HOME ਅੰਕੇ ਗੌਡਾ ਦੇ ਖ਼ਜਾਨੇ ‘ਚ ਹਨ ਲੱਖਾਂ ਹੀ ਕਿਤਾਬਾਂ

ਅੰਕੇ ਗੌਡਾ ਦੇ ਖ਼ਜਾਨੇ ‘ਚ ਹਨ ਲੱਖਾਂ ਹੀ ਕਿਤਾਬਾਂ

3
ਅੰਕੇ ਗੌਡਾ ਆਪਣੀ ਲਾਇਬ੍ਰੇਰੀ 'ਚ ਕਿਤਾਬਾਂ ਪੜ੍ਹਦੇ ਹੋਏ
ਬਲਦੇਵ ਸਿੰਘ ਬੇਦੀ

 (ਸਮਾਜ ਵੀਕਲੀ)  ਕਰਨਾਟਕ ਦੇ ਜ਼ਿਲ੍ਹਾ ਮੰਡਆ ਦੇ ਪਾਂਡਵਪੁਰਾ ਨੇੜੇ ਸਥਿਤ ਇੱਕ ਛੋਟਾ ਜਿਹਾ ਪਿੰਡ ਹੇਰਲਹਲੀ ਅੱਜ ਗਿਆਨ ਦੇ ਪ੍ਰੇਮੀਆਂ ਲਈ ਇਕ ਤੀਰਥ ਸਥਾਨ ਬਣ ਗਿਆ ਹੈ। ਇੱਥੇ ਰਹਿੰਦੇ 75 ਸਾਲਾਂ ਦੇ ਅੰਕੇ ਗੌਡਾ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਕਿਤਾਬਾਂ ਦੀ ਸੇਵਾ ਅਤੇ ਸੰਭਾਲ ਨੂੰ ਸਮਰਪਿਤ ਕੀਤੀ ਹੈ। ਉਨ੍ਹਾਂ ਦੇ ਘਰ ਦੀ ਹਰ ਕੰਧ, ਹਰ ਸ਼ੈਲਫ਼, ਹਰ ਕੋਨਾ ਹੁਣ ਇਕ ਵਿਸ਼ਾਲ ਲਾਇਬ੍ਰੇਰੀ ਦਾ ਰੂਪ ਧਾਰ ਚੁੱਕਿਆ ਹੈ, ਜਿਸ ‘ਚ ਲਗਭਗ ਦੋ ਲੱਖ ਕਿਤਾਬਾਂ ਦਾ ਖ਼ਜ਼ਾਨਾ ਸੰਭਾਲਿਆ ਹੋਇਆ ਹੈ। ਅੰਕੇ ਗੌਡਾ ਦਾ ਇਹ ਸ਼ੌਕ ਬਿਲਕੁਲ ਆਮ ਜਿਹੀ ਜ਼ਿੰਦਗੀ ਤੋਂ ਸ਼ੁਰੂ ਹੋਇਆ। ਸਿਰਫ਼ 20 ਸਾਲ ਦੀ ਉਮਰ ਵਿੱਚ ਜਦੋਂ ਉਹ ਬੱਸ ਕੰਡਕਟਰ ਵਜੋਂ ਕੰਮ ਕਰ ਰਹੇ ਸਨ ਤਾਂ ਉਹਨਾਂ ‘ਚ ਕਿਤਾਬਾਂ ਪ੍ਰਤੀ ਅਥਾਹ ਪਿਆਰ ਜਾਗਿਆ। ਬੱਸ ਦੇ ਲੰਬੇ ਸਫ਼ਰ ਦੌਰਾਨ ਉਹ ਵਿਹਲੇ ਸਮੇਂ ਵਿੱਚ ਅਕਸਰ ਕਿਤਾਬਾਂ ਪੜ੍ਹਦੇ ਰਹਿੰਦੇ ਅਤੇ ਪੜ੍ਹਦੇ-ਪੜ੍ਹਦੇ ਇੱਕ ਸਮਾਂ ਇਹੋ ਜਿਹਾ ਆ ਗਿਆ ਜਦੋਂ ਕਿਤਾਬਾਂ ਹੀ ਉਨ੍ਹਾਂ ਦੀ ਜ਼ਿੰਦਗੀ ਬਣ ਗਈਆਂ। ਉਨ੍ਹਾਂ ਨੇ ਆਪਣੀ ਨੌਕਰੀ ਛੱਡ ਕੇ ਕੰਨੜ ਸਾਹਿਤ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਅਤੇ ਤਿੰਨ ਦਹਾਕਿਆਂ ਤੱਕ ਇੱਕ ਸ਼ੂਗਰ ਫੈਕਟਰੀ ਵਿੱਚ ਨੌਕਰੀ ਕੀਤੀ।ਉਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਕਿਤਾਬਾਂ ਦੀ ਖਰੀਦ ‘ਤੇ ਹੀ ਖਰਚ ਹੁੰਦਾ ਰਿਹਾ। ਗੌਡਾ ਜੀ ਦਸਦੇ ਹਨ, “ਮੈਨੂੰ ਕਿਸੇ ਸ਼ਾਨਦਾਰ ਘਰ ਜਾਂ ਗਹਿਣਿਆਂ ਦੀ ਇੱਛਾ ਨਹੀਂ ਸੀ, ਮੇਰੇ ਲਈ ਮੇਰੀਆਂ ਕਿਤਾਬਾਂ ਹੀ ਸਭ ਤੋਂ ਵੱਡੀ ਦੌਲਤ ਹਨ ਅਤੇ ਇਹ ਖਜ਼ਾਨਾ ਅੱਜ ਤਕ ਵਧਦਾ ਹੀ ਜਾ ਰਿਹਾ ਹੈ।” ਆਪਣੇ ਇਸ ਸ਼ੌਂਕ ਲਈ ਉਨ੍ਹਾਂ ਨੇ ਆਪਣੀ  ਮੈਸੂਰ ਵਾਲੀ ਜਾਇਦਾਦ ਵੀ ਵੇਚ ਦਿੱਤੀ ਤਾਂ ਜੋ ਕਿਤਾਬਾਂ ਦੀ ਸੰਖਿਆ ਨੂੰ ਹੋਰ ਵਧਾਈ ਜਾ ਸਕੇ। ਉਹ ਕਹਿੰਦੇ ਹਨ, “ਜਦੋਂ ਮੇਰਾ ਘਰ ਕਿਤਾਬਾਂ ਨਾਲ ਭਰ ਗਿਆ ਤਾਂ ਮੈਂ ਉਨ੍ਹਾਂ ਨੂੰ ਰੋਕਿਆ ਨਹੀਂ ਸਗੋਂ ਹਰ ਕੰਧ ਨੂੰ ਵੀ ਗਿਆਨ ਦੇ ਮੰਦਰ ‘ਚ ਬਦਲ ਦਿੱਤਾ।”  ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਨਾਮ ਦਰਜ ਹੋਣ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਟੇਟ ਅਤੇ ਨੈਸ਼ਨਲ ਐਵਾਰਡ ਹਾਸਲ ਕਰ ਚੁੱਕੇ ਅੰਕੇ ਗੌਡਾ ਦੀ ਇਹ ਲਾਇਬ੍ਰੇਰੀ ਸਿਰਫ਼ ਪਿੰਡ ਲਈ ਹੀ ਨਹੀਂ ਸਗੋਂ ਸਾਰੇ ਕਰਨਾਟਕ ਅਤੇ ਦੇਸ਼ ਲਈ ਅੱਜ ਇੱਕ ਪ੍ਰੇਰਣਾਦਾਇਕ ਥਾਂ ਬਣ ਚੁੱਕੀ ਹੈ। ਇਸ ਲਾਇਬ੍ਰੇਰੀ ‘ਚ ਖੋਜਕਰਤਾ, ਵਿਦਿਆਰਥੀ, ਲੇਖਕ, ਸਿਵਲ ਸੇਵਾ ਦੇ ਉਮੀਦਵਾਰ, ਇੱਥੋਂ ਤੱਕ ਕਿ ਸੁਪਰੀਮ ਕੋਰਟ ਦੇ ਜੱਜ ਵੀ ਕਿਤਾਬਾਂ ਪੜ੍ਹਨ ਲਈ ਆਉਂਦੇ ਹਨ। ਗੌਡਾ ਜੀ ਨੇ ਕਦੇ ਵੀ ਕੋਈ ਫੀਸ ਜਾਂ ਮੈਂਬਰਸ਼ਿਪ ਸ਼ੁਲਕ ਨਹੀਂ ਰੱਖਿਆ ਕਿਉਂਕਿ ਉਹ ਮੰਨਦੇ ਹਨ ਕਿ ਗਿਆਨ ਉੱਤੇ ਕਿਸੇ ਇਕਲਿਆਂ ਦਾ ਹੱਕ ਨਹੀਂ ਹੁੰਦਾ,ਜਿਹੜਾ ਵੀ ਚਾਹੇ ਉਹ ਇੱਥੇ ਆਵੇ ਕਿਤਾਬਾਂ ਪੜ੍ਹੇ ਤੇ ਕੁਝ ਸਿੱਖ ਕੇ ਜਾਵੇ। ਉਨ੍ਹਾਂ ਨੇ ਆਪਣੇ ਕਿਤਾਬਾਂ ਦੇ ਇਸ ਮਹਾਂਸਾਗਰ ਵਿੱਚ ਲਗਭਗ ਪਜਾਹ ਹਜ਼ਾਰ ਤੋਂ ਵੱਧ ਵਿਦੇਸ਼ੀ ਕਿਤਾਬਾਂ ਅਤੇ ਪੰਜ ਹਜ਼ਾਰ ਤੋਂ ਵੱਧ ਸ਼ਬਦਕੋਸ਼ ਵੀ ਵੱਖ-ਵੱਖ ਭਾਸ਼ਾਵਾਂ ਵਿੱਚ ਸੰਭਾਲੇ ਹੋਏ ਹਨ। ਕਈ ਅਜਿਹੀਆਂ ਪੁਰਾਤਨ ਪੁਸਤਕਾਂ ਵੀ ਹਨ ਜੋ ਹੁਣ ਦੁਨੀਆ ਦੇ ਕਿਸੇ ਵੀ ਹੋਰ ਲਾਇਬ੍ਰੇਰੀ ‘ਚ ਨਹੀਂ ਮਿਲਦੀਆਂ। ਗ਼ੌਰਤਲਬ ਹੈ ਕਿ ਅਗਰ ਤੁਸੀਂ ਇਸ ਥਾਂ ‘ਤੇ ਆਓ, ਤਾਂ ਤੁਹਾਡਾ ਸਵਾਗਤ ਖੁੱਦ ਸ਼੍ਰੀ ਅੰਕੇ ਗੌਡਾ ਹੀ ਕਰਨਗੇ ਤੇ ਤੁਹਾਨੂੰ ਚਾਹੀਦੀ ਹਰ ਕਿਤਾਬ ਲੱਭ ਕੇ ਦੇਣ ਤੋਂ ਲੈ ਕੇ, ਇਸ ਪੁਸਤਕ ਭੰਡਾਰ ਦੀ ਸੈਰ ਕਰਵਾਉਣ ਤੱਕ ਸਾਰਾ ਕੰਮ ਉਹ ਆਪ ਹੀ ਕਰਦੇ ਹਨ। ਹੇਰਲਹਲੀ ਪਿੰਡ ਦਾ ਇਹ ਸਾਦਾ ਜਿਹਾ ਘਰ ਹੁਣ ਗਿਆਨ ਦਾ ਉਹ ਮੰਦਰ ਬਣ ਗਿਆ ਹੈ ਜਿੱਥੇ ਹਰ ਰੋਜ ਔਸਤਨ 50 ਤੋਂ 100 ਆਉਣ ਵਾਲੇ ਵਿਅਕਤੀ ਗੌਡਾ ਜੀ ਦੀਆਂ ਅੱਖਾਂ ਵਿੱਚ ਕਿਤਾਬਾਂ ਪੜ੍ਹਨ ਦੇ ਪ੍ਰੇਮ ਨੂੰ ਮਹਿਸੂਸ ਕਰਦੇ ਹਨ। ਅੰਕੇ ਗੌਡਾ ਆਪਣੇ ਇਸ “ਪੁਸਤਕ ਮਣੇ” (ਕਿਤਾਬਾਂ ਦਾ ਘਰ) ਵਿੱਚ ਹੀ ਰਹਿੰਦਾ ਹਨ। ਉੱਥੇ ਹੀ ਖਾਂਦੇ ਹਨ, ਸੌਂਦੇ ਹਨ, ਪੜ੍ਹਦੇ ਹਨ ਅਤੇ ਹਰ ਦਿਨ ਨਵੀਆਂ ਕਿਤਾਬਾਂ ਨਾਲ ਆਪਣੀ ਦੋਸਤੀ ਮਜ਼ਬੂਤ ਕਰਦੇ ਹਨਉਨ੍ਹਾਂ ਦੀ ਪਤਨੀ ਵਿਜੇਲਕਸ਼ਮੀ ਅਤੇ ਪੁੱਤਰ ਸਾਗਰ ਉਨ੍ਹਾਂ ਦੇ ਇਸ ਜੀਵਨ ਭਰ ਦੇ ਸਫ਼ਰ ਵਿੱਚ ਮਜ਼ਬੂਤ ਸਹਾਰਾ ਬਣੇ ਹੋਏ ਹਨ। ਅੱਜ ਅੰਕੇ ਗੌਡਾ ਦੇ ਇਸ ਸ਼ੌਂਕ ਨੇ ਇਹ ਸਾਬਤ ਕੀਤਾ ਕਿ ਜੇ ਮਨ ਵਿੱਚ ਜਨੂਨ ਹੋਵੇ ਤਾਂ ਇੱਕ ਆਮ ਆਦਮੀ ਵੀ ਪੂਰੀ ਦੁਨੀਆ ਲਈ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ। ਉਨ੍ਹਾਂ ਦੀ ਜ਼ਿੰਦਗੀ ਇਸ ਗੱਲ ਦਾ ਜੀਵੰਤ ਉਦਾਹਰਨ ਹੈ ਕਿ ਗਿਆਨ ਦੀ ਸੇਵਾ ਹੀ ਸਭ ਤੋਂ ਉੱਚੀ ਸੇਵਾ ਹੈ।

✍️ ਬਲਦੇਵ ਸਿੰਘ ਬੇਦੀ 
       ਜਲੰਧਰ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਂ ਬੋਲੀ ਪੰਜਾਬੀ ਤੇ ਸਿੱਖਿਆ ਖੇਤਰ ਵਿਚ ਪਾਏ ਅਹਿਮ ਯੋਗਦਾਨ ਲਈ ਯਾਦ ਰਹਿਣਗੇ ਪਿ੍ੰਸੀਪਲ ਪ੍ਰੀਤਮ ਸਿੰਘ ਸਰਗੋਧੀਆ
Next articleਟਰੈਕਟਰਾਂ ਮਗਰ ਲੈਟਰ ਵਾਲੀਆਂ ਮਸ਼ੀਨਾ ਤੇ ਓਵਰ ਲੋਡਿਡ ਵਾਹਨ ਦੇ ਰਹੇ ਹਾਦਸਿਆਂ ਨੂੰ ਸੱਦਾ