
ਜੋ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਚਿੱਤ ਚੇਤੇ ਨਹੀਂ ਰੱਖਦੇ ਉਹ ਦੇਸ਼ ਦੇ ਸੱਚੇ ਨਾਗਰਿਕ ਨਹੀਂ – ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਦੇਸ਼ ਦੀ ਅਣਖ ਦੀ ਖਾਤਿਰ ਸਿਰਫ 41 ਸਾਲ ਦੀ ਉਮਰ ਆਪਣੇ ਜੀਵਨ ਨੂੰ ਦੇਸ਼ ਦੇ ਲੇਖੇ ਲਗਾਉਣ ਵਾਲੇ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸ੍ਰ. ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਨਵ-ਨਿਯੁਕਤ ਅਤੇ ਨੌਜਵਾਨ ਪ੍ਰਧਾਨ ਲਾਇਨ ਦਿਨਕਰ ਸੰਧੂ ਨੇ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਚੂਹੇਕੀ ਵਿਖੇ ਪੈਟਰੋਲ ਪੰਪ ‘ਤੇ ਬੜੇ ਸ਼ਰਧਾ ਭਾਵ ਨਾਲ ਮਨਾਇਆ। ਲਾਇਨ ਦਿਨਕਰ ਸੰਧੂ ਨੇ ਕਿਹਾ ਜੇਕਰ ਅਸੀਂ ਕਿਸੇ ਵੀ ਇੱਕ ਸ਼ਹੀਦ ਦੀ ਗਾਥਾ ਮਨ ਚਿੱਤ ਨਾਲ ਪੜ੍ਹ ਸੁਣ ਲਈਏ ਤਾਂ ਅਸੀਂ ਮਨ ਅਤੇ ਸੋਚ ਪੱਖੋਂ ਦੇਸ਼ ਦੇ ਸੱਚੇ ਭਗਤ ਬਣ ਸਕਦੇ ਹਾਂ। ਯੂਬਾ ਪੀੜ੍ਹੀ ਨੂੰ ਆਪਣਾ ਧਿਆਨ ਲਾਸਾਨੀ ਸ਼ਹਾਦਤਾਂ ਵਾਲੇ ਸ਼ਹੀਦਾਂ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਹੀ ਸਮਾਜਿਕ-ਰਾਜਨੀਤਕ ਬੁਰਾਈਆਂ ਦਾ ਅੰਤ ਸੰਭਵ ਹੈ। ਸ਼ਹੀਦ ਊਧਮ ਸਿੰਘ ਜੀ ਨੇ ਆਪਣੀ ਸੋਚ ਨੂੰ ਦੇਸ਼ ਸੇਵਾ ਵਿੱਚ ਲਗਾਇਆ ਨਤੀਜਨ ਵਿਦੇਸ਼ ਦੀ ਧਰਤੀ ‘ਤੇ ਜਾ ਕੇ ਦੁਸ਼ਮਣ ਦੀ ਹਿੱਕ ਵਿੱਚ ਗੋਲੀ ਮਾਰ ਕੇ 1919 ਵਿੱਚ ਹੋਏ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ 13 ਮਾਰਚ 1940 ਨੂੰ ਲਿਆ। ਗੁਲਾਮੀ ‘ਚ ਜਕੜੇ ਹੋਏ ਹਿੰਦੁਸਤਾਨ ਨੂੰ ਗੋਰਿਆਂ ਤੋਂ ਆਜ਼ਾਦ ਕਰਵਾਇਆ। ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਅਤੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ, ਲਾਇਨ ਬਬਿਤਾ ਸੰਧੂ (ਟਰੈਜ਼ਰਰ), ਲਾਇਨ ਜਸਪ੍ਰੀਤ ਕੌਰ ਸੰਧੂ (ਸੈਕ੍ਰੇਟਰੀ) ਨੇ ਕਿਹਾ ਜੋ ਲੋਕ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਚਿੱਤ ਚੇਤੇ ਨਹੀਂ ਰੱਖਦੇ ਉਹ ਦੇਸ਼ ਦੇ ਸੱਚੇ ਨਾਗਰਿਕ ਨਹੀਂ ਹੋ ਸਕਦੇ। ਇਹ ਉਹ ਲੋਕ ਹੁੰਦੇ ਹਨ ਜੋ ਕਾਲੇ ਅੰਗਰੇਜ਼ ਬਣਕੇ ਦੇਸ਼ ਵਿੱਚ ਭਰਿਸ਼ਟਾਚਾਰ, ਅਰਾਜਕਤਾ, ਬਲਾਤਕਾਰ, ਦੰਗੇ ਫਸਾਦ, ਨਸ਼ੀਲੇ ਪਦਾਰਥ ਆਦਿ ਦੇ ਦਲਾਲ ਬਣਕੇ ਵੱਖ-ਵੱਖ ਅਹੁਦਿਆਂ ‘ਤੇ ਬੈਠਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮਜ਼ਾਕ ਪੂਰੀ ਦੁਨੀਆ ਵਿੱਚ ਉਡਾਉਂਦੇ ਹਨ। ਨੌਜਵਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨ ਮੌਕੇ ਲਾਇਨ ਸੀਤਾ ਰਾਮ ਸੋਖਲ, ਸੁਰਜੀਤ ਸਿੰਘ, ਸ਼੍ਰੀਮਤੀ ਸਰਬਜੀਤ ਕੌਰ, ਗਨੀ ਰਾਮੇਵਾਲ, ਲਵਪ੍ਰੀਤ ਰਾਜੋਵਾਲ ਸਮੇਤ ਕਲੱਬ ਦੇ ਸਮੂਹ ਅਫ਼ਸਰਾਂ ਨੇ ਜਿੱਥੇ ਸ਼ਰਧਾ ਭਾਵ ਨਾਲ ਦੀਪ ਬੱਤੀ ਜਗਾਕੇ, ਫੁੱਲਾਂ ਦੀ ਬਰਸਾਤ ਕੀਤੀ ਉੱਥੇ ਨੰਨ੍ਹੇ ਮੁੰਨੇ ਬੱਚਿਆਂ ਗੁਰਅੰਸ਼ ਸੋਖਲ, ਸ਼ਿਵਵੰਸ਼ ਸੰਧੂ ਅਤੇ ਚਿੰਟੂ ਨੇ ਸ਼ਰਧਾ ਸੁਮਨ ਭੇਂਟ ਕਰ ਆਪਣੇ ਅੰਦਰ ਦੇਸ਼ ਭਗਤੀ ਦੀ ਅਲਖ ਜਗਾਈ। ਕਲੱਬ ਪ੍ਰਧਾਨ (2023-24) ਲਾਇਨ ਸੋਮਿਨਾਂ ਸੰਧੂ, ਚੇਅਰਮੈਨ ਲਾਇਨ ਯੋਗੇਸ਼ ਗੁਪਤਾ ਐਡਵੋਕੇਟ, ਅਡਵਾਈਜ਼ਰ ਸ਼੍ਰੀਮਤੀ ਵਿਸ਼ੂ ਗੁਪਤਾ ਅਤੇ ਕਲੱਬ ਦੇ ਪੀ.ਆਰ.ਓ ਲਾਇਨ ਰਣਜੀਤ ਸਿੰਘ ਨੇ ਫੋਨ ਰਾਹੀਂ ਜੈ ਹਿੰਦ, ਭਾਰਤ ਮਾਤਾ ਦੀ ਜੈ ਦੀ ਜੈ-ਘੋਸ਼ ਕਰਕੇ ਦੇਸ਼ ਦੇ ਮਹਿਬੂਬ ਸ਼ਹੀਦ ਪ੍ਰਤੀ ਆਪਣਾ ਸਨੇਹ ਪ੍ਰਗਟ ਕੀਤਾ।

