(ਸਮਾਜ ਵੀਕਲੀ) ਅੱਜ ਦੇ ਸਮੇਂ ਵਿੱਚ ਕਿਸ਼ੋਰ ਅਵਸਥਾ ਤੋਂ ਹੀ ਬੱਚਿਆਂ ਦੇ ਉੱਤੇ ਕੈਰੀਅਰ ਬਣਾਉਣ ਦਾ ਬਹੁਤ ਜਿਆਦਾ ਦਬਾਅ ਹੈ। ਬੱਚਿਆਂ ਨੂੰ ਇਹੀ ਗੱਲ ਪੁੱਛੀ ਜਾਂਦੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਤੇ ਤੁਸੀਂ ਕੀ ਬਣਨਾ ਹੈ? ਮਾਤਾ ਪਿਤਾ ਤੋਂ ਹਰ ਕੋਈ ਇਹੀ ਸਵਾਲ ਕਰਦਾ ਹੈ ਕਿ ਤੁਹਾਡੇ ਬੱਚੇ ਕੀ ਕਰ ਰਹੇ ਹਨ? ਕਿੰਨੇ ਨੰਬਰ ਆਏ ਹਨ? ਕਿਹੜਾ ਰੈਂਕ ਆਇਆ ਹੈ? ਸਾਡੇ ਆਲੇ ਦੁਆਲੇ ਤੇ ਸਮਾਜ ਵਿੱਚੋਂ ਆਏ ਇਹਨਾਂ ਸਵਾਲਾਂ ਦਾ ਦਬਾਅ ਮਾਂ ਬਾਪ ਤੇ ਤਾਂ ਬਣਦਾ ਹੀ ਹੈ ਪਰ ਬੱਚਿਆਂ ਤੇ ਬਹੁਤ ਜਿਆਦਾ ਬਣਦਾ ਹੈ।
ਬੱਚਿਆਂ ਦੀ ਕਾਰਗੁਜ਼ਾਰੀ ਨੂੰ ਸਟੇਟਸ ਨਾਲ ਜੋੜ ਲਿਆ ਗਿਆ ਹੈ। ਮਾਂ ਬਾਪ ਇਹ ਚਾਹੁੰਦੇ ਹਨ ਕਿ ਉਹਨਾਂ ਦਾ ਬੱਚਾ ਕੁਝ ਅਜਿਹਾ ਕਰੇ ਜਿਸ ਨਾਲ ਉਹ ਹੁੱਬ ਕੇ ਇਹ ਦੱਸਣ ਕਿ ਉਹਨਾਂ ਦੇ ਬੱਚੇ ਦੀ ਪ੍ਰਾਪਤੀ ਕੀ ਹੈ। ਪਰ ਕੀ ਇਹ ਜਰੂਰੀ ਹੈ ਕਿ ਹਰ ਬੱਚਾ ਉਸ ਪੱਧਰ ਤੇ ਪਹੁੰਚ ਸਕੇ? ਕਿ ਹਰ ਬੱਚੇ ਦੀ ਕਾਬਲੀਅਤ ਇੱਕੋ ਜਿਹੀ ਹੁੰਦੀ ਹੈ?
ਅਜਿਹਾ ਨਾ ਹੁੰਦਾ ਹੈ ਨਾ ਹੋ ਸਕਦਾ ਹੈ। ਇਸ ਗੱਲ ਨੂੰ ਨਾ ਸਮਝਣ ਕਰਕੇ ਹੀ ਬੱਚੇ ਦਬਾਅ ਹੇਠ ਜੀ ਰਹੇ ਹਨ।
ਉਹ ਉਮਰ ਜਿਸ ਵਿੱਚ ਬੱਚੇ ਨੂੰ ਮਾਂ ਬਾਪ ਦੀ ਸਭ ਤੋਂ ਜਿਆਦਾ ਜਰੂਰਤ ਹੁੰਦੀ ਹੈ ਉਸ ਸਮੇਂ ਉਸ ਤੋਂ ਦੂਰੀ ਬਣਾਈ ਜਾਂਦੀ ਹੈ ਕਿ ਉਹ ਪੜ੍ਹਾਈ ਕਰੇ। ਜਿਸ ਉਮਰ ਵਿੱਚ ਦੋਸਤਾਂ ਨਾਲ ਉਸਨੇ ਬਹੁਤ ਕੁਝ ਸਿੱਖਣਾ ਹੁੰਦਾ ਹੈ ਉਸ ਉਮਰ ਵਿੱਚ ਉਸਨੂੰ ਕੋਚਿੰਗ ਸੰਸਥਾਵਾਂ ਦੇ ਜਾਲ ਵਿੱਚ ਫਸਾ ਦਿੱਤਾ ਜਾਂਦਾ ਹੈ। ਬੱਚਾ ਕੋਚਿੰਗ ਸੰਸਥਾਨ ਤੋਂ ਘਰ ਘਰ ਤੋਂ ਕੋਚਿੰਗ ਸੰਸਥਾਨ ਬਸ ਇਸੇ ਵਿੱਚ ਉਲਝਿਆ ਰਹਿ ਜਾਂਦਾ ਹੈ। ਵੱਡੇ ਵੱਡੇ ਕੋਚਿੰਗ ਸੰਸਥਾਨ ਪੈਸੇ ਕਮਾਉਣ ਦੀਆਂ ਮਸ਼ੀਨਾਂ ਹਨ। ਮਾਂ ਬਾਪ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ।
ਉਹ ਸਿਰਫ ਇਹ ਚਾਹੁੰਦੇ ਹਨ ਕਿ ਉਹਨਾਂ ਦਾ ਬੱਚਾ ਕਰੋੜਾਂ ਦਾ ਪੈਕੇਜ ਲਵੇ ਬਿਨਾਂ ਇਹ ਸਮਝੇ ਕਿ ਬੱਚਾ ਕੀ ਚਾਹੁੰਦਾ ਹੈ। ਕਾਰਗੁਜ਼ਾਰੀ ਦਾ ਦਬਾਅ ਇਨਾ ਜਿਆਦਾ ਹੈ ਕਿ ਬੱਚੇ ਦੇ ਮਨ ਵਿੱਚ ਜੇ ਉਸ ਪੱਧਰ ਦੀ ਪ੍ਰਾਪਤੀ ਨਾ ਕਰ ਸਕੇ ਜਿਸ ਦੀ ਉਸ ਤੋਂ ਉਮੀਦ ਕੀਤੀ ਗਈ ਹੈ ਕੁੰਠਾ ਪੈਦਾ ਹੋ ਜਾਂਦੀ ਹੈ। ਉਸ ਨੂੰ ਆਪਣੇ ਆਪ ਤੋਂ ਹਿਕਾਰਤ ਹੋਣ ਲੱਗਦੀ ਹੈ। ਉਹ ਬਿਨਾਂ ਜ਼ਿੰਦਗੀ ਦੇ ਕਿਸੇ ਮੈਦਾਨ ਵਿੱਚ ਨਿਤਰੇ ਆਪਣੇ ਆਪ ਨੂੰ ਹਾਰਿਆ ਹੋਇਆ ਮੰਨ ਲੈਂਦਾ ਹੈ। ਇਹ ਹਾਰ ਉਸ ਦੇ ਅੰਦਰ ਇੰਨੀ ਗਹਿਰੀ ਬੈਠ ਜਾਂਦੀ ਹੈ ਕਿ ਜਦੋਂ ਕੁਝ ਨਹੀਂ ਕਰ ਸਕਦਾ।
ਦੋ ਢਾਈ ਸਾਲ ਦੇ ਬੱਚੇ ਤੋਂ ਉਮੀਦ ਸ਼ੁਰੂ ਹੋ ਜਾਂਦੀ ਹੈ ਕਿ ਉਹ ਪਰਫੋਰਮ ਕਰੇ। 14 ਸਾਲ ਦੀ ਉਮਰ ਤੋਂ ਬਾਅਦ ਤਾਂ ਇਹ ਦਬਾਅ ਬਹੁਤ ਜਿਆਦਾ ਵੱਧ ਜਾਂਦਾ ਹੈ। ਬੱਚੇ ਦਾ ਬਚਪਨ ਇਹਨਾਂ ਉਮੀਦਾਂ ਤੇ ਦਬਾਅ ਦੇ ਵਿੱਚ ਰੁਲ ਜਾਂਦਾ ਹੈ। ਕਦੀ ਧਿਆਨ ਕਰੋ ਅੱਜਕੱਲ ਦੇ ਬੱਚਿਆਂ ਦੇ ਦੋਸਤ ਨਹੀਂ ਹਨ। ਬੱਚੇ ਦੋਸਤਾਂ ਦੇ ਘਰ ਨਹੀਂ ਜਾਂਦੇ ਨਾ ਹੀ ਦੋਸਤ ਉਹਨਾਂ ਦੇ ਘਰ ਆਉਂਦੇ ਹਨ। ਪਰਫੋਰਮੈਂਸ ਦੇ ਚੱਕਰ ਵਿੱਚ ਮਾਂ ਬਾਪ ਇੱਕ ਸਰਵੀਲੀਅਂਸ ਕੈਮਰੇ ਵਾਂਗ ਉਹਨਾਂ ਦੇ ਦੁਆਲੇ ਘੁੰਮਦੇ ਹਨ। ਉਹ ਇਹ ਚਾਹੁੰਦੇ ਹਨ ਕਿ ਉਹੀ ਬੱਚੇ ਦੇ ਦੋਸਤ ਬਣਨ। ਇਹ ਬਹੁਤ ਚੰਗੀ ਗੱਲ ਹੈ ਕਿ ਉਹ ਬੱਚੇ ਦੇ ਦੋਸਤ ਬਣਨ ਪਰ ਬੱਚੇ ਨੂੰ ਹਮ ਉਮਰ ਦੋਸਤਾਂ ਦੀ ਵੀ ਜਰੂਰਤ ਹੈ।
ਜਿਹੜੀ ਸਾਂਝ ਬੱਚਾ ਆਪਣੇ ਹਮ ਉਮਰ ਦੋਸਤਾਂ ਨਾਲ ਪਾ ਸਕਦਾ ਹੈ ਉਹ ਮਾਂ ਬਾਪ ਨਾਲ ਸੰਭਵ ਨਹੀਂ। ਇਸ ਉਮਰ ਵਿੱਚ ਸ਼ਖਸੀਅਤ ਦੀ ਨੀਹ ਰੱਖੀ ਜਾਂਦੀ ਹੈ। ਅੱਧੇ ਨੂੰ ਮਜਬੂਤੀ ਦੇਣ ਲਈ ਪਾਣੀ ਪਾਉਣਾ ਪੈਂਦਾ ਹੈ ਤੇ ਮਿੱਟੀ ਨਰਮ ਰੱਖਣੀ ਪੈਂਦੀ ਹੈ। ਸਖਤ ਮਿੱਟੀ ਵਿੱਚ ਪੌਦਾ ਮਰ ਜਾਂਦਾ ਹੈ। ਬਸ ਇਹੀ ਭੁੱਲ ਅੱਜ ਕੱਲ ਮਾਂ ਬਾਪ ਆਪਣੇ ਬੱਚਿਆਂ ਨਾਲ ਕਰ ਰਹੇ ਹਨ। ਉਹਨਾਂ ਨੂੰ ਨਰਮ ਮਿੱਟੀ ਨਹੀਂ ਦੇ ਰਹੇ ਜਿੱਥੇ ਉਹ ਆਪਣੇ ਤਰੀਕੇ ਨਾਲ ਵੱਧ ਫੁੱਲ ਸਕਣ।
ਹਰ ਬੱਚੇ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਹੈ। ਪਰ ਹਰ ਬੱਚੇ ਦੇ ਅੰਦਰ ਇੱਕੋ ਪ੍ਰਤਿਭਾ ਨਹੀਂ ਹੈ। ਜੇ ਦੂਜੇ ਦੇ ਬੱਚੇ ਨੇ ਡਾਕਟਰੀ ਕੀਤੀ ਹੈ ਤਾਂ ਜਰੂਰੀ ਨਹੀਂ ਹੈ ਕਿ ਤੁਹਾਡਾ ਬੱਚਾ ਵੀ ਡਾਕਟਰ ਹੀ ਕਰੇਗਾ। ਇਸ ਸਾਰੇ ਰੌਲੇ ਗੌਲੇ ਵਿੱਚ ਬੱਚਾ ਅੰਦਰੋਂ ਅੰਦਰ ਇਕੱਲਾ ਹੁੰਦਾ ਜਾ ਰਿਹਾ ਹੈ। ਉਹ ਆਪਣੇ ਮਾਂ ਬਾਪ ਜੋ ਕਿ ਉਸਦੇ ਦੋਸਤ ਬਣੇ ਹੋਏ ਹਨ ਉਹਨਾਂ ਨਾਲ ਆਪਣਾ ਡਰ ਸਾਂਝਾ ਨਹੀਂ ਕਰ ਸਕਦਾ। ਉਸ ਨੂੰ ਪਤਾ ਹੈ ਕਿ ਉਸ ਤੋਂ ਉਮੀਦਾਂ ਬਹੁਤ ਜ਼ਿਆਦਾ ਹਨ। ਉਹ ਇਕੱਲੇਪਣ ਦਾ ਸ਼ਿਕਾਰ ਹੋ ਰਿਹਾ ਹੈ। ਉਸਦੇ ਡਰ ਉਸ ਤੇ ਹਾਵੀ ਹੋ ਜਾਂਦੇ ਹਨ ਜਦੋਂ ਉਹ ਉਸ ਪੱਧਰ ਦੀ ਕਾਰਗੁਜ਼ਾਰੀ ਨਹੀਂ ਦਿਖਾ ਸਕਦਾ ਜਿਸ ਦੀ ਉਸ ਤੋਂ ਉਮੀਦ ਕੀਤੀ ਗਈ ਹੈ।
ਦੋਸਤਾਂ ਦਾ ਹੌਸਲਾ ਬਹੁਤ ਵੱਡਾ ਹੁੰਦਾ ਹੈ। ਚੰਗੇ ਦੋਸਤ ਜਦੋਂ ਸਾਨੂੰ ਜ਼ਿੰਦਗੀ ਵਿੱਚ ਕੁਝ ਕਰ ਗੁਜਰਨਾ ਸਿਖਾਉਂਦੇ ਹਨ ਨਾਲ ਇਹ ਵੀ ਸਿਖਾਉਂਦੇ ਹਨ ਕਿ ਹਾਰ ਨੂੰ ਕਿਸ ਤਰ੍ਹਾਂ ਮਨਜ਼ੂਰ ਕਰਨਾ ਹੈ। ਲੱਖ ਦੋਸਤ ਬਣ ਜਾਵੋ ਤੁਸੀਂ ਆਪਣੇ ਬੱਚਿਆਂ ਦੇ ਪਰ ਹਮ ਉਮਰ ਦੀ ਦੋਸਤੀ ਦਾ ਮੁਕਾਬਲਾ ਨਹੀਂ ਕਰ ਸਕਦੇ। ਉਸ ਦੋਸਤੀ ਵਿੱਚ ਇੱਕ ਦੂਜੇ ਨੂੰ ਜੱਜ ਨਹੀਂ ਕੀਤਾ ਜਾਂਦਾ ਨਿਰਖਿਆ ਪਰਖਿਆ ਨਹੀਂ ਜਾਂਦਾ। ਉਸ ਦੋਸਤੀ ਵਿੱਚ ਇੱਕ ਦੂਜੇ ਨੂੰ ਕਬੂਲ ਕੀਤਾ ਜਾਂਦਾ ਹੈ। ਕਬੂਲੇ ਜਾਣ ਦਾ ਅਹਿਸਾਸ ਬੰਦੇ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਇੱਕ ਵਧੀਆ ਸ਼ਖਸੀਅਤ ਦਾ ਉਭਾਰ ਉਦੋਂ ਵੀ ਹੁੰਦਾ ਹੈ ਜਦੋਂ ਕੋਈ ਅੰਦਰੋਂ ਮਜਬੂਤ ਹੋਵੇ। ਖੋਖਲੇ ਦਰਖਤ ਜਰਾ ਜਿੰਨੀ ਹਨੇਰੀ ਵਿੱਚ ਡਿੱਗ ਪੈਂਦੇ ਹਨ।
ਕਿਸ਼ੋਰ ਅਵਸਥਾ ਵਿੱਚ ਦੋਸਤਾਂ ਦਾ ਖਾਸ ਮਹੱਤਵ ਹੁੰਦਾ ਹੈ। ਇਸ ਸਮੇਂ ਦੋਸਤ ਮਾਤਾ ਪਿਤਾ ਤੋਂ ਵੀ ਪਹਿਲਾਂ ਆ ਜਾਂਦੇ ਹਨ। ਬੱਚਾ ਆਪਣੇ ਦੋਸਤਾਂ ਤੇ ਬਹੁਤ ਭਰੋਸਾ ਕਰਦਾ ਹੈ। ਉਹਨਾਂ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਦਾ ਹੈ। ਦੋਸਤ ਨੂੰ ਹੌਸਲਾ ਵੀ ਦਿੰਦੇ ਹਨ। ਇੱਕੋ ਉਮਰ ਦੇ ਹੋਣ ਕਰਕੇ ਇੱਕ ਦੂਜੇ ਨੂੰ ਸਮਝਦੇ ਹਨ। ਅੱਜ ਜਦੋਂ ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਜੋੜ ਕੇ ਇੱਕ ਲਿਹਾਫ ਦੇ ਵਿੱਚ ਲਪੇਟ ਲਿਆ ਹੈ ਉਸ ਸਮੇਂ ਬੱਚੇ ਅੰਦਰੋਂ ਕਿੰਨੇ ਸਹਿਮੇ ਹੋਏ ਹਨ ਇਹ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਕਿਤੇ ਬਾਹਰ ਖਾਣ ਜਾਣਾ ਹੈ ਤਾਂ ਵੀ ਮਾਤਾ ਪਿਤਾ ਨਾਲ ਕਿਤੇ ਘੁੰਮਣ ਜਾਣਾ ਹੈ ਤਾਂ ਵੀ ਮਾਤਾ ਪਿਤਾ ਨਾਲ। ਇਹ ਸਮਝਣ ਦੀ ਲੋੜ ਹੈ ਕਿ ਬੱਚੇ ਦੀ ਆਪਣੀ ਸ਼ਖਸੀਅਤ ਨੂੰ ਵਧਣ ਫੁੱਲਣ ਦੇਣਾ ਵੀ ਜਰੂਰੀ ਹੈ। ਬਹੁਤ ਅਹਿਮ ਹੈ ਕਿ ਤੁਸੀਂ ਆਪਣੇ ਬੱਚੇ ਦੇ ਦੋਸਤਾਂ ਬਾਰੇ ਜਾਣਕਾਰੀ ਰੱਖੋ। ਉਸਨੂੰ ਸਹੀ ਸੰਗਤ ਬਾਰੇ ਦੱਸੋ ਤੇ ਬੁਰੀ ਸੰਗਤ ਤੋਂ ਬਚਾਓ ਪਰ ਇਸਦਾ ਮਤਲਬ ਇਹ ਨਹੀਂ ਕਿ ਉਸਨੂੰ ਦੋਸਤਾਂ ਤੋਂ ਦੂਰ ਰੱਖੋ।
ਅਸੀਂ ਛੋਟੇ ਪਰਿਵਾਰ ਦੇ ਨਾਂ ਤੇ ਬੱਚੇ ਨੂੰ ਦਾਦਾ ਦਾਦੀ ਤੋਂ ਦੂਰ ਕਰ ਦਿੱਤਾ ਹੈ। ਪਹਿਲਾਂ ਇਕੱਠੇ ਪਰਿਵਾਰਾਂ ਵਿੱਚ ਚਾਚੇ ਤਾਇਆਂ ਦੇ ਬੱਚੇ ਹਾਣ ਦੇ ਹੁੰਦੇ ਸਨ ਤੇ ਸਾਰੇ ਬੱਚੇ ਇਕੱਠੇ ਪਲਦੇ ਸਨ। ਉਹ ਭੈਣ ਭਰਾ ਵੀ ਹੁੰਦੇ ਸਨ ਤੇ ਦੋਸਤ ਵੀ। ਪਰ ਹੁਣ ਇਹ ਕਿਤੇ ਦਿਖਾਈ ਨਹੀਂ ਦਿੰਦਾ। ਹੁਣ ਹਰ ਕੋਈ ਆਪਣੇ ਸੀਮਿਤ ਦਾਇਰੇ ਵਿੱਚ ਜੀ ਰਿਹਾ ਹੈ। ਜਦੋਂ ਆਪਣਿਆਂ ਦੀ ਗਿਣਤੀ ਘੱਟਦੀ ਹੈ ਤਾਂ ਉਹਨਾਂ ਤੇ ਧਿਆਨ ਵੱਧ ਜਾਂਦਾ ਹੈ। ਇਹ ਵਧਿਆ ਹੋਇਆ ਧਿਆਨ ਅੰਦਰੋਂ ਕਿਸੇ ਕਮਜ਼ੋਰੀ ਦਾ ਸੂਚਕ ਵੀ ਹੁੰਦਾ ਹੈ। ਅਜਿਹੇ ਵਿੱਚ ਅਸੀਂ ਇੰਨੇ ਕੁ ਡਰੇ ਹੋਏ ਹੁੰਦੇ ਹਾਂ ਤੇ ਦੂਸਰੇ ਦੀ ਸ਼ਖਸੀਅਤ ਨੂੰ ਦਬਾ ਦਿੰਦੇ ਹਾਂ। ਇਹੀ ਗਲਤੀ ਅੱਜ ਦੇ ਮਾਂ ਬਾਪ ਕਰ ਰਹੇ ਹਨ।
ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਉਹਨਾਂ ਦੀ ਦੋਸਤੀ ਬੱਚੇ ਨੂੰ ਉਹ ਸਭ ਨਹੀਂ ਦੇ ਸਕਦੀ ਜੋ ਇੱਕ ਹਮ ਉਮਰ ਦੀ ਦੋਸਤੀ ਦੇ ਸਕਦੀ ਹੈ। ਬੱਚੇ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਰੱਖਣ ਦਾ ਮਤਲਬ ਇਹ ਨਹੀਂ ਕਿ 24 ਘੰਟੇ ਉਸ ਦਿਨ ਨਾਲ ਹੀ ਰਹੋ। ਵਾਰ ਵਾਰ ਫੋਨ ਕਰਦੇ ਰਹੋ। ਜੇ ਬੱਚਾ ਘਰ ਹੈ ਤਾਂ ਸੀਸੀ ਟੀਵੀ ਕੈਮਰੇ ਰਾਹੀਂ ਉਸਨੂੰ ਵੇਖਦੇ ਰਹੋ। ਇਸ ਸਭ ਨਾਲ ਕੁਝ ਹਾਸਿਲ ਨਹੀਂ ਹੋਣਾ। ਇਸ ਨਾਲ ਤੁਸੀਂ ਆਪਣੇ ਬੱਚੇ ਦੇ ਅੰਦਰ ਦੇ ਖਾਲੀ ਪੜਨ ਨੂੰ ਵਧਾ ਰਹੇ ਹੋ। ਉਸਨੂੰ ਉਸਦੇ ਹਿੱਸੇ ਦਾ ਅਸਮਾਨ ਦਿਓ। ਉਸਨੂੰ ਉੜਨ ਦਿਓ। ਹਾਂ ਉਸਨੂੰ ਇਨੀ ਅਪਣੱਤ ਦਿਓ ਕਿ ਉਹ ਉੜ ਕੇ ਤੁਹਾਡੇ ਕੋਲ ਵਾਪਸ ਆਵੇ। ਪਿਆਰ ਦਾ ਮਤਲਬ ਬੰਨ ਲੈਣਾ ਨਹੀਂ ਹੈ।
ਅੱਜ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਤੱਕ ਮਹਿਦੂਦ ਕਰ ਲਿਆ। ਇਸ ਦੇ ਸਿੱਟੇ ਦੋਵੇਂ ਪਾਸੇ ਬੁਰੇ ਨਿਕਲਦੇ ਹਨ। ਬੱਚਾ ਵੀ ਅੰਦਰੋਂ ਕਿਤੇ ਖਾਲੀ ਹੋ ਰਿਹਾ ਹੈ ਉਸਨੂੰ ਜਰੂਰਤ ਹੈ ਆਪਣੇ ਹਮ ਉਮਰ ਦੋਸਤਾਂ ਦੀ। ਤੁਸੀਂ ਵੀ ਆਪਣੇ ਆਪ ਨੂੰ ਉਸ ਤੱਕ ਰੱਖ ਕੇ ਆਪਣੇ ਲਈ ਬਹੁਤ ਸਾਰੇ ਰਾਹ ਬੰਦ ਕੀਤੇ ਹਨ। ਜਦੋਂ ਉਹ ਵੱਡਾ ਹੋ ਕੇ ਜ਼ਿੰਦਗੀ ਦੇ ਮੈਦਾਨ ਵਿੱਚ ਨਿਕਲੇਗਾ ਫਿਰ ਤੁਸੀਂ ਘਰੇ ਇਕੱਲੇ ਰਹਿ ਜਾਓਗੇ। ਉਹ ਖਾਲੀਪਨ ਤੁਹਾਡੇ ਤੋਂ ਵੀ ਸਹਾਰਿਆ ਨਹੀਂ ਜਾਏਗਾ।
ਇਹ ਮਾਨਸਿਕ ਰੋਗਾਂ ਵਿੱਚ ਗ੍ਰਸਤ ਹੋਣ ਦੀ ਨੀਹ ਅਸੀਂ ਆਪ ਬਣ ਰਹੇ ਹਾਂ ਆਪਣੇ ਲਈ ਵੀ ਤੇ ਆਪਣੇ ਬੱਚੇ ਲਈ ਵੀ।
ਬੱਚੇ ਵੱਲ ਧਿਆਨ ਦਿਓ ਪਰ ਉਸਨੂੰ ਦੋਸਤਾਂ ਵਿੱਚ ਜਿਉਂਦੇ ਹੋਏ ਦੋਸਤੀ ਦਾ ਸੁੱਖ ਮਾਨਣ ਦਾ ਸਮਾਂ ਦਿਓ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



