(ਸਮਾਜ ਵੀਕਲੀ) ਅੱਜ ਮੋਬਾਇਲ ਫ਼ੋਨ, ਕੰਪਿਊਟਰ ਅਤੇ ਸੋਸ਼ਲ ਮੀਡੀਆ ਦਾ ਯੁੱਗ ਹੈ। ਇਸੇ ਕਰਕੇ ਬਹੁਤੇ ਲੋਕ ਪ੍ਰਿੰਟ ਰੂਪ ਵਿੱਚ ਛਪੀਆਂ ਅਖ਼ਬਾਰਾਂ, ਰਿਸਾਲੇ, ਪੁਸਤਕਾਂ ਆਦਿ ਪੜ੍ਹਨ ਦੀ ਥਾਂ ਇਨ੍ਹਾਂ ਨੂੰ ਮੋਬਾਇਲ , ਲੈਪਟਾਪ, ਕੰਪਿਊਟਰ ਆਦਿ ‘ਤੇ ਪੜ੍ਹਨ ਨੂੰ ਤਰਜੀਹ ਦੇਣ ਲੱਗ ਪਏ ਹਨ। ਜੇਕਰ ਜਰਾ ਗਹੁ ਨਾਲ਼ ਵੇਖਿਆ ਜਾਵੇ ਤਾਂ ਬਦਲਵੇਂ ਰੂਪ ਵਿੱਚ ਵਿਗਿਆਨ ਦੀਆਂ ਇਨ੍ਹਾਂ ਕਾਢਾਂ ਨੇ ਜਿੱਥੇ ਮਨੁੱਖਾ ਜੀਵਨ ਨੂੰ ਸੌਖਾ, ਸਰਲ ਅਤੇ ਸਸਤਾ ਬਣਾਇਆ ਹੈ, ਉੱਥੇ ਨਾਲ਼ ਦੀ ਨਾਲ਼ ਅੱਜ ਦੀ ਨੌਜਵਾਨ ਪੀੜ੍ਹੀ ਦੀ ਕਲਪਣਾ ਉਡਾਰੀ ਨੂੰ ਵੀ ਬਹੁਤ ਡੂੰਘੀ ਸੱਟ ਮਾਰੀ ਹੈ। ਪਰੰਤੂ ਇਹੋ ਜਿਹੀਆਂ ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਵੀ ਕੁਝ ਅਜਿਹੇ ਸਿਰੜੀ ਲੋਕ ਹੁੰਦੇ ਹਨ, ਜੋ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਦੁਆਰਾ ਸਮਾਜ ਭਲਾਈ ਦੇ ਚੰਗੇ ਕੰਮ ਕਰਨ ਦੇ ਰਾਹ ਤੁਰ ਪੈਂਦੇ ਹਨ। ਪੰਜਾਬ ਭਵਨ, ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਇੱਕ ਅਜਿਹੀ ਮਾਣਮੱਤੀ ਸ਼ਖ਼ਸੀਅਤ ਹਨ, ਜਿਨ੍ਹਾਂ ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ “ਨਵੀਆਂ ਕਲਮਾਂ ਨਵੀਂ ਉਡਾਣ” ਪ੍ਰੋਜੈਕਟ ਨਾਲ਼ ਜੋੜਨ ਦਾ ਸਲਾਹੁਣਯੋਗ ਉੱਦਮ ਕੀਤਾ ਹੈ। ਇਸ ਸਮੇਂ ਦੌਰਾਨ ਉਨ੍ਹਾਂ ਆਪਣੀ ਟੀਮ ਦੇ ਸਹਿਯੋਗ ਨਾਲ਼ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮੌਲਿਕ ਰਚਨਾਵਾਂ ਸਿਰਜਣ ਲਈ ਪ੍ਰੇਰਿਤ ਕੀਤਾ ਹੈ। ਸਕੂਲਾਂ ਵਿੱਚ ਪੜ੍ਹਦੇ ਇਹ ਵਿਦਿਆਰਥੀ ਜਦੋਂ ਆਪਣੀ ਲਿਖੀ ਮੌਲਿਕ ਰਚਨਾ ਨੂੰ ਪੁਸਤਕ ਰੂਪ ਵਿੱਚ ਛਪਿਆ ਆਪਣੇ ਸਾਹਮਣੇ ਦੇਖਦੇ ਹਨ, ਤਦ ਉਨ੍ਹਾਂ ਦਾ ਚਾਅ ਅਤੇ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਹੁੰਦਾ। ਜਦੋਂ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਸਾਹਿਤ ਸਿਰਜਣਾ ਦੇ ਰਾਹ ਪੈ ਜਾਂਦੇ ਹਨ, ਤਦ ਉਹ ਭਵਿੱਖ ਵਿੱਚ ਬਹੁਤ ਵਧੀਆ ਕਾਮਯਾਬ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਬਣ ਕੇ ਵਿਚਰਦੇ ਹਨ। ਇਹ ਹੋਰ ਵੀ ਮਾਣ ਕਰਨ ਵਾਲ਼ੀ ਗੱਲ ਹੈ ਕਿ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕ ਸਾਹਿਬਾਨ ਆਪਣੀ ਸਰਕਾਰੀ ਡਿਊਟੀ ਨਿਭਾਉਣ ਤੋਂ ਇਲਾਵਾ ਉਹ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੌਲਿਕ ਰਚਨਾਵਾਂ ਸਿਰਜਣ ਲਈ ਪ੍ਰੇਰਿਤ ਕਰ ਰਹੇ ਹਨ। ਉਹ ਬੱਚਿਆਂ ਦੀਆਂ ਲਿਖੀਆਂ ਰਚਨਾਵਾਂ ਦੀ ਸੋਧ ਸੁਧਾਈ ਕਰਦੇ ਹਨ। ਫ਼ਿਰ ਰਚਨਾਵਾਂ ਨੂੰ ਪੁਸਤਕ ਰੂਪ ਵਿੱਚ ਛਪਣ ਲਈ ਭੇਜਦੇ ਹਨ। ਅਧਿਆਪਕਾਂ ਦੇ ਇਸ ਕਾਰਜ ਦੀ ਸਲਾਹੁਤਾ ਕਰਨੀ ਬਣਦੀ ਹੈ। ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਹੁਣ ਤੱਕ ਇਕੱਤੀ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕੁੱਲ ਸੌ ਪੁਸਤਕਾਂ ਛਾਪਣ ਦਾ ਤਹੱਈਆ ਕੀਤਾ ਹੈ। “ਨਵੀਆਂ ਕਲਮਾਂ ਨਵੀਂ ਉਡਾਣ ਭਾਗ- 31” ਜ਼ਿਲ੍ਹਾ ਮਾਲੇਰਕੋਟਲਾ-2 ਦੇ ਮੁੱਖ ਸੰਪਾਦਕ ਮੈਡਮ ਕੁਲਦੀਪ ਕੌਰ ਖੰਨਾ ਅਤੇ ਸਹਿ ਸੰਪਾਦਕ ਮਾਸਟਰ ਕਮਲਜੀਤ ਸਿੰਘ ਮਤੋਈ ਹਨ। ਇਨ੍ਹਾਂ ਦੋਵਾਂ ਅਧਿਆਪਕ ਸਾਹਿਬਾਨ ਨੇ ਮਾਲੇਰਕੋਟਲਾ -2 ਦੇ ਵੱਖ-ਵੱਖ ਸਕੂਲਾਂ ਦੇ ਸਤਾਸੀ ਵਿਦਿਆਰਥੀਆਂ ਦੀ ਚੋਣ ਕਰਕੇ ਇੱਕ ਖ਼ੂਬਸੂਰਤ ਪੁਸਤਕ ਪ੍ਰਕਾਸ਼ਿਤ ਕਰਵਾਈ ਹੈ। ਇਸ ਵਿੱਚ ਇਕਤਾਲੀ਼ ਲੜਕੀਆਂ ਅਤੇ ਬਾਈ ਲੜਕਿਆਂ ਦੀ ਲਿਖੀ ਇੱਕ-ਇੱਕ ਕਵਿਤਾ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸੇ ਤਰ੍ਹਾਂ ਬਾਰਾਂ ਲੜਕੀਆਂ ਅਤੇ ਗਿਆਰਾਂ ਲੜਕਿਆਂ ਦੀਆਂ ਲਿਖੀਆਂ ਕਹਾਣੀਆਂ ਨੂੰ ਦਰਜ ਕੀਤਾ ਗਿਆ ਹੈ। ਬੇਸ਼ੱਕ ਸਾਰੇ ਬੱਚਿਆਂ ਦੀਆਂ ਲਿਖੀਆਂ ਰਚਨਾਵਾਂ ਬਹੁਤ ਹੀ ਪਿਆਰੀਆਂ ਅਤੇ ਦਿਲਚਸਪ ਹਨ। ਪਰੰਤੂ ਫ਼ੇਰ ਵੀ ਮੈਂ ਵੰਨਗੀ ਦੇ ਤੌਰ ‘ਤੇ ਪ੍ਰਭਜੋਤ ਸਿੰਘ, ਜਮਾਤ ਸੱਤਵੀ ਦੀ ਲਿਖੀ ਇੱਕ ਕਵਿਤਾ ਨੂੰ ਇੱਥੇ ਦਰਜ ਕਰ ਰਿਹਾ ਹਾਂ-
“ਕਿੰਨਾ ਸੋਹਣਾ ਕਿੰਨਾ ਨਿਆਰਾ, ਬਚਪਨ ਹੁੰਦਾ ਬੜਾ ਪਿਆਰਾ।
ਵੈਰ ਵਿਰੋਧ ਤੋਂ ਹੁੰਦਾ ਖ਼ਾਲੀ, ਝੂਠ ਫ਼ਰੇਬ ਦੀ ਚੜ੍ਹੇ ਨਾ ਲਾਲੀ।
ਝੂਠਾ ਕਦੇ ਨਾ ਲਾਵੇ ਲਾਰਾ, ਬਚਪਨ ਹੁੰਦਾ ਬੜਾ ਪਿਆਰਾ।
ਖੇਡੇ, ਮੱਲੇ, ਮੌਜ, ਉਡਾਵੇ, ਲੜ ਭਿੜ ਕੇ ਮੁੜ ਇੱਕ ਹੋ ਜਾਵੇ।
ਇੱਕ ਦੂਜੇ ਦਾ ਬਣੇ ਸਹਾਰਾ, ਬਚਪਨ ਹੁੰਦਾ ਬੜਾ ਪਿਆਰਾ।
ਸੋਹਣੇ ਮੁਖੜੇ ਭੋਲ਼ੇ ਭਾਲ਼ੇ, ਜਿਉਂ ਸ਼ੋ-ਰੂਮਾਂ ਵਿੱਚ ਸੰਭਾਲੇ।
ਮਾਤਾ ਪਿਤਾ ਦੀ ਅੱਖ ਦਾ ਤਾਰਾ, ਬਚਪਨ ਹੁੰਦਾ ਬੜਾ ਪਿਆਰਾ।
ਜਾਣ ਸਕੂਲੇ, ਰੋਣੇ ਭੌਣੇ, ਚਾਬੀ ਭਰ ਕੇ ਛੱਡੇ ਖਿਡੌਣੇ।
ਸੁੰਦਰ ਲਗਦਾ ਬੜਾ ਨਜ਼ਾਰਾ, ਬਚਪਨ ਹੁੰਦਾ ਬੜਾ ਪਿਆਰਾ।
ਡਾ. ਇਕਬਾਲ ਸਿੰਘ ਸਕਰੌਦੀ।
ਗਲ਼ੀ ਨੰਬਰ 06, ਥਲੇਸ ਬਾਗ਼ ਕਲੋਨੀ, ਸੰਗਰੂਰ।
84276-85020.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



