(ਸਮਾਜ ਵੀਕਲੀ)
ਮੈਂ ਹਾਕਮ ਵੀ ਤੇਰਾ, ਮੈਂ ਹੀ ਤੇਰਾ ਗੁਲਾਮ,
ਤੇਰੇ ਨਾਂ ਤੋਂ ਸ਼ੁਰੂ, ਤੇਰੇ ਤੱਕ ਹੀ ਅੰਜਾਮ।
ਮੈਂ ਹੀ ਮਸਲਾ ਤੇਰਾ, ਮੈਂ ਹੀ ਹਾਂ ਆਰਾਮ,
ਦੁਨੀਆਂ ਲਈ ਗੁੰਮਨਾਮ, ਤੇਰੇ ਲਈ ਖਾਸੋ-ਆਮ।
ਤੇਰੀ ਜਿੱਤ ਦਾ ਜਸ਼ਨ, ਮੇਰੀ ਹਾਰ ਦਾ ਜਵਾਬ,
ਤੇਰੀ ਚੁੱਪ ਦਾ ਹਾਂ ਸ਼ੋਰ, ਹਰ ਸਵਾਲ ਦਾ ਜਵਾਬ।
ਮੈਂ ਉਹ ਅਣਪੜ੍ਹੀ ਕਿਤਾਬ, ਜਿਸਦਾ ਕੋਈ ਨਾ ਹਿਸਾਬ,
ਤੂੰ ਸੱਚ ਹੈਂ ਮੇਰਾ, ਬਾਕੀ ਸਭ ਝੂਠੇ ਖ਼ੁਆਬ।
ਮੈਂ ਤੇਰੇ ਲਈ ਹਥਿਆਰ, ਤੇਰੇ ਬਣਾਂ ਮੈਂ ਢਾਲ,
ਮੈਂ ਐਸੀ ਇੱਕ ਸੱਟ, ਜੋ ਬਦਲ ਦੇਵੇ ਚਾਲ।
ਮੈਂ ਤੇਰਾ ਅੱਜ ਵੀ ਹਾਂ, ਤੇਰਾ ਹੀ ਕੱਲ੍ਹ,
ਜਦੋਂ ਦੁਨੀਆਂ ਹੋਵੇ ਖਿਲਾਫ, ਮੈਂ ਖੜ੍ਹਾਂ ਤੇਰੇ ਨਾਲ।
ਮੈਂ ਤੇਰਾ ਬੇਖੌਫ਼ ਇਰਾਦਾ, ਮੈਂ ਤੇਰੀ ਬੇਧੜਕ ਰਾਤ।
ਮੈਂ ਆਵਾਜ਼ ਤੇਰੇ ਅੰਦਰ ਦੀ, ਮੈਂ ਹੀ ਤੇਰੀ ਬਾਤ।
ਮੈਂ ਤੇਰਾ ਉਹ ਬਾਹੁਬਲ, ਜੋ ਦੇਵੇ ਹਰ ਇੱਕ ਨੂੰ ਮਾਤ,
ਤੂੰ ਮੇਰਾ ਦੀਨ-ਈਮਾਨ, ਤੂੰ ਹੀ ਮੇਰੀ ਜ਼ਾਤ।
ਤੇਰੇ ਖੂਨ ਵਿੱਚ ਗਰਮੀ, ਤੇਰੀ ਸੋਚ ਚ ਫਸਾਦ,
ਤੇਰੇ ਲਈ ਹਰ ਪਲ ਹਾਜ਼ਰ ׅ“ਖਿੱਚੀ”, ਬਣ ਕੇ ਤੇਰਾ ਨਵਾਬ।
ਦੁਨੀਆਂ ਲਈ ਹਾਂ ਸ਼ੱਕ, ਤੇਰੇ ਲਈ ਪੱਕਾ ਸਬੂਤ,
ਮੈਂ ਹੀ ਆਗਾਜ਼ ਤੇਰਾ, ਮੈਂ ਹੀ ਅਣਮਿੱਟ ਵਜੂਦ।
ਪ੍ਰੋ. ਪਵਨ ਖਿੱਚੀ, ਮਾਨਸਾ
ਮੋਬਾ. 9478160786



