(ਸਮਾਜ ਵੀਕਲੀ) ਕੁਦਰਤ ਇਹ ਉਹ ਸ਼ਬਦ ਹੈ ਜਿਸ ਵਿੱਚ ਸਾਰੀ ਸ੍ਰਿਸ਼ਟੀ ਦੀ ਤਾਕਤ, ਸੁੰਦਰਤਾ ਅਤੇ ਅਸਲੀਅਤ ਸਮਾਈ ਹੋਈ ਹੈ। ਇਨਸਾਨ ਨੇ ਬੇਸ਼ਕ ਚੰਨ ਤੇ ਕਦਮ ਰੱਖ ਲਏ, ਤਾਰਿਆਂ ਨੂੰ ਮਾਪ ਲਿਆ, ਸਮੁੰਦਰਾ ਦੀ ਤਲ੍ਹੀ ਖੰਗਾਲ ਲਈ, ਪਰ ਫਿਰ ਵੀ ਇੱਕ ਅਦਿੱਖ ਹੱਦ ਹੈ ਜਿਸ ਤੋਂ ਪਾਰ ਉਹ ਅਜੇ ਤੱਕ ਨਹੀਂ ਲੰਘ ਸਕਿਆ। ਇਹ ਹੱਦ ਹੈ ਕੁਦਰਤ।
ਅਤੇ ਸੱਚ ਇਹ ਹੈ ਕਿ ਕੁਦਰਤ ਤੋਂ ਪਾਰ ਨੀ ਬਣਿਆ।
ਇਨਸਾਨ ਸਿਆਣਪ ਵਿੱਚ, ਖੋਜ ਵਿੱਚ, ਤਰੱਕੀ ਵਿੱਚ ਕਿੰਨਾ ਵੀ ਅੱਗੇ ਵੱਧ ਜਾਵੇ, ਪਰ ਉਹ ਅਜੇ ਵੀ ਕੁਦਰਤ ਦੀਆਂ ਲਕੀਰਾਂ ਵਿੱਚ ਬੰਨ੍ਹਿਆ ਹੋਇਆ ਹੈ। ਰਾਤ ਦੇ ਬਾਦ ਦਿਨ ਦਾ ਆਉਣਾ, ਮੌਸਮਾਂ ਦੀ ਤਬਦੀਲੀ, ਜਨਮ ਅਤੇ ਮੌਤ ਦਾ ਚੱਕਰ ਇਹ ਸਾਰੇ ਕਾਨੂੰਨ ਕੁਦਰਤ ਨੇ ਲਿਖੇ ਹਨ, ਅਤੇ ਇਨਸਾਨ ਕੋਲ ਇਨ੍ਹਾਂ ਵਿੱਚ ਦਖਲ ਦੇਣ ਦਾ ਅਧਿਕਾਰ ਨਹੀਂ।
ਅਸੀਂ ਸੋਚਦੇ ਹਾਂ ਕਿ ਤਕਨਾਲੋਜੀ ਨੇ ਸਾਨੂੰ ਬਹੁਤ ਤਾਕਤਵਰ ਬਣਾ ਦਿੱਤਾ ਹੈ। ਪਰ ਇੱਕ ਛੋਟੀ ਜਿਹੀ ਭੂਚਾਲ ਦੀ ਝਟਕਾ, ਇੱਕ ਤੂਫ਼ਾਨ ਦੀ ਗੂੰਜ, ਇੱਕ ਵਾਇਰਸ ਦੀ ਲਹਿਰ ਮਨੁੱਖਤਾ ਨੂੰ ਮਿੰਟਾਂ ਵਿੱਚ ਉਸਦੀ ਅਸਲੀ ਥਾਂ ਦੱਸ ਦਿੰਦੀ ਹੈ। ਇਹ ਯਾਦ ਦਿਵਾਉਂਦੀ ਹੈ ਕਿ ਕਿੰਨਾ ਵੀ ਅਹੰਕਾਰ ਕਰ ਲਈਏ, ਕੁਦਰਤ ਅੱਗੇ ਸਾਰੇ ਛੋਟੇ ਹਾਂ।
ਕੁਦਰਤ ਸਾਨੂੰ ਪਾਣੀ ਦਿੰਦੀ ਹੈ, ਹਵਾ ਦਿੰਦੀ ਹੈ, ਦਾਣਾ ਦਿੰਦੀ ਹੈ, ਜੀਵਨ ਦਿੰਦੀ ਹੈ। ਪਰ ਜਦੋਂ ਇਨਸਾਨ ਉਸੇ ਕੁਦਰਤ ਨਾਲ ਦੁਸ਼ਮਨੀ ਕਰ ਲੈਂਦਾ ਹੈ—ਜੰਗਲ ਕੱਟ ਦਿੰਦਾ ਹੈ, ਦਰਿਆ ਗੰਦੇ ਕਰ ਦਿੰਦਾ ਹੈ, ਮਿੱਟੀ ਨੂੰ ਜ਼ਹਿਰ ਕਰ ਦਿੰਦਾ ਹੈ ਤਾਂ ਕੁਦਰਤ ਚੁੱਪ ਦੌਰਾਨ ਨਹੀਂ ਰਹਿੰਦੀ। ਉਹ ਮੌਸਮਾਂ ਦੇ ਰੂਪ ਵਿੱਚ, ਬਾਰਿਸ਼ਾਂ ਦੇ ਰੂਪ ਵਿੱਚ, ਕਹਿਰਾਂ ਦੇ ਰੂਪ ਵਿੱਚ ਆਪਣਾ ਹੱਕ ਵਾਪਸ ਲੈ ਲੈਂਦੀ ਹੈ।
ਕਈ ਵਾਰ ਲਗਦਾ ਹੈ ਕਿ ਇਨਸਾਨ ਨੇ ਆਪਣੀ ਹੱਦ ਭੁੱਲ ਲਈ ਹੈ। ਉਹ ਸੋਚਦਾ ਹੈ ਕਿ ਹਰ ਚੀਜ਼ ਉਸਦੇ ਵੱਸ ਵਿੱਚ ਹੈ। ਪਰ ਜੀਵਨ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਜਿਹੜੇ ਕੁਦਰਤ ਨੂੰ ਨਹੀਂ ਸਮਝਦੇ, ਉਹ ਆਪਣੇ ਆਪ ਨੂੰ ਵੀ ਨਹੀਂ ਸਮਝ ਸਕਦੇ।
ਕੁਦਰਤ ਤੋਂ ਬਾਹਰ ਕੋਈ ਰਸਤਾ ਨਹੀਂ ਉਹੀ ਸਾਡਾ ਮੂਲ ਹੈ, ਉਹੀ ਸਾਡੀ ਤਾਕਤ ਹੈ, ਉਹੀ ਸਾਡੀ ਮੰਜਿਲ ਹੈ। ਇਨਸਾਨ ਤਾਂ ਸਿਰਫ਼ ਇੱਕ ਯਾਤਰੀ ਹੈ, ਜਦੋਂ ਕਿ ਕੁਦਰਤ ਸਦਾ ਤੋਂ ਹੈ ਅਤੇ ਸਦਾ ਰਹੇਗੀ।ਆਖ਼ਰ ਤੇ, ਸੱਚ ਸਿਰਫ਼ ਇਹੀ ਹੈ ਕੁਦਰਤ ਤੋਂ ਪਾਰ ਨੀ ਬਣਿਆ, ਤੇ ਸ਼ਾਇਦ ਕਦੇ ਬਣੇਗਾ ਵੀ ਨਹੀਂ।ਜੋ ਬਣਿਆ ਹੈ, ਉਹ ਇਸ ਨਾਲ ਜੀਣਾ, ਇਸਨੂੰ ਸਾਂਭਣਾ, ਤੇ ਇਸਦੀ ਇੱਜ਼ਤ ਕਰਨੀ ਹੈ।
ਮੰਜੂ ਰਾਇਕਾ
(ਭਿੰਡਰਾਂ) ਸੰਗਰੂਰ



