ ਕੇ ਨਵੇਂ ਰਸਤੇ ਬਣਾਉਂਦੇ ਹਨ ਅਤੇ ਵਿਹੰਦੇ ਦਰਿਆ ਵਾਂਗ ਆਪਣੀ ਮੰਜਿਲ ਤੱਕ ਪਹੁੰਚਦੇ ਹਨ।ਮੁਸ਼ਕਿਲਾਂ ਸਾਨੂੰ ਆਪਣੀ ਤਾਕਤ ਦਿਖਾਉਣ ਤੇ ਹੋਰ ਮਜ਼ਬੂਤ ਬਣਨ ਦਾ ਮੌਕਾ ਦਿੰਦੀਆਂ ਹਨ। ਦਰਅਸਲ ਸਾਨੂੰ ਮੁਸ਼ਕਲਾਂ ਦਾ ਅਸਲ ਮਤਲਬ ਹੀ ਨਹੀਂ ਪਤਾ ਲੱਗਾ,ਮੁਸ਼ਕਲ ਸਿਰਫ਼ ਉਹ ਨਹੀਂ ਜੋ ਸਾਨੂੰ ਸਤਾਉਂਦੀ ਜਾਂ ਡਰਾਉਂਦੀ ਹੈ। ਇਹ ਤਾਂ ਉਹ ਸਥਿਤੀ ਹੈ ਜੋ ਸਾਨੂੰ ਆਪਣੇ ਆਪ ਨਾਲ ਮਿਲਾਉਂਦੀ ਹੈ। ਜ਼ਰਾ ਸੋਚੋ, ਕਿ ਜਦੋਂ ਇਨਸਾਨ ਸੁਖ-ਸੁਵਿਧਾਵਾਂ ਵਿੱਚ ਜਿਉਂਦਾ ਹੈ ਤਾਂ ਉਸਨੂੰ ਆਪਣੇ ਅੰਦਰ ਦੀ ਤਾਕਤ ਅਤੇ ਹਿੰਮਤ ਦਾ ਅਹਿਸਾਸ ਨਹੀਂ ਹੁੰਦਾ। ਪਰ ਜਦੋਂ ਮੁਸ਼ਕਿਲ ਆਉਂਦੀ ਹੈ ਤਾਂ ਉਹ ਆਪਣੀ ਅੰਦਰਲੀ ਤਾਕਤ ਦੀ ਮਦਦ ਨਾਲ ਹਰ ਮੁਸ਼ਕਿਲ ਦਾ ਹੱਲ ਲੱਭਦਾ ਹੈ ਅਤੇ ਆਪਣੀ ਅਸਲ ਸ਼ਖਸੀਅਤ ਨਾਲ ਜਾਣ-ਪਛਾਣ ਕਰਦਾ ਹੈ।  ਅਸਲ ਵਿੱਚ ਸਾਨੂੰ ਆਪਣੇ ਜੀਵਨ ਵਿੱਚ ਇਨ੍ਹਾਂ ਮੁਸ਼ਕਿਲਾਂ ਦੀ ਲੋੜ ਵੀ ਹੈ। ਸਭ ਤੋਂ ਪਹਿਲਾਂ ਤਾਂ ਤਾਕਤ ਦੇ ਅਹਿਸਾਸ ਲਈ,ਜਿਵੇਂ ਲੋਹਾ ਆਪਣੀ ਅਸਲ ਮਜ਼ਬੂਤੀ ਤਦ ਹੀ ਪਾਉਂਦਾ ਹੈ ਜਦੋਂ ਉਹ ਅੱਗ ਵਿੱਚ ਤਪਦਾ ਹੈ, ਉਸੇ ਤਰ੍ਹਾਂ ਇਨਸਾਨੀ ਜ਼ਿੰਦਗੀ ਦੀਆਂ ਮੁਸ਼ਕਲਾਂ ਵੀ ਸਾਨੂੰ ਘੜਨ ਅਤੇ ਨਿਖਾਰਨ ਦਾ ਕੰਮ ਕਰਦੀਆਂ ਹਨ। ਲੋਹੇ ਨੂੰ ਪਹਿਲਾਂ ਤਪਾ ਕੇ, ਫਿਰ ਵਾਰ–ਵਾਰ ਠੋਕ ਕੇ ਉਸ ਨੂੰ ਕੜਕ ਤੇ ਮਜ਼ਬੂਤ ਬਣਾਇਆ ਜਾਂਦਾ ਹੈ। ਇਸ ਤਾਪ ਅਤੇ ਠੋਕਰਾਂ ਦੇ ਬਿਨਾ ਲੋਹਾ ਨਾ ਆਪਣਾ ਰੂਪ ਧਾਰ ਸਕਦਾ ਹੈ, ਨਾ ਹੀ ਆਪਣੀ ਪੂਰੀ ਤਾਕਤ ਦਿਖਾ ਸਕਦਾ ਹੈ।ਉਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਆਈਆਂ ਮੁਸ਼ਕਲਾਂ ਸਾਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ। ਸਾਡੇ ਵਿੱਚ ਹਰ ਸਥਿਤੀ ਨੂੰ ਪਾਰ ਕਰਨ ਦੀ ਤਾਕਤ ਲਿਆਉਂਦੀਆਂ ਹਨ। ਫੇਰ ਜੀਵਨ ਦੀ ਕਦਰ ਕਰਨ ਲਈ।  ਕਹਿੰਦੇ ਹਨ ਕਿ ਜਿਹੜਾ ਦੁੱਖ ਨਹੀਂ ਵੇਖਦਾ, ਉਹ ਸੁੱਖ ਦੀ ਅਸਲੀ ਕੀਮਤ ਨਹੀਂ ਜਾਣ ਸਕਦਾ। ਇਹ ਗੱਲ ਸਾਡੇ ਜੀਵਨ ਦਾ ਇਕ ਗਹਿਰਾ ਸੱਚ ਹੈ। ਜਦੋਂ ਮਨੁੱਖ ਦੀ ਜ਼ਿੰਦਗੀ ਸਿਰਫ਼ ਸੁਖ–ਸੁਵਿਧਾਵਾਂ ਨਾਲ ਹੀ ਭਰੀ ਹੋਵੇ, ਤਾਂ ਉਹ ਖੁਸ਼ੀਆਂ ਨੂੰ ਇੱਕ ਆਮ ਚੀਜ਼ ਸਮਝਣ ਲੱਗਦਾ ਹੈ। ਉਸ ਨੂੰ ਨਾ ਤਾਂ ਉਨ੍ਹਾਂ ਦੀ ਕਦਰ ਰਹਿੰਦੀ ਹੈ ਤੇ ਨਾ ਹੀ ਉਨ੍ਹਾਂ ਦੇ ਮਿਲਣ ਦਾ ਅਨੰਦ ਪੂਰੀ ਤਰ੍ਹਾਂ ਮਹਿਸੂਸ ਹੁੰਦਾ ਹੈ। ਪਰ ਮੁਸ਼ਕਿਲ ਦੀ ਘੜੀ ਸਾਡੇ ਅੰਦਰ ਇੱਕ ਤਰ੍ਹਾਂ ਦੀ ਲਾਲਸਾ ਪੈਦਾ ਕਰਦੀ ਹੈ, ਉਹ ਸਾਨੂੰ ਉਮੀਦ ਨਾਲ ਜੀਉਣਾ ਸਿਖਾਉਂਦੀ ਹੈ। ਜਦੋਂ ਅਸੀਂ ਮੁਸ਼ਕਲਾਂ ਦੇ ਹਨੇਰੇ ਰਾਹਾਂ ਤੋਂ ਲੰਘਦੇ ਹਾਂ, ਤਾਂ ਰੌਸ਼ਨੀ ਦੀ ਇੱਕ ਕਿਰਨ ਵੀ ਸਾਡੇ ਲਈ ਬੇਅੰਤ ਖੁਸ਼ੀ ਲਿਆਉਂਦੀ ਹੈ। ਇੱਕ ਛੋਟੀ ਜਿੱਤ, ਇੱਕ ਛੋਟਾ ਸੁੱਖ, ਇੱਕ ਪਿਆਰ ਭਰਾ ਸ਼ਬਦ ਵੀ ਸਾਡੇ ਦਿਲ ਨੂੰ ਉਹ ਖੁਸ਼ੀ ਦਿੰਦਾ ਹੈ ਜੋ ਸ਼ਾਇਦ ਸਿੱਧੀ ਰਾਹ ਵਾਲੇ ਜੀਵਨ ਵਿੱਚ ਮਹਿਸੂਸ ਨਾ ਹੋ ਸਕੇ। ਇਹ ਮੁਸ਼ਕਿਲਾਂ ਹੀ ਸਾਨੂੰ ਸਿਖਾਉਂਦੀਆਂ ਹਨ ਕਿ ਖੁਸ਼ੀਆਂ ਦੀ ਉਡੀਕ ਅਤੇ ਕਦਰ ਕਿਵੇਂ ਕਰਨੀ ਹੈ। ਉਸ ਤੋਂ ਬਾਅਦ ਵਾਰੀ ਆਉਂਦੀ ਹੈ ਅਨੁਭਵ ਤੇ ਸਿੱਖਿਆ ਦੀ। ਜਿਹੜੀ ਸਿੱਖਿਆ ਸਾਨੂੰ  ਕਿਤਾਬਾਂ ਨਹੀਂ ਦੇ ਸਕਦੀਆਂ, ਉਹ ਕਈ ਵਾਰ ਮੁਸ਼ਕਿਲਾਂ ਦੇ ਅਨੁਭਵ ਹੀ ਦੇ ਦਿੰਦੇ ਹਨ। ਜੋ ਸਬਕ ਸਾਨੂੰ ਜ਼ਿੰਦਗੀ ਭਰ ਲਈ ਯਾਦ ਵੀ ਰਹਿੰਦੇ ਹਨ। ਜੇਕਰ ਅਸੀਂ ਧਿਆਨ ਨਾਲ ਮਹਿਸੂਸ ਕਰੀਏ ਤਾਂ ਮੁਸ਼ਕਿਲ ਭਰਿਆ ਸਮਾਂ ਹੀ ਸਾਡਾ ਸਭ ਤੋਂ ਵੱਡਾ ਸਬਕ ਹੁੰਦਾ ਹੈ। ਜੋ ਸਾਨੂੰ ਸਬਰ, ਸੰਤੋਖ ਅਤੇ ਹਿੰਮਤ ਸਿਖਾਉਂਦਾ ਹੈ,ਅਤੇ ਜੀਵਨ ਦੀਆਂ ਅਸਲੀ ਸੱਚਾਈਆਂ ਨਾਲ ਜਾਣੂ ਕਰਵਾਉਂਦਾ ਹੈ। ਹਰ ਵਾਰ ਜਦੋਂ ਅਸੀਂ ਇੱਕ ਮੁਸ਼ਕਿਲ ਹੱਲ ਕਰਦੇ ਹਾਂ ਤਾਂ ਅਸੀਂ ਆਪਣੇ ਅੰਦਰ ਇਕ ਨਵੀਂ ਤਾਕਤ ਦੀ ਖੋਜ ਵੀ ਕਰਦੇ ਹਾਂ। ਅੰਤ ਵਿੱਚ ਮੁਸ਼ਕਿਲਾਂ ਦਾ ਸੱਚ ਇਹ ਹੈ ਕਿ ਇਹ ਸਾਡੀ ਜਿੰਦਗੀ ਵਿੱਚ ਕੋਈ ਦੁਸ਼ਮਣ ਨਹੀਂ, ਸਗੋਂ ਇਹ ਤਾਂ ਸਭ ਤੋਂ ਵੱਡੀਆਂ ਮਿੱਤਰ ਹੁੰਦੀਆ ਹਨ। ਜੋ ਸਾਨੂੰ ਔਖੇ ਵੇਲਿਆਂ ‘ਚ ਵੀ ਅੱਗੇ ਵਧਣ ਦਾ ਅਹਿਸਾਸ ਕਰਾਉਂਦੀਆਂ ਹਨ।ਇਹ ਸਾਨੂੰ ਇੱਕ ਵਾਰ ਰੋਣ ਲਈ ਮਜਬੂਰ ਤਾਂ ਕਰਦੀਆਂ ਹਨ ਪਰ ਨਾਲ ਹੀ ਹੱਸਣ ਦੀ ਅਸਲੀ ਵਜ੍ਹਾ ਵੀ ਦੱਸਦੀਆਂ ਹਨ। ਜਿਹੜਾ ਇਨਸਾਨ ਮੁਸ਼ਕਿਲਾਂ ਦਾ ਸਾਹਮਣਾ ਹਿੰਮਤ ਨਾਲ ਕਰਦਾ ਹੈ, ਉਹੀ ਅਸਲ ਜੀਵਨ ਵਿਚ ਮੈਦਾਨ ਦਾ ਜੇਤੂ ਬਣਦਾ ਹੈ।
✍️ ਪਲਕਪ੍ਰੀਤ ਕੌਰ ਬੇਦੀ      
 ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਜਲੰਧਰ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੁਚੱਜੀ-ਕੁਚੱਜੀ(ਕਹਾਣੀ)
Next articleਕੁਦਰਤ ਤੋਂ ਪਾਰ ਨੀ ਬਣਿਆ