(ਸਮਾਜ ਵੀਕਲੀ) ਸਲਾਈਟ ਲੌਂਗੋਵਾਲ ਵਿੱਚ ਠੇਕੇਦਾਰੀ ‘ਤੇ ਜੌਬ ਕਰਦਾ ਸੀ। ਮੇਰੇ ਨਾਲ਼ ਇੱਕ ਮੂਨਕ ਵੱਲ ਦਾ ਮੁੰਡਾ ਸੀ। ਅਸੀਂ ਦੋਵੇਂ ਤੇ ਸਾਡੇ ਵਰਗੇ ਹੋਰ, ਰਿਹਾਇਸ਼ੀ ਕਵਾਟਰਾਂ ਵਿਚ ਕਾਲਜ ਦੀ ਪਹਿਲੀ ਮੰਜ਼ਿਲ ਉੱਤੇ ਰਹਿੰਦੇ ਸੀ ਤੇ ਸਾਬਕਾ ਫ਼ੌਜੀ ਜੋ ਸਕਿਉਰਿਟੀ ਗਾਰਡ ਸਨ,ਓਹ ਸਾਰੇ ਜ਼ਮੀਨ ਵਾਲ਼ੀ ਮੰਜ਼ਿਲ ਉੱਤੇ। ਕੁਆਰੇ ਈ ਸੀ ਅਸੀਂ ਤਾਂ ਤੇ ਸਾਬਕਾ ਫੌਜੀਆਂ ਵਿੱਚ ਜਿਆਦਾਤਰ ਪੁੱਤ-ਪੋਤਿਆਂ ਵਾਲ਼ੇ। ਇੱਕ ਹਰਿਆਣੇ ਵੱਲ ਦਾ ਪੰਜਾਬੀ ਫ਼ੌਜੀ ਸੀ। ਨਵੰਬਰ,ਦਸੰਬਰ,ਜਨਵਰੀ ਦੀ ਹੱਡ ਜੋੜਨ ਵਾਲ਼ੀ ਠੰਢ ਪੈ ਰਹੀ ਸੀ,ਓਸ ਸਾਲ। ਹੀਟਰ ਲਾਉਣ ਦੀ ਮਨਾਹੀ ਸੀ। ਸਟੋਵ ਉੱਤੇ ਪਾਣੀ ਗਰਮ ਕਰਨਾ,ਬਜਟ ਹਿਲਾਉਣ ਵਾਲ਼ਾ ਕੰਮ ਸੀ। ਅਸੀਂ ਕਿਵੇਂ ਨਾ ਕਿਵੇਂ ਤਾਜ਼ੇ ਪਾਣੀ ਨਾਲ਼ ਨਹਾਉਣ ਦਾ ਰਿਸਕ ਲੈਂਦੇ। ਇੱਕ ਦਿਨ ਮੈਂ ਬਾਲਕੋਨੀ ਤੋਂ ਹੇਠਾਂ ਦੇਖਿਆ ਤਾਂ ਹਰਿਆਣੇ ਵਾਲ਼ਾ ਓਹੀ ਕਰਨੈਲ ਫ਼ੌਜੀ, ਚੁੱਲ੍ਹੇ ਉੱਤੇ ਪਾਣੀ ਗਰਮ ਕਰ ਰਿਹਾ ਸੀ। ਮੈਂ ਨਾਲ਼ ਦੇ ਨੂੰ ਗੱਲ ਦੱਸੀ। ਸੁਣ ਕੇ ਉਹਨੇ ਹਾਂ ਕਰਤੀ। ਮੈਂ ਉੱਪਰੋਂ ਧਿਆਨ ਰੱਖਿਆ,ਜਦੋਂ ਪਾਣੀ ਐਨ ਭਾਫ਼ਾਂ ਛੱਡਣ ਲੱਗਾ ਤਾਂ ਦੇ ਤਾ ਘਟਨਾ ਨੂੰ ਅੰਜ਼ਾਮ। ਕਰਨੈਲ ਗੱਲਾਂ ਦਾ ਬੜਾ ਚਾਸੜੂ ਸੀ ਤੇ ਐਧਰ ਸੰਤਾਂ ਉੱਤੇ ਗੱਲਾਂ ਦੀ ਪੂਰੀ ਕ੍ਰਿਪਾ। ਮੈਂ ਹੇਠਾਂ ਗਿਆ। ਨੁੱਚੜਦੀਆਂ-ਨੁੱਚੜਦੀਆਂ ਗੱਲਾਂ ਕਰਦਾ,ਓਹਨੂੰ ਸਾਈਡ ਜਿਹੀ ‘ਤੇ ਲੈ ਗਿਆ। ਖੜ੍ਹਨ ਦਾ ਢੰਗ ਇਹ ਕਿ ਮੈਂ ਓਹਦੀ ਪਿੱਠ ਚੁੱਲ੍ਹੇ ਵੱਲ ਕਰ ਦਿੱਤੀ। ਉਪਰਲਾ ਆੜੀ ਠੰਢੇ ਪਾਣੀ ਵਾਲ਼ੀ ਤੇ ਖ਼ਾਲੀ ਬਾਲਟੀ ਲੈ ਹੇਠਾਂ ਆਇਆ। ਓਸਨੇ ਗਰਮ ਪਾਣੀ ਵਾਲ਼ੀ ਡਰੰਮੀ ਖ਼ਾਲੀ ਬਾਲਟੀ ‘ਚ ਉਲਟਾਈ,ਠੰਢੇ ਪਾਣੀ ਵਾਲ਼ੀ ਬਾਲਟੀ ਡਰੰਮੀ ‘ਚ ਉਲਟਾਈ ਤੇ ਗਰਮ ਪਾਣੀ ਲੈ ਉੱਪਰ ਜਾ ਚੜ੍ਹਿਆ। ਜਦੋਂ ਤੱਕ ਉੱਪਰੋਂ ਨਹਾਉਣ ਲਈ ਮੈਨੂੰ ਅਵਾਜ਼ ਨਾ ਆਈ,ਮੈਂ ਕਰਨੈਲ ਨੂੰ ਇੱਕ ਤੋਂ ਇੱਕ ਗੱਲ ਸੁਣਾਈ ਗਿਆ। ਮੈਂ ਪੌੜੀਆਂ ਚੜ੍ਹਨ ਲੱਗਾ ਤੇ ਕਰਨੈਲ ਡਰੰਮੀ ‘ਚ ਹੱਥ ਪਾਉਂਦਾ ਤੇ ਅਧ ਬੁਝੀਆਂ ਲੱਕੜਾਂ ਚੁੱਲ੍ਹੇ ਅੰਦਰ ਕਰਦਾ ਬੋਲਿਆ,”ਤੇਰੀਆਂ ਗੱਲਾਂ ਨੇ ਮੇਰਾ ਪਾਣੀ ਨ੍ਹੀਂ ਪੂਰਾ ਗਰਮ ਹੋਣ ਦਿੱਤਾ।” ਉੱਪਰ ਜਾ ਸਾਡੀ ਦੋਵਾਂ ਦੀ ਹਾਸੀ ਨਾ ਰੁਕੇ। ਇਹ ਸਿਲਸਿਲਾ ਰੈਸਟ ਵਾਲ਼ੇ ਦਿਨ ਨੂੰ ਛੱਡ, ਠੰਢਾਂ ਵਿਚ ਲਗਾਤਾਰ ਚਲਦਾ ਰਿਹਾ। ਫਰਵਰੀ ਦੀ ਕੋਸੀ ਜਿਹੀ ਧੁੱਪ ਵਿੱਚ ਮੈਂ ਕਰਨੈਲ ਕੋਲ਼ ਬੈਠਾ ਸੀ। ਜਦੋਂ ਪਾਣੀ ਵਾਲ਼ੀ ਗੱਲ ਸਾਂਝੀ ਕੀਤੀ ਤਾਂ ਕਰਨੈਲ ਮਨ ਜਿਹਾ ਭਰ ਆਇਆ। ਬੋਲਿਆ,”ਜਸਵਿੰਦਰ ਸਿਆਂ, ਪੁੱਤ ਥੋਨੂੰ ਐਂ ਸੀ ਬੀ ਫ਼ੌਜੀ ਦਾ ਅਸੀਂ ਰੋਜ਼ ਬੁੱਧੂ ਬਣਾਈ ਜਾਨੇ ਆਂ। ਥੋਡੀ ਸ਼ਰਾਰਤ ਤਾਂ ਮੈਂ ਪਹਿਲੇ ਦਿਨ ਈ ਪਕੜ ਲਈ ਸੀ।….ਥੋਡੇ ਦੋਵਾਂ ਵਰਗੇ ਮੇਰੇ ਦੋ ਪੋਤੇ ਨੇ।… ਜਦੋਂ ਪਿੰਡ ਜਾਵਾਂ, ਮੇਰੇ ਨਾਲ਼ ਬੜੀਆਂ ਸ਼ਰਾਰਤਾਂ ਕਰਦੇ ਨੇ।…..ਕਦੇ ਕੋਈ ਇੱਕ ਜੁੱਤੀ ਲੁਕੋ ਦਿੰਦਾ, ਕਦੇ ਕੋਈ ਗਰਮ ਪਾਣੀ ‘ਚ ਠੰਢਾ ਪਾਣੀ ਪਾ ਦਿੰਦਾ। ਐਡੇ ਸ਼ਰਾਰਤੀ ਨੇ, ਦੋਵੇਂ ਮੇਰੇ ਨਾਲ਼ ਰੋਟੀ ਖਾਣਗੇ।…. ਰੋਟੀ ਖਾਂਦੇ ਆਪਣੀ ਜਾਣ ‘ਚ ਚੋਰੀ,ਥਾਲ਼ ‘ਚ ਰੱਖੀ ਹਰੀ ਮਿਰਚ ਤੋੜ ਕੇ, ਮੇਰੇ ਪਾਸੇ ਵਾਲ਼ੀ ਦਾਲ਼ ਸਬਜ਼ੀ ‘ਚ ਡੁਬੋ ਦਿੰਦੇ ਨੇ। ਫੇਰ ਜਦੋਂ ਸੀ-ਸੀ ਕਰਦਾ ਮੈਂ ਪਾਣੀ ਦੇ ਗਲਾਸ ਵੱਲ ਹੱਥ ਕਰਦਾਂ ਤਾਂ ਝੱਟ ਆਵਦੇ ਮੂੰਹ ਨੂੰ ਗਲਾਸ ਲਾ ਲੈਂਦੇ ਨੇ…….।” ਓਹ ਆਪਣੇ ਪੋਤਿਆਂ ਦੀਆਂ ਕਿੰਨੀਆਂ ਹੀ ਨਿੱਕੀਆਂ-ਵੱਡੀਆਂ ਸ਼ਰਾਰਤਾਂ ਦਸਦਾ,ਕਦੀ ਰੋ ਪੈਂਦਾ ਕਦੀ ਹੱਸ ਪੈਂਦਾ। ਮੈਨੂੰ ਸਾਡੇ ਵੱਲੋਂ ਕੀਤੀਆਂ ਸ਼ਰਾਰਤਾਂ ਠੁੱਸ ਜਿਹੀਆਂ ਹੋਈਆਂ ਲੱਗੀਆਂ।
-ਜਸਵਿੰਦਰ ਪੰਜਾਬੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



