HOME ਝਾਵਾ

ਝਾਵਾ

 ਦਿਲਪ੍ਰੀਤ ਕੌਰ ਗੁਰੀ
ਦਿਲਪ੍ਰੀਤ ਗੁਰੀ
 (ਸਮਾਜ ਵੀਕਲੀ)  ਇਸ ਕਾਲਜ ’ਚ ਪੜ੍ਹਾਉਂਦਿਆਂ ਮੈਨੂੰ 10 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਅੱਜ ਵੀ ਕਾਲਜ ’ਚ ਖ਼ੂਬ ਰੌਣਕ ਏ ਤੇ ਹਰ ਕੋਈ ਆਪਣੇ ਪਿਆਰੇ ਨੂੰ ਖੁਸ਼ ਕਰਨ ਦੀਆਂ ਵਿਉਂਤਾਂ ਘੜ ਰਿਹਾ ਏ। ਕੁੜੀਆਂ ਵੀ ਟੋਹਰ ਸ਼ੋਕੀਨੀ ਲਾ ਕੇ ਕਾਲਜ ਆ ਰਹੀਆਂ। ਫਰਵਰੀ ਦੇ ਮਹੀਨੇ ਬਣੇ ਇਸ ਪਿਆਰ ਦੇ ਹਫ਼ਤੇ ਦੀ ਰੰਗੀਨੀ ਵੇਖਣ ਯੋਗ ਏ। ਕਦੇ ਹੱਗ ਡੇ, ਕਦੇ ਚਾਕਲੇਟ ਡੇ, ਕਦੇ ਰੋਜ਼ ਡੇ ਤੇ ਕਦੇ ਪਰਪੋਜ਼ ਡੇ। ਹਰ ਸਾਲ ਈ ਫਰਵਰੀ ਦਾ ਇਹ ਹਫ਼ਤਾ ਇਸ ਤਰ੍ਹਾਂ ਹੀ ਕਾਲਜ ਵਿੱਚ ਰੌਣਕ ਤੇ ਰੋਚਕ ਹੋ ਜਾਂਦਾ। ਮੈਂ ਜਦ ਇਹਨਾਂ ਬੱਚਿਆਂ ਨੂੰ ਦੇਖਦੀ ਹਾਂ ਤਾਂ ਸੋਚਦੀ ਹਾਂ ਕਿ ਅੱਜ ਵੀ ਪਾਕ ਮੁਹੱਬਤ ਕਰਨ ਵਾਲੇ ਇਹਨਾਂ ਵਿੱਚ ਹੈਗੇ ਨੇ ਜਾਂ ਫਿਰ ਦਿਲ ਈ ਬਹਿਲਾਉਂਦੇ ਨੇ। ਮੈਨੂੰ ਅੱਜ ਵੀ ਯਾਦ ਏ ਜਦ ਮੈਂ ਸਕੂਲ ਵਿੱਚ ਬਾਰ੍ਹਵੀਂ ’ਚ ਪੜ੍ਹਦੀ ਸੀ ਤਾਂ ਮੈਨੂੰ ਇੱਕ ਮੁੰਡੇ ਨੇ ਸਕੂਲ ਦੀ ਬਗੀਚੀ ’ਚੋਂ ਹੀ ਤੋੜ ਕੇ ਗੁਲਾਬ ਦਾ ਫੁੱਲ ਮੇਰੇ ਅੱਗੇ ਕਰ ਦਿੱਤਾ। ਮੈਂ ਜਦ ਫੁੱਲ ਫੜ੍ਹਨ ਲੱਗੀ ਤਾਂ ਆਪਣੇ ਹੱਥ ਦੇਖੇ ਮੇਰੇ ਹੱਥ ’ਚ ਵਿਆਈਆਂ ਸਨ, ਫਟੇ ਹੱਥਾਂ ’ਚ ਕੱੁਝ ਮੈਲ ਵੀ ਸੀ। ਨਾਨਕੇ ਰਹਿੰਦੀ ਸੀ। ਮਾਂ ਦੀ ਮੌਤ ਤੋਂ ਬਾਅਦ ਮੈਨੂੰ ਨਾਨਕੇ ਲੈ ਗਏ ਤੇ ਪਾਪਾ ਨੇ ਹੋਰ ਵਿਆਹ ਕਰਾ ਲਿਆ ਸੀ। ਜਦੋਂ ਤੱਕ ਨਾਨੀ ਸੀ, ਜ਼ਿੰਦਗੀ ਵਧੀਆ ਸੀ ਪਰ ਜਦੋਂ ਨਾਨੀ ਵੀ ਦੁਨੀਆਂ ਤੋਂ ਤੁਰ ਗਈ ਤਾਂ ਮਾਮੀ ਨੇ ਤਾਂ ਨੌਕਰ ਈ ਬਣਾ ਦਿੱਤਾ ਸੀ, ਮਾਮਾ ਜੀ ਵੀ ਮਾਮੀ ਤੋਂ ਡਰਦੇ ਸਨ ਪਰ ਪਿੰਡ ’ਚ ਬਾਰ੍ਹਵੀਂ ਦਾ ਸਕੂਲ ਹੋਣ ਕਰਕੇ ਮੇਰੀ ਪੜ੍ਹਾਈ ਚੱਲ ਰਹੀ ਸੀ।  ਜਗਮੀਤ ਵੀ ਆਪਣੇ ਨਾਨਕੇ ਪਿੰਡ ਹੀ ਰਹਿੰਦਾ ਸੀ। ਸਾਡੇ ਉਹ ਦੋਵਾਂ ਦਾ ਨਾਨਕਾ ਪਿੰਡ ਸੀ, ਜਿੱਥੇ ਅਸੀਂ ਪੜ੍ਹਦੇ ਸੀ। ਉਸਨੇ ਜਦੋਂ ਮੈਨੂੰ ਗੁਲਾਬ ਦੇ ਕੇ ਪਰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪਣੇ ਹੱਥਾਂ ਦੀ ਹਾਲਤ ਦੇਖ ਮੈਂ ਹੱਥ ਪਿੱਛੇ ਕਰ ਲਏ ਤੇ ਮੇਰੀਆਂ ਅੱਖਾਂ ’ਚੋਂ ਹੰਝੂ ਆਪ ਮੁਹਾਰੇ ਨਿਕਲ ਆਏ, ਜੋ ਜਗਮੀਤ ਨੇ ਦੇਖ ਲਏ ਸਨ ਪਰ ਮੇਰੀ ਸਹੇਲੀ ਨੇ ਗੱਲ ਘੁਮਾਉਣ ਲਈ ਕਹਿ ਦਿੱਤਾ, ਝਾਵਾ ਜਿਹਾ ਨਾ ਹੋਵੇ ਤਾਂ, ਮੇਰੀ ਸਹੇਲੀ ਨੂੰ ਪਰਪੋਜ਼ ਕਰਦਾ।  ਜਗਮੀਤ ਉੱਥੋਂ ਚੁੱਪ ਕਰਕੇ ਚਲਾ ਗਿਆ। ਉਸ ਦਿਨ ਮੈਂ ਸਾਰਾ ਦਿਨ ਉਦਾਸ ਰਹੀ ਸਾਂ। ਛੁੱਟੀ ਟਾਇਮ ਮੇਰੀ ਸਹੇਲੀ ਨੇ ਮੈਨੂੰ ਆਣ ਕੇ ਇੱਕ ਗਿਫ਼ਟ ਦਿੱਤਾ, ਮੈਂ ਸਕੂਲ ਵਾਲੇ ਬੈਗ ’ਚ ਪਾ ਘਰ ਲੈ ਆਈ। ਘਰ ਆ ਕੇ ਇਕੱਲੇ ਬੈਠ ਜਦ ਖੋਲ੍ਹਿਆ। ਇਹ ਜਗਮੀਤ ਨੇ ਭੇਜਿਆ ਸੀ। ਇਸ ਵਿੱਚ ਇੱਕ ਚਿੱਠੀ, ਝਾਵਾ ਤੇ ਮਲ੍ਹਮ ਸੀ। ਮੈਂ ਹੈਰਾਨ ਹੋਈ। ਜਦ ਚਿੱਠੀ ਪੜ੍ਹੀ ਤਾਂ ਉਸ ਵਿੱਚ ਲਿਿਖਆ ਸੀ। ਗੁਰਮੀਤ, ਮੈਂ ਤੈਨੂੰ ਪਸੰਦ ਕਰਦਾ। ਤੇਰੀ ਆਪਣੀ ਮਰਜ਼ੀ ਏ, ਤੂੰ ਨਾਂਹ ਕਰ ਸਕਦੀ ਏ। ਮੈਨੂੰ ਪਤਾ ਏ, ਮਾਮੀ ਜੀ ਤੇਰੇ ਨਾਲ ਕੀ ਸਲੂਕ ਕਰਦੇ ਨੇ। ਤੇਰੇ ਹੱਥਾਂ ’ਤੇ ਜ਼ਖ਼ਮ ਵੇਖੇ ਨੇ। ਮੈਂ ਇਹ ਝਾਵਾ ਤੇ ਮਲ੍ਹਮ ਇਸ ਲਈ ਦਿੱਤੀ ਏ, ਕਿ ਤੂੰ ਇਸ ਝਾਵੇਂ ਨਾਲ ਆਪਣੇ ਹੱਥਾਂ ਤੋਂ ਸੁੱਕੀ ਤੇ ਖ਼ਰਾਬ ਚਮੜੀ ਸਾਫ਼ ਕਰ ਸਕੇ ਤੇ ਮਲ੍ਹਮ ਲਾ ਕੇ ਆਪਣੇ ਜ਼ਖ਼ਮ ਭਰ ਸਕੇ। ਤੇਰੀ ਸਹੇਲੀ ਨੇ ਮੈਨੂੰ ਝਾਵਾ ਕਿਹਾ, ਮੈਨੂੰ ਬੁਰਾ ਨਹੀਂ ਲੱਗਿਆ।  ਮੈਂ ਤੇਰੀ ਜ਼ਿੰਦਗੀ ’ਚ ਝਾਵਾ ਈ ਬਣਨਾ ਚਾਹੁੰਦਾ। ਮੈਂ ਤੇਰੀ ਉਦਾਸੀ ਨੂੰ ਇਸ ਸੁੱਕੀ ਚਮੜੀ ਵਾਂਗ ਲਾਹ ਦੇਣਾ ਚਾਹੁੰਦਾ ਤੇ ਆਪਣੇ ਪਿਆਰ ਨਾਲ ਮਲ੍ਹਮ ਬਣਨਾ ਚਾਹੁੰਦਾ। ਤੇਰੀ ਜ਼ਿੰਦਗੀ ਦੇ ਜ਼ਖ਼ਮ ਭਰਨਾ ਚਾਹੁੰਦਾ। ਮੈਨੂੰ ਤੇਰੀ ਉਡੀਕ ਰਹੇਗੀ। ਮੈਂ ਉਸ ਝਾਵੇ ਨਾਲ ਹੱਥ ਤੇ ਪੈਰ ਸਾਫ਼ ਕਰਦੀ ਮਲ੍ਹਮ ਲਾਉਂਦੀ। ਕੁੱਝ ਦਿਨਾਂ ’ਚ ਹੱਥ, ਪੈਰ ਸਾਫ਼ ਹੋ ਗਏ। ਮੈਨੂੰ ਆਪਣੇ ਈ ਹੱਥਾਂ, ਪੈਰਾਂ ਨੂੰ ਵੇਖ ਬਹੁਤ ਖੁਸ਼ੀ ਹੁੰਦੀ ਤੇ ਜਗਮੀਤ ਦੀ ਚਿੱਠੀ ਵਾਰ-ਵਾਰ ਪੜ੍ਹਦੀ। ਸਕੂਲ ’ਚ ਉਸਨੂੰ ਵੇਖਦੀ ਰਹਿੰਦੀ। ਹੌਲੀ-ਹੌਲੀ ਅਸੀਂ ਅੱਧੀ ਛੁੱਟੀ ਇੱਕ ਦੂਜੇ ਕੋਲ ਬੈਠਣ ਲੱਗੇ। ਮੇਰੀ ਜ਼ਿੰਦਗੀ ’ਚੋਂ ਉਸਦੇ ਪਿਆਰ ਨੇ ਸਾਰੀ ਉਦਾਸੀ ਖ਼ਤਮ ਕਰ ਦਿੱਤੀ। ਮੇਰੇ ਚਿਹਰੇ ’ਤੇ ਜ਼ਿੰਦਗੀ ’ਚ ਜਿਵੇਂ ਨਵੀਂ ਸਵੇਰ ਦਾ ਆਗਾਜ਼ ਹੋ ਗਿਆ। ਮੇਰੀ ਸਹੇਲੀ ਵੀ ਆਖਦੀ,” ਆ ਜਗਮੀਤ ਹੈ ਤਾਂ ਝਾਵਾ ਜਿਹਾ ਈ ਪਰ ਤੇਰੇ ਚਿਹਰੇ ’ਤੇ ਰੌਣਕ ਲੈ ਆਇਆ ਤੇ ਤੇਰੀ ਸਾਰੀ ਉਦਾਸੀ ਇਸ ਨੇ ਸਾਫ਼ ਕਰ ਦਿੱਤੀ ਏ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਏ, ਇਸ ਝਾਵੇ ਨੂੰ ਹੁਣ ਛੱਡੀਂ ਨਾ।” ਬਾਰ੍ਹਵੀਂ ਪਾਸ ਕਰਦਿਆਂ ਹੀ ਜਗਮੀਤ ਦੇ ਮਾਮਾ ਜੀ ਸਾਡੇ ਵਿਚੋਲੇ ਬਣ ਗਏ ਤੇ ਸਾਡਾ ਵਿਆਹ ਹੋ ਗਿਆ। ਜਗਮੀਤ ਨੇ ਆਪਣੀ ਪੜ੍ਹਾਈ ਵੀ ਚੱਲਦੀ ਰੱਖੀ ਤੇ ਮੇਰੀ ਵੀ। ਅੱਜ ਜਗਮੀਤ ਚੰਗੇ ਵਕੀਲ ਨੇ ਤੇ ਮੈਂ ਕਾਲਜ ’ਚ ਪ੍ਰੋਫ਼ੈਸਰ।  ਮੈਂ ਅੱਜ ਜਦੋਂ ਮੁੰਡਿਆਂ ਨੂੰ ਪਰਪੋਜ਼ ਕਰਨ ਲਈ ਵਿਉਂਤਾਂ ਬਣਾਉਂਦੇ ਦੇਖ ਰਹੀ ਹਾਂ ਤਾਂ ਸੋਚਦੀ ਆਂ ਕਿ ਇਹਨਾਂ ’ਚੋਂ ਵੀ ਕੋਈ ਝਾਵਾ ਹੈ, ਜੋ ਕਿਸੇ ਜ਼ਿੰਦਗੀ ’ਚੋਂ ਨੈਗਟੀਵਿਟੀ ਲਾਹ ਕੇ ਬਾਹਰ ਸਿੱਟ ਦੇਵੇ ਤੇ ਉਸ ਜ਼ਿੰਦਗੀ ਨੂੰ ਨਵੀਆਂ ਖ਼ੁਸ਼ੀਆਂ ਭਰੀ ਆਮਦ ਦੇਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਦਾ ਮਾਨਸਿਕ ਸੰਤੁਲਨ ਖਰਾਬ ਹੋ ਗਿਆ
Next articleਕਿਸ਼ੋਰ ਅਵਸਥਾ ਵਿੱਚ ਵਧ ਰਹੀ ਇਕੱਲਤਾ