HOME ਕਿਤਾਬਾਂ ਜੋ ਮੈਂ ਪੜ੍ਹੀਆਂ

ਕਿਤਾਬਾਂ ਜੋ ਮੈਂ ਪੜ੍ਹੀਆਂ

ਮੂਲ ਚੰਦ ਸ਼ਰਮਾ
    (ਸਮਾਜ ਵੀਕਲੀ)  ਮੈਂ ਆਪ ਲੰਮੇਂ ਸਮੇਂ ਤੋਂ ਪੰਜਾਬੀ ਕਵਿਤਾ ਦਾ ਵਿਦਿਆਰਥੀ ਹੋਣ ਦੇ ਨਾਤੇ ਨਵੇਂ ਪੁਰਾਣੇ ਕਾਵਿ ਸੰਗ੍ਰਹਿ ਪੜ੍ਹਨਾ ਮੇਰਾ ਮੁਢਲਾ ਸ਼ੌਕ ਹੈ । ਇਸੇ ਹੀ ਲੜੀ ਅਧੀਨ ਅੱਜ ਮੈਂ ਬਹੁਤ ਹੀ ਹੋਣਹਾਰ ਉੱਭਰਦੀ ਕਵਿੱਤਰੀ ਨਿਵੇਦਿਤਾ ਸ਼ਰਮਾ ਦੀ ” ਨਿਵੇਦਿਤਾ ” ਨਾਮੀਂ ਹੀ ਪੁਸਤਕ ਪੜ੍ਹ ਕੇ ਹਟਿਆ ਹਾਂ , ਜਿਸ ਵਿੱਚ ਛੋਟੀਆਂ ਵੱਡੀਆਂ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਪੰਜ ਦਰਜਨ ਦੇ ਕਰੀਬ ਕਵਿਤਾਵਾਂ ਸ਼ਾਮਿਲ ਹਨ । ਇਨ੍ਹਾਂ ਰਚਨਾਵਾਂ ਵਿਚਲੇ ਵੰਨ ਸੁਵੰਨੇ ਵਿਸ਼ੇ , ਕਲਾਤਮਿਕ ਪੱਖ ਅਤੇ ਮਨੁੱਖਤਾਵਾਦੀ ਵਿਚਾਰਧਾਰਾ ਪੜ੍ਹਨ , ਮਾਨਣ , ਵਿਚਾਰਨ ਅਤੇ ਸੰਭਾਲਣ ਯੋਗ ਹੈ । ਨਿਵੇਦਿਤਾ ਵੱਲੋਂ ਮਨੁੱਖੀ ਜੀਵਨ ਅਤੇ ਸਮਾਜ ਨਾਲ਼ ਜੁੜੇ ਲਗਭਗ ਹਰ ਵਿਸ਼ੇ ਨੂੰ ਕਲਾ ਦੀ ਚਾਸ਼ਣੀ ਵਿੱਚ ਡੋਬ ਕੇ ਸਾਰਥਿਕ ਸੇਧ ਦੇਣ ਦੀ ਸਫ਼ਲ ਕੋਸ਼ਿਸ਼ ਕੀਤੀ ਗਈ ਹੈ ।
        ਭਾਵੇਂ ਉਸ ਦਾ ਇਹ ਪਹਿਲਾ ਉੱਦਮ ਹੈ ਪ੍ਰੰਤੂ ਲਿਖਤਾਂ ਕਿਸੇ ਪ੍ਰੌੜ ਸਾਹਿਤਕਾਰ ਦਾ ਭੁਲੇਖਾ ਪਾਉਂਦੀਆਂ ਹਨ । ਭਾਵੇਂ ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਹੀ ਬਹੁਤ ਵਧੀਆ ਹਨ ਪ੍ਰੰਤੂ ਕੁੱਝ ਇੱਕ ਤਾਂ ਕਮਾਲ ਦੀਆਂ ਹਨ । ਪੇਸ਼ ਹਨ ” ਰੂਹ – ਫੰਬਾ ” ਨਾਮੀਂ ਲੰਬੀ ਕਵਿਤਾ ਦੀਆਂ ਕੁੱਝ ਮੁਢਲੀਆਂ ਅਤੇ ਅਖੀਰਲੀਆਂ ਸਤਰਾਂ ,
       ਰੂਹ – ਫੰਬਾ ਚੁਗ ਸਾਹਾਂ ‘ਚੋਂ
       ਚਾਨਣੀ ਵਿੱਚ ਡੁਬੋਵਾਂ ,
       ਕਾਲ਼ੀ ਰਾਤ ਦੇ ਪੈਰਾਂ ਨੂੰ
       ਮੈਂ ਪੋਲੇ – ਪੋਲੇ ਧੋਵਾਂ ।
       ****************
ਅੰਤਲੀਆਂ —
        ਓਹਦੇ ਕਦਮਾਂ ਦੀ ਚਾਪ ਨਾ
        ਦਿਲ ਦੀ ਧੜਕ ਮਿਲਾਵਾਂ ,
        ਰਸਤਾ ਚੁੰਮਦੇ ਵੇਖਾਂ ਓਹਨੂੰ
        ਖ਼ੁਦ ਰਸਤਾ ਹੋ ਜਾਵਾਂ!!
        ਖ਼ੁਦ ਰਸਤਾ ਹੋ ਜਾਵਾਂ!!
        ******************
ਸੰਗਰੂਰ ਸ਼ਹਿਰ ਵਿੱਚ ਜੰਮੀਂ ਪਲ਼ੀ ਅਤੇ ਅੱਜ ਕੱਲ੍ਹ ਕੈਨੇਡਾ ਨਿਵਾਸੀ ਨਿਵੇਦਿਤਾ ਸ਼ਰਮਾ ਦਾ ਪਿਛੋਕੜ ਮੇਰੇ ਆਪਣੇ ਪਿੰਡ ਰਜਿੰਦਰਾ ਪੁਰੀ ( ਰੰਚਣਾਂ ) ਨਾਲ਼ ਸੰਬੰਧਿਤ ਹੈ । ਉਹ ਸਾਡੇ ਵੱਡੇ ਵੀਰ ਸਵਰਗੀ ਹਰੀ ਚੰਦ ਸ਼ਰਮਾ ਦੀ ਲਾਡਲੀ ਪੋਤਰੀ ਅਤੇ ਮੇਰੇ ਅਜ਼ੀਜ਼ ਸਤਵਿੰਦਰ ਕੁਮਾਰ ( ਛਿੰਦਾ ) ਦੀ ਸਪੁੱਤਰੀ ਹੈ ਇਸ ਲਈ ਇਹ ਮੇਰੇ ਹੀ ਨਹੀਂ ਸਾਡੇ ਸਾਰੇ ਪਿੰਡ ਨਿਵਾਸੀਆਂ ਲਈ ਮਾਣ ਦੀ ਗੱਲ ਹੈ ।
          ਮੈਂ ਨਿਵੇਦਿਤਾ ਦੇ ਇਸ ਪਲੇਠੇ ਕਦਮ ਦਾ ਸੁਆਗਤ ਕਰਦਾ ਹੋਇਆ ਮੁਬਾਰਕਬਾਦ ਅਤੇ ਸ਼ੁਭ ਕਾਮਨਾਵਾਂ ਭੇਂਟ ਕਰਦਾ ਹਾਂ । ਪੰਜਾਬੀ ਸਾਹਿਤ ਜਗਤ ਅਤੇ ਸਾਹਿਤ ਪ੍ਰੇਮੀਆਂ ਨੂੰ ਉਸ ਤੋਂ ਹੋਰ ਵੀ ਚੰਗੀਆਂ ਰਚਨਾਵਾਂ ਅਤੇ ਪੁਸਤਕਾਂ ਪੇਸ਼ ਕਰਨ ਦੀ ਆਸ ਉਮੀਦ ਹੈ । ਆਮੀਨ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਕਿਸ਼ੋਰ ਅਵਸਥਾ ਵਿੱਚ ਵਧ ਰਹੀ ਇਕੱਲਤਾ
Next articleਸ੍ਰੀ ਮੁਕਤਸਰ ਸਾਹਿਬ ਵਿੱਚ ਸਕੂਲ ਲੀਡਰਸ਼ਿਪ ਤੇ ਐਕਸੀਲੈਂਸ ਵਰਕਸ਼ਾਪ ਦਾ ਸਫਲ ਆਯੋਜਨ