(ਸਮਾਜ ਵੀਕਲੀ) ਸਾਡਾ ਦੇਸ਼ ਭਾਰਤ ਗੁਰੂਆਂ, ਪੀਰਾਂ, ਸੰਤਾਂ, ਫ਼ਕੀਰਾਂ, ਯੋਧਿਆਂ, ਜਰਨੈਲਾਂ ਦੀ ਧਰਤੀ ਹੈ । ਜਿਨ੍ਹਾਂ ਨੇ ਇਸ ਧਰਤੀ ਤੇ ਸਮੇਂ-ਸਮੇਂ ਸਾਰੀ ਦੁਨੀਆਂ ਤੇ ਰਹਿ ਰਹੀ ਮਨੁੱਖਤਾ ਨੂੰ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਇਆ । ਇਸੇ ਲੜੀ ਵਿੱਚ ਮਹਾਨ ਯੋਧੇ ਜਰਨੈਲ, ਭਗਤੀ ਅਤੇ ਸ਼ਕਤੀ ਦੇ ਸੁਮੇਲ, ਕਿਸਾਨੀ ਦੇ ਮੁਕਤੀਦਾਤਾ ਅਤੇ ਪਹਿਲੇ ਸਿੱਖ ਰਾਜ ਦੇ ਸੰਸਥਾਪਕ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਸਨ । ਜਿਨ੍ਹਾਂ ਦਾ ਜਨਮ ਰਾਮਦੇਵ ਰਾਜਪੂਤ ਦੇ ਘਰ ਕੱਤਕ ਸੁਦੀ 13 ਸੰਮਤ 1727, ਸੰਨ 1670 ਈਸਵੀ ਨੂੰ ਹੋਇਆ । ਮਾਤਾ ਪਿਤਾ ਨੇ ਇਹਨਾਂ ਦਾ ਨਾਮ ਲਛਮਣ ਦੇਵ ਰੱਖਿਆ । ਲਛਮਣ ਦੇਵ ਨੂੰ ਸ਼ਸਤਰ ਵਿੱਦਿਆ ਅਤੇ ਸ਼ਿਕਾਰ ਦਾ ਵੱਡਾ ਸ਼ੌਂਕ ਸੀ । ਇੱਕ ਦਿਨ ਗਰਭਵਤੀ ਮ੍ਰਿਗੀ ਮਾਰਨ ਤੇ ਅਜਿਹਾ ਵੈਰਾਗ ਹੋਇਆ ਕਿ ਸ਼ਸਤਰ ਵਿੱਦਿਆ ਤਿਆਗ ਕੇ ਵੈਸ਼ਨਵ ਜਾਨਕੀਪ੍ਰਸਾਦ ਸਾਧੂ ਦਾ ਚੇਲਾ ਬਣ ਗਿਆ ਅਤੇ ਨਾਮ ਮਾਧੋ ਦਾਸ ਰਖਾਇਆ । ਘਰ ਬਾਰ ਤਿਆਗ ਕੇ ਸਿੱਧ ਪੁਰਖ਼ ਬਣ ਗਿਆ । ਦੇਸ਼ਾਂ ਦਾ ਰਟਨ ਕਰਦਾ ਜਦ ਇਹ ਦੱਖਣ ਵਿੱਚ ਗੋਦਾਵਰੀ ਦੇ ਕਿਨਾਰੇ ਪੁੱਜਾ ਤਾਂ ਇਸ ਨੂੰ ਇਹ ਅਸਥਾਨ ਬਹੁਤ ਪਸੰਦ ਆਇਆ ਅਤੇ ਆਪਣਾ ਆਸ਼ਰਮ ਬਣਾ ਕੇ ਰਹਿਣ ਲੱਗਾ । ਸੰਮਤ 1765, 3 ਸਤੰਬਰ 1708 ਈਸਵੀ ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਗੋਦਾਵਰੀ ਨਦੀ ਦੇ ਕੰਢੇ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਂਰਾਸ਼ਟਰ) ਵਿਖੇ ਮਾਧੋ ਦਾਸ ਬੈਰਾਗੀ ਦੇ ਰੂਪ ਵਿੱਚ ਮਿਲਾਪ ਹੋਇਆ । ਗੁਰੂ ਜੀ ਦੇ ਦਰਸ਼ਨ ਅਤੇ ਉਪਦੇਸ਼ ਦਾ ਇਸ ਤੇ ਅਜਿਹਾ ਅਸਰ ਹੋਇਆ ਕਿ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਸਤਿਗੁਰੂ ਦਾ ਬੰਦਾ ਕਹਿ ਕੇ ਸਿੱਖ ਬਣਿਆ। ਕਲਗੀਧਰ ਪਾਤਸ਼ਾਹ ਨੇ ਇਸ ਨੂੰ ਅੰਮ੍ਰਿਤ ਛਕਾ ਕੇ ਨਾਮ “ਗੁਰਬਖ਼ਸ਼ ਸਿੰਘ” ਰੱਖਿਆ ਪਰ ਪੰਥ ਵਿੱਚ ਪ੍ਰਸਿੱਧ ਨਾਮ “ਬੰਦਾ” ਹੀ ਰਿਹਾ । ਇਸ ਤਰ੍ਹਾਂ ਗੁਰੂ ਸਾਹਿਬ ਨਾਲ਼ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅਲੌਕਿਕ ਮਿਲਾਪ ਤੋਂ ਬਾਅਦ ਭਗਤੀ ਤੇ ਸ਼ਕਤੀ ਦਾ ਰਸਤਾ ਦਸਮ ਪਿਤਾ ਦੇ ਥਾਪੜੇ ਨਾਲ ਅਖਤਿਆਰ ਕੀਤਾ । ਜਦੋਂ ਸਰਹਿੰਦ ਦੀ ਲ਼ਹੂ ਲੁਹਾਨ ਧਰਤੀ ਬਾਰੇ ਅਤੇ ਪੰਜਾਬ ਵਿੱਚ ਮੁਗਲਾਂ ਦੇ ਅੱਤਿਆਚਾਰ (ਜ਼ੁਲਮਾਂ) ਬਾਰੇ ਪਤਾ ਲੱਗਾ ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਮੁਗਲ ਸਾਮਰਾਜ ਦੇ ਜ਼ੁਲਮ ਖ਼ਿਲਾਫ਼ ਤਲਵਾਰ (ਕ੍ਰਿਪਾਨ) ਉਠਾਈ ਅਤੇ ਦਸਮ ਪਿਤਾ ਵੱਲੋਂ ਦਿੱਤੇ ਥਾਪੜੇ (ਆਸ਼ੀਰਵਾਦ) ਨਾਲ ਪੰਜਾਬ ਵੱਲ ਚੱਲੇ । ਗੁਰੂ ਜੀ ਨੇ 5 ਤੀਰ, 5 ਸਿੰਘ (ਬਾਬਾ ਬਿਨੋਦ ਸਿੰਘ, ਕਾਨ੍ਹ ਸਿੰਘ, ਬਾਜ ਸਿੰਘ, ਬਿਜੈ ਸਿੰਘ, ਰਾਮ ਸਿੰਘ), 20 ਸਾਥੀ, ਨਗਾਰਾ, ਨਿਸ਼ਾਨ ਸਾਹਿਬ ਦੇ ਕੇ ਜ਼ੁਲਮ ਨਾਲ ਟੱਕਰ ਲੈਣ ਲਈ ਤੋਰਿਆ । ਪੰਜਾਬ ਪੁੱਜ ਕੇ ਗੁਰਬਖਸ਼ ਸਿੰਘ ਨੇ ਗੁਰੂ ਸਾਹਿਬ ਦੇ ਹੁਕਮਾਂ ਦੀ ਤਾਮੀਲ ਕੀਤੀ । ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਦੇ ਹੁਕਮਾਂ ਦੀ ਅਵੱਗਿਆ ਕੀਤੀ ਸੀ, ਉਹਨਾਂ ਨੂੰ ਭਾਰੀ ਸਜ਼ਾ ਦਿੱਤੀ ।ਬਾਬਾ ਬੰਦਾ ਸਿੰਘ ਬਹਾਦਰ ਨੇ ਨੌ ਮਹੀਨੇ ਸ੍ਰੀਖੰਡਾ ਡੇਰਾ ਬੈਰਾਗੀ ਨੇੜੇ ਸੋਨੀਪਤ ਵਿਖੇ ਰਹਿ ਕੇ ਆਪਣੀ ਆਮ ਲੋਕਾਂ ਦੀ ਫ਼ੌਜ ਤਿਆਰ ਕੀਤੀ । ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲਾਂ ਦੇ ਅੱਤਿਆਚਾਰ ਦਾ ਸਾਹਮਣਾ ਕਰਦੇ ਹੋਏ 740 ਸਿੰਘਾਂ ਰੋਜ਼ਾਨਾ 100-100 ਸਿੰਘਾਂ (ਸਾਥੀਆਂ) ਦਾ ਕਤਲ ਕਰਨਾ, ਇੱਥੋਂ ਤੱਕ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਚਾਰ ਸਾਲਾਂ ਸਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਮੂੰਹ ਵਿੱਚ ਤੁੰਨਿਆ । ਸੋਨੀਪਤ, ਪਾਨੀਪਤ, ਸਮਾਣਾ, ਸੰਢੋਰਾ ਜੰਗਾਂ ਲੜਦੇ ਹੋਏ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ 12 ਮਈ 1710 ਈਸਵੀ (੧ ਹਾੜ ਸੰਮਤ 1767) ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਕਰਕੇ ਜਿੱਤ ਪ੍ਰਾਪਤ ਕੀਤੀ । 14 ਮਈ ਨੂੰ ਸਰਹਿੰਦ ਦੀ ਧਰਤੀ ਤੇ ਫਤਿਹ ਦਾ ਝੰਡਾ ਲਹਿਰਾਇਆ, ਗੌਰਵਮਈ ਇਤਿਹਾਸ ਸਿਰਜਿਆ ਗਿਆ ਅਤੇ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਥਾਪਿਆ । ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਗੌਰਵਮਈ ਇਤਿਹਾਸ ਸਿਰਜਣ ਵਾਲੇ, ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕਰਨ ਵਾਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਮ ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਸਮੂਹ ਟ੍ਰਸਟੀ ਵੱਲੋਂ ” ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿਆਣਾ)” ਦਾ ਨਿਰਮਾਣ ਕਰਵਾਇਆ ਗਿਆ ਹੈ । ਬਾਬਾ ਬੰਦਾ ਸਿੰਘ ਜੀ ਦੇ ਨਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਹਾਲ ਬਣਿਆ ਹੋਇਆ ਹੈ। ਜਿਸ ਵਿੱਚ ਵਿਸ਼ੇਸ਼ ਸਮਾਗਮ ਹੁੰਦੇ ਹਨ । ਇਸ ਹਾਲ ਵਿੱਚ ਚਾਰੇ ਪਾਸੇ ਦੀਵਾਰਾਂ ਤੇ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਬੋਰਡ ਟੰਗੇ ਹੋਏ ਹਨ । ਭਵਨ ਵਿਖੇ “ਸ਼ਬਦ ਪ੍ਰਕਾਸ਼ ਅਜਾਇਬ ਘਰ” ਵੀ ਬਣਿਆ ਹੋਇਆ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਗੁਰੂ ਸਾਹਿਬਾਨਾਂ, ਭਗਤਾਂ ਅਤੇ ਭੱਟਾਂ ਦੇ ਚਿੱਤਰਾਂ ਅਤੇ ਜੀਵਨ ਸੰਬੰਧੀ ਇਤਿਹਾਸਕ ਮਿਊਜ਼ੀਅਮ ਦਾ ਨੀਂਹ-ਪੱਥਰ ਮਾਨਯੋਗ ਐਸ.ਪੀ. ਸਿੰਘ ਉਬਰਾਏ ਵਿਸ਼ਵ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵੀ ਨੇ 12 ਮਈ 2014 ਈਸਵੀ ਨੂੰ “ਸਰਹਿੰਦ ਫਤਹਿ ਦਿਵਸ” ਦੇ ਪਵਿੱਤਰ ਦਿਹਾੜੇ ‘ਤੇ ਆਪਣੇ ਕਰ-ਕਮਲਾਂ ਨਾਲ ਰੱਖਿਆ । ਇਸ ਅਜਾਇਬ ਘਰ ਦੇ ਆਰੰਭ ਵਿੱਚ ਸੰਖੇਪ ‘ਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ, 6 ਗੂਰੂ ਸਾਹਿਬਾਨ, 15 ਭਗਤਾਂ, 4 ਗੁਰਸਿੱਖਾਂ, 11 ਭੱਟਾਂ (ਇੱਕ ਚਿੱਤਰ ਇਕੱਠਾ) ਦੇ ਚਿੱਤਰ ਹਨ । ਇਹਨਾਂ ਚਿੱਤਰਾਂ ਦੇ ਨਾਲ ਸੰਖੇਪ ਵਿੱਚ ਜੀਵਨ ਬਿਓਰਾ ਵੀ ਅੰਕਿਤ ਹੈ । ਸ਼ਬਦ ਪ੍ਰਕਾਸ਼ ਅਜਾਇਬ ਘਰ ਵਿਚਲੇ ਸਾਰੇ ਚਿੱਤਰ ਆਰ.ਐਮ. ਸਿੰਘ ਦੁਆਰਾ ਤਿਆਰ ਕੀਤੇ ਗਏ ਹਨ । ਭਵਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਸਨੀ ਉਬਰਾਏ ਲੈਬ ਐਂਡ ਡਾਇਗਨੋਸਟਿਕ ਸੈਂਟਰ ਵੀ ਚੱਲ ਰਿਹਾ ਹੈ । ਇਸ ਦੇ ਸੰਚਾਲਕ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਰਜਿ: ਅਤੇ ਸਹਿਯੋਗ, ਪ੍ਰਬੰਧਕ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟ੍ਰਸਟ (ਰਜਿ:) ਰਕਬਾ ਲੁਧਿਆਣਾ ਦਾ ਹੈ ।ਇਸ ਲੈਬੋਰੇਟਰੀ ਵਿੱਚ ਬਹੁਤ ਹੀ ਘੱਟ ਰੇਟਾਂ ਤੇ ਟੈਸਟ ਕੀਤੇ ਜਾਂਦੇ ਹਨ । ਲੈਬੋਰੇਟਰੀ ਦੇ ਖੁੱਲ੍ਹਣ ਦਾ ਸਮਾਂ ਗਰਮੀਆਂ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 4.30 ਵਜੇ ਤੱਕ ਅਤੇ ਸਰਦੀਆਂ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 4.30 ਵਜੇ ਤੱਕ ਦਾ ਹੈ । ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ 98725-30020, ਸ੍ਰ: ਕਰਨੈਲ ਸਿੰਘ ਗਿੱਲ ਪ੍ਰਧਾਨ 98157-32207, ਅਤੇ ਸ੍ਰ: ਜਸਵੰਤ ਸਿੰਘ ਛਾਪਾ ਪ੍ਰਧਾਨ (ਲੁਧਿਆਣਾ ਇਕਾਈ) 94655-15555 ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਕਰਨੈਲ ਸਿੰਘ ਐੱਮ.ਏ.ਲੁਧਿਆਣਾ
# 1138/63-ਏ, ਗੁਰੂ ਤੇਗ ਬਹਾਦਰ ਨਗਰ,
ਗਲ਼ੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ ਲੁਧਿਆਣਾ ।
Email :–[email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



