9 ਜੁਲਾਈ ਨੂੰ ਸ਼ਹੀਦੀ ਦਿਵਸ ‘ਤੇ
(ਸਮਾਜ ਵੀਕਲੀ) ਭਾਈ ਮਨੀ ਸਿੰਘ ਜੀ ਸਿੱਖ ਇਤਿਹਾਸ ਦੀ ਇੱਕ ਮਹਾਨ ਹਸਤੀ ਸਨ । ਆਪ ਦਾ ਜਨਮ 10 ਮਾਰਚ ਸੰਨ 1644 ਈ: ਚੇਤਰ ਸੁਦੀ 12, ਸੰਮਤ 1701 ਬਿਕਰਮੀ ਨੂੰ ਭਾਈ ਮਾਈ ਦਾਸ ਦੇ ਘਰ ਹੋਇਆ । ਸ਼ਹੀਦ ਬਿਲਾਸ ਅਨੁਸਾਰ ਆਪ ਦੇ ਵੱਡੇ ਵਡੇਰਿਆਂ ਦਾ ਸੰਬੰਧ ਦੀਪ ਬੰਸ ਦੇ ਪੰਵਾਰ ਰਾਜਪੂਤ ਘਰਾਣੇ ਨਾਲ ਸੀ, ਜੋ ਮੁਲਤਾਨ ਦੇ ਨੇੜੇ ਅਲੀਪੁਰ ਦੇ ਰਹਿਣ ਵਾਲੇ ਸਨ। ਇੰਦਰਜੀਤ ਸਿੰਘ ਜੋਧਕਾ ਅਨੁਸਾਰ ਭਾਈ ਮਨੀ ਸਿੰਘ ਦਾ ਜਨਮ 10 ਮਾਰਚ ਸੰਨ 1644 ਈ: ਦਿਨ ਐਤਵਾਰ ਚੇਤਰ ਸੁਦੀ ਬਾਰ੍ਹਵੀਂ ਸੰਮਤ 1701 ਬਿਕਰਮੀ ਨੂੰ ਭਾਈ ਮਾਈ ਦਾਸ ਦੇ ਗ੍ਰਹਿ ਪਿੰਡ ਅਲੀਪੁਰ ਜ਼ਿਲਾ ਮੁਜ਼ੱਫਰਗੜ੍ਹ ਰਿਆਸਤ ਮੁਲਤਾਨ (ਹਾਲ ਪਾਕਿਸਤਾਨ) ਵਿਖੇ ਮਾਤਾ ਮੱਧਰੀ ਬਾਈ ਦੀ ਕੁੱਖੋਂ ਹੋਇਆ ।
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਭਾਈ ਮਨੀ ਸਿੰਘ ਦੁੱਲਟ ਚੌਧਰੀ ਕਾਲੀ ਦਾ ਪੁੱਤਰ ਸੀ । ਭਾਈ ਮਨੀ ਸਿੰਘ ਦਾ ਦੁੱਲਟ ਹੋਣਾ ਕੇਵਲ ਗਿਆਨੀ ਗਿਆਨ ਸਿੰਘ ਦੁੱਲਟ ਦੇ ਲੇਖ ਅਨੁਸਾਰ ਲਿਖਿਆ ਗਿਆ ਹੈ । ਅਨੇਕਾਂ ਸੱਜਣ ਭਾਈ ਮਨੀ ਸਿੰਘ ਦਾ ਜਨਮ ਕੈਂਬੋਵਾਲ ਵਿੱਚ ਮੰਨਦੇ ਹਨ ਪਰ ਪ੍ਰਸਿੱਧ ਖੋਜੀ ਵਿਦਵਾਨ ਗਿਆਨੀ ਗਰਜਾ ਸਿੰਘ ਨੇ ਸ਼ਹੀਦ ਬਿਲਾਸ ਨਾਮੀ ਪੁਸਤਕ ਜੋ ਭੱਟ ਵਹੀਆਂ ਦੇ ਅਧਾਰ ਤੇ ਲਿਖੀ ਹੈ, ਵਿੱਚ ਭਾਈ ਮਨੀ ਸਿੰਘ ਦਾ ਜਨਮ ਭਾਈ ਮਾਈ ਦਾਸ ਦੇ ਘਰ 10 ਮਾਰਚ ਸੰਨ 1644 ਈ: ਵਿੱਚ ਮੱਧਰੀ ਬਾਈ ਜੀ ਦੀ ਕੁੱਖੋਂ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ ਪਾਕਿਸਤਾਨ ਵਿੱਚ ਹੋਇਆ ਲਿਖਿਆ ਹੈ। ਭਾਈ ਮਾਈ ਦਾਸ ਜੀ ਦੀਆਂ ਦੋ ਧਰਮ ਪਤਨੀਆਂ ਮੱਧਰੀ ਬਾਈ ਤੇ ਬੀਬੀ ਲਡਿਕੀ ਸਨ। ਉਹਨਾਂ ਦੋ ਵਿਆਹ ਕੀਤੇ ਹੋਏ ਸਨ । ਦੋਨਾਂ ਪਤਨੀਆਂ (ਪਹਿਲੀ ਮੱਧਰੀ ਬਾਈ ਦੀ ਕੁੱਖ ਤੋਂ 7 ਪੁੱਤਰ ਅਤੇ ਦੂਜੀ ਲਡਿਕੀ ਦੀ ਕੁੱਖ ਤੋਂ 5 ਪੁੱਤਰ) ਤੋਂ 12 ਪੁੱਤਰ ਪੈਦਾ ਹੋਏ । ਭਾਈ ਮਨੀ ਸਿੰਘ ਜੀ ਕੁੱਲ 12 ਭਰਾ ਸਨ।
ਜਦੋਂ ਭਾਈ ਮਨੀ ਸਿੰਘ ਜੀ 13 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਭਾਈ ਮਾਈ ਦਾਸ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਨ ਲਈ ਸ਼੍ਰੀ ਕੀਰਤਪੁਰ ਸਾਹਿਬ ਲੈ ਆਏ । ਬਾਲਕ ਮਨੀਏ ਨੇ ਜਦ ਸਤਿਗੁਰੂ ਦੇ ਚਰਨਾਂ ਵਿੱਚ ਸੀਸ ਝੁਕਾਇਆ ਤਾਂ ਗੁਰੂ ਜੀ ਨੇ ਹੋਣਹਾਰ ਮਨੀਏ ਨੂੰ ਦੇਖ ਕੇ ਫ਼ਰਮਾਇਆ ਕਿ ਇਹ ਬਾਲਕ ਸਾਰੇ ਜਗਤ ਵਿੱਚ ਪ੍ਰਸਿੱਧੀ ਹਾਸਲ ਕਰੇਗਾ । ਜਦੋਂ ਆਪ 15 ਸਾਲ ਦੇ ਹੋਏ ਤਾਂ ਆਪ ਦਾ ਵਿਆਹ ਭਾਈ ਲੱਖੀ ਰਾਏ ਦੀ ਸਪੁੱਤਰੀ ਬੀਬੀ ਸੀਤੋ ਬਾਈ ਨਾਲ ਹੋਇਆ । ਜਿਨ੍ਹਾਂ ਨੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਧੜ ਦਾ ਸਸਕਾਰ ਆਪਣੇ ਘਰ ਲਿਜਾ ਕੇ ਕੀਤਾ । ਭਾਈ ਮਨੀ ਸਿੰਘ ਜੀ ਗੁਰੂ ਹਰਿਰਾਏ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿੱਚ ਰਹੇ । ਫਿਰ ਗੁਰੂ ਸਾਹਿਬ ਦੇ ਦਿੱਲੀ ਵਿਖੇ ਜੋਤੀ-ਜੋਤਿ ਸਮਾ ਜਾਣ ਤੋਂ ਬਾਅਦ ਗੁਰੂ ਤੇਗ਼ ਬਹਾਦਰ ਜੀ ਦੀ ਸੇਵਾ ਵਿੱਚ ਬਕਾਲੇ ਪਿੰਡ ਆ ਹਾਜ਼ਰ ਹੋਏ । ਜਦੋਂ ਗੁਰੂ ਤੇਗ਼ ਬਹਾਦਰ ਜੀ ਪੂਰਬ ਦੇ ਇਲਾਕਿਆਂ ਵਿੱਚ ਧਰਮ ਪ੍ਰਚਾਰ ਕਰਕੇ ਵਾਪਸ ਅਨੰਦਪੁਰ ਸਾਹਿਬ ਪੁੱਜੇ ਤਾਂ ਭਾਈ ਮਨੀ ਸਿੰਘ ਜੀ ਵੀ ਅਨੰਦਪੁਰ ਆ ਗਏ। ਇੱਥੇ ਰਹਿ ਕੇ ਭਾਈ ਸਾਹਿਬ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਤੇ ਕਰਵਾਉਣ ਦੀ ਮਹਾਨ ਸੇਵਾ ਸੰਭਾਲੀ । ਜਦ ਗੁਰੂ ਤੇਗ਼ ਬਹਾਦਰ ਜੀ ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਗਏ ਤਾਂ ਭਾਈ ਮਨੀ ਸਿੰਘ ਜੀ ਦੀ ਸੇਵਾ ਗੁਰੂ ਗੋਬਿੰਦ ਸਿੰਘ ਜੀ ਕੋਲ ਠਹਿਰਨ ਦੀ ਲੱਗੀ।
ਸੰਨ 1688 ਈ: ਵਿੱਚ ਭੰਗਾਣੀ ਦਾ ਯੁੱਧ ਹੋਇਆ । ਇਸ ਯੁੱਧ ਵਿੱਚ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਜੌਹਰ ਦਿਖਾਏ । ਇਸੇ ਜੰਗ ਵਿੱਚ ਆਪ ਦੇ ਭਰਾ ਭਾਈ ਹਰੀ ਚੰਦ ਜੀ ਸ਼ਹੀਦੀ ਪਾ ਗਏ । ਸੰਨ 1690 ਈ: ਨੂੰ ਨਦੌਣ ਦੀ ਜੰਗ ਵਿੱਚ ਆਪ ਦੀ ਬਹਾਦਰੀ ਤੇ ਗੁਰੂ ਸਿਦਕ ਨੂੰ ਦੇਖ ਕੇ ਗੁਰੂ ਪਾਤਸ਼ਾਹ ਨੇ ਆਪ ਜੀ ਨੂੰ ‘ਦੀਵਾਨ’ ਦੀ ਉਪਾਧੀ ਬਖਸ਼ੀ। ਜਦੋਂ ਸੰਨ 1699 ਈ: ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖ਼ਾਲਸਾ ਸਾਜਿਆ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਦੇ ਸਪੁੱਤਰਾਂ ਸਮੇਤ ਖੰਡੇ-ਬਾਟੇ ਦੀ ਪਾਹੁਲ ਛਕੀ ਤਾਂ ਆਪ ਦਾ ਨਾਮ ‘ਮਨੀਏ’ ਤੋਂ ‘ਮਨੀ ਸਿੰਘ’ ਹੋਇਆ । ਭਾਈ ਸਾਹਿਬ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਹਰ ਰੋਜ਼ ਗੁਰਬਾਣੀ ਦੀ ਕਥਾ ਸੁਣਾਇਆ ਕਰਦੇ ਸਨ । ਅੰਮ੍ਰਿਤਸਰ ਦੇ ਸਿੱਖਾਂ ਵੱਲੋਂ ਬੇਨਤੀ ਕਰਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਪੰਜ ਸਿੱਖਾਂ ਸਮੇਤ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਸੇਵਾ-ਸੰਭਾਲ ਲਈ ਸੇਵਾਦਾਰ ਨਿਯੁਕਤ ਕਰਕੇ ਭੇਜਿਆ । ਅੰਮ੍ਰਿਤ ਪ੍ਰਚਾਰ ਦੀ ਲਹਿਰ ਵਿੱਚ ਵਾਧਾ ਕਰਕੇ ਸਿੱਖੀ ਦਾ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ।
ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਜਿਸ ਵਿੱਚ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਪਿਆ ਕੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ । ਭਾਈ ਮਨੀ ਸਿੰਘ ਦੇ ਸਪੁੱਤਰਾਂ ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਨੇ ਮੁਕਾਬਲਾ ਕੀਤਾ ਸੀ । ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਵਿੱਚ ਭਾਈ ਸਾਹਿਬ ਜੀ ਦੇ ਪੰਜ ਪੁੱਤਰ ਸ਼ਾਮਲ ਸਨ । ਸੰਮਤ 1761 ਬਿਕਰਮੀ ਸੰਨ 1704 ਈ: ਵਿੱਚ ਜਦ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਭਾਈ ਮਨੀ ਸਿੰਘ ਜੀ, ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਨੂੰ ਲੈ ਕੇ ਦਿੱਲੀ ਪਹੁੰਚੇ ਤੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹੇ। ਸੰਮਤ 1762-63 ਬਿਕਰਮੀ ਸੰਨ 1705-06 ਈ: ਵਿੱਚ ਭਾਈ ਮਨੀ ਸਿੰਘ ਜੀ, ਮਾਤਾ ਸਾਹਿਬ ਕੌਰ ਜੀ ਨਾਲ ਦਮਦਮਾ ਸਾਹਿਬ ਪੁੱਜੇ । ਇੱਥੇ ਹੀ ਕਲਗ਼ੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ‘ਦਮਦਮੀ ਬੀੜ’ ਲਿਖਵਾਈ । ਇਸ ਗ੍ਰੰਥ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ ਕਰਵਾਈ । ਇਸੇ ਬੀੜ ਨੂੰ ਮਗਰੋਂ ਨਾਦੇੜ ਵਿਖੇ ਗੁਰਗੱਦੀ ਪ੍ਰਦਾਨ ਕੀਤੀ ਗਈ ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਪਿੱਛੋਂ ਜਦੋਂ ਸਿੱਖਾਂ ਵਿੱਚ ਤੱਤ ਖਾਲਸਾ ਤੇ ਬੰਦਈ ਖਾਲਸਾ ਵਿੱਚ ਮੱਤ-ਭੇਦ ਹੋ ਗਏ ਤਾਂ ਝਗੜਾ ਨਿਬੇੜਨ ਲਈ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਭੇਜਿਆ । ਜਦੋਂ ਉਹ ਅੰਮ੍ਰਿਤਸਰ ਆਏ ਤਾਂ ਦੋਹਾਂ ਧੜਿਆਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਪ੍ਰਬੰਧ ਦੀ ਜ਼ੁੰਮੇਵਾਰੀ ਆਪ ਜੀ ਦੇ ਸੰਭਾਲਣ ‘ਤੇ ਹੀ ਝਗੜਾ ਨਿੱਬੜ ਸਕਦਾ ਹੈ । ਸੋ ਸੰਨ 1721 ਈ: ਸੰਮਤ 1778 ਬਿਕਰਮੀ ਵਿੱਚ ਆਪ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਗ੍ਰੰਥੀ ਥਾਪਿਆ । ਇਹ ਸੇਵਾ ਕਰਦਿਆਂ ਭਾਈ ਮਨੀ ਸਿੰਘ ਜੀ ਨੇ ‘ਗਿਆਨ ਰਤਨਾਵਲੀ’ ਤੇ ‘ਭਗਤ ਰਤਨਾਵਲੀ’ ਪੁਸਤਕਾਂ ਦੀ ਰਚਨਾ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਹੱਥ ਲਿਖਤ ਬੀੜ ਵੀ ਤਿਆਰ ਕੀਤੀ।
ਭਾਈ ਮਨੀ ਸਿੰਘ ਜੀ ਤਪੱਸਵੀ, ਕੁਸ਼ਲ ਲਿਖਾਰੀ, ਗੁਰਬਾਣੀ ਅਰਥ-ਬੋਧ ਦੇ ਗਿਆਤਾ, ਤੀਰ ਅੰਦਾਜ਼ੀ ਤੇ ਤਲਵਾਰ ਚਲਾਉਣ ਵਿੱਚ ਨਿਪੁੰਨ ਸਨ । ਸਰੀਰਕ ਪੱਖੋਂ ਪਤਲੇ, ਚੁਸਤ ਤੇ ਮਜ਼ਬੂਤ ਜੁੱਸੇ ਵਾਲੇ ਫੁਰਤੀਲੇ ਜੁਝਾਰੂ ਸਨ । ਜੰਗੇ-ਮੈਦਾਨ ਵਿੱਚ ਜਦ ਜੂਝਦੇ ਤਾਂ ਹਨੇਰੀ ਲੈ ਆਉਂਦੇ । ਜਦ ਗੁਰੂ ਦਰਬਾਰ ਵਿੱਚ ਕਥਾ ਕਰਦੇ ਤਾਂ ਸੰਗਤਾਂ ਵਿੱਚ ਸਿਦਕ ਤੇ ਉਤਸ਼ਾਹ ਭਰ ਦਿੰਦੇ । ਭਾਈ ਮਨੀ ਸਿੰਘ ਦਾ ਸਾਰਾ ਪਰਿਵਾਰ 11 ਭਰਾ, 10 ਪੁੱਤਰਾਂ ਵਿੱਚੋਂ 7 ਪੁੱਤਰ ਤੇ ਕਈ ਪੋਤਰੇ ਸਿੱਖੀ ਸਿਦਕ ਨੂੰ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ।
18ਵੀਂ ਸਦੀ ਦੇ ਆਰੰਭ ਵਿੱਚ ਇੱਕ ਪਾਸੇ ਸਿੱਖਾਂ ਤੇ ਅੱਤਿਆਚਾਰ ਹੋ ਰਹੇ ਸਨ, ਦੂਜੇ ਪਾਸੇ ਉਹਨਾਂ ਨੂੰ ਹਰਿਮੰਦਰ ਸਾਹਿਬ ਆਉਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ । ਜਦੋਂ ਉਹ ਆਉਂਦੇ ਸਨ ਤਾਂ ਉਹਨਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ । ਅੰਮ੍ਰਿਤਸਰ ਦੀ ਦੀਵਾਲੀ ਦਾ ਮੇਲਾ ਕਈ ਸਾਲਾਂ ਤੋਂ ਲਾਹੌਰ ਦੇ ਹਾਕਮਾਂ ਨੇ ਬੰਦ ਕਰ ਦਿੱਤਾ ਸੀ । ਭਾਈ ਮਨੀ ਸਿੰਘ ਨੇ ਭਾਈ ਸੂਰਤ ਸਿੰਘ ਤੇ ਭਾਈ ਸੁਬੇਗ ਸਿੰਘ ਦੀ ਮਦਦ ਨਾਲ ਦੀਵਾਲੀ ਦੇ ਮੌਕੇ ‘ਤੇ ਅੰਮ੍ਰਿਤਸਰ ਵਿੱਚ ਮੇਲਾ ਕਰਨ ਦੀ ਲਾਹੌਰ ਦੇ ਸੂਬੇਦਾਰ ਤੋਂ ਆਗਿਆ ਲੈ ਲਈ । ਲਾਹੌਰ ਦੇ ਹਾਕਮਾਂ ਨੇ ਇੱਕ ਸ਼ਰਤ ਤੇ ਮੇਲਾ ਕਰਨ ਦੀ ਆਗਿਆ ਦਿੱਤੀ ਕਿ ਜੇਕਰ ਉਹਨਾਂ ਨੂੰ ਬਤੌਰ ਮੇਲਾ ਟੈਕਸ ਪੰਜ ਹਜ਼ਾਰ ਰੁਪਏ ਕੁਝ ਇਤਿਹਾਸਕਾਰਾਂ ਅਨੁਸਾਰ ਦਸ ਹਜ਼ਾਰ ਰੁਪਏ ਅਦਾ ਕੀਤਾ ਜਾਵੇ । ਭਾਈ ਮਨੀ ਸਿੰਘ ਜੀ ਨੇ ਦੂਰ- ਨੇੜੇ ਸਿੱਖ ਸੰਗਤਾਂ ਨੂੰ ਸ਼੍ਰੀ ਅੰਮ੍ਰਿਤਸਰ ਦੀਵਾਲੀ ਤੇ ਆਉਣ ਲਈ ਸੱਦੇ ਭੇਜ ਦਿੱਤੇ ਗਏ, ਸਾਰੇ ਪ੍ਰਬੰਧ ਮੁਕੰਮਲ ਕਰ ਲਏ ਸਨ । ਦੂਜੇ ਪਾਸੇ ਮੁਗ਼ਲ ਹਾਕਮਾਂ, ਪੰਥ ਵਿਰੋਧੀ ਤਾਕਤਾਂ, ਲਾਹੌਰ ਦਰਬਾਰ ਨੇ ਦਿੱਲੀ ਦੇ ਤਖ਼ਤ ਦੀ ਸ਼ਹਿ ਨਾਲ ਇੱਕ ਡੂੰਗੀ ਸਾਜਿਸ਼ ਤਿਆਰ ਕੀਤੀ ਕਿ ਜਦੋਂ ਸਿੱਖ ਵੱਡੀ ਤਾਦਾਦ ਵਿੱਚ ਅੰਮ੍ਰਿਤਸਰ ਇਕੱਠੇ ਹੋਣ ਤਾਂ ਉਹਨਾਂ ਨੂੰ ਘੇਰਾ ਪਾ ਕੇ ਕਤਲ ਕਰ ਦਿੱਤਾ ਜਾਵੇ । ਉਹਨਾਂ ਨੇ ਆਪਣੀਆਂ ਫ਼ੌਜਾਂ ਅੰਮ੍ਰਿਤਸਰ ਦੇ ਆਲੇ-ਦੁਆਲੇ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ । ਜਿਸ ਕਰਕੇ ਲੋਕ ਮੇਲੇ ਤੇ ਨਾ ਆਏ, ਨਾ ਸੰਗਤ ਇਕੱਠੀ ਹੋਈ ਤੇ ਨਾ ਚੜ੍ਹਾਵੇ ਦੀ ਆਮਦਨ ਹੋਈ । ਭਾਈ ਮਨੀ ਸਿੰਘ ਜੀ ਨੇ ਵੇਲੇ ਸਿਰ ਪਤਾ ਲੱਗ ਜਾਣ ‘ਤੇ ਸੰਗਤਾਂ ਨੂੰ ਰੋਕ ਦਿੱਤਾ ਤੇ ਆਪਣੀ ਸੂਝ-ਬੂਝ ਨਾਲ ਕੌਮ ਨੂੰ ਬਚਾ ਲਿਆ ।
ਜਦੋਂ ਲਾਹੌਰ ਦੇ ਸੂਬੇਦਾਰ ਨੇ ਮੇਲਾ ਟੈਕਸ (ਜਜੀਆ) ਅਦਾ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ ਕਿਹਾ ਤਾਂ ਭਾਈ ਮਨੀ ਸਿੰਘ ਜੀ ਨੇ ਉੱਤਰ ਦਿੱਤਾ ਕਿ ਜਦੋਂ ਮੇਲਾ ਲੱਗਾ ਹੀ ਨਹੀਂ ਫਿਰ ਟੈਕਸ ਕਾਹਦਾ ਅਦਾ ਕਰਾਂ । ਭਾਈ ਮਨੀ ਸਿੰਘ ਪਰਿਵਾਰ ਦੇ ਮੈਂਬਰਾਂ ਤੇ ਨੇੜਲੇ ਸੰਬੰਧੀਆਂ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਆਖਿਆ ਤੇ ਭਾਰੀ ਲਾਲਚ ਦਿੱਤੇ ਗਏ । ਭਾਈ ਸਾਹਿਬ ਲਾਹੌਰ ਜ਼ੇਲ੍ਹ ਵਿੱਚ ਵੀ ਸਵੇਰੇ- ਸ਼ਾਮ ਨਿੱਤਨੇਮ ਤੇ ਕਥਾ ਜ਼ਰੂਰ ਕਰਦੇ । ਜਦੋਂ ਭਾਈ ਸਾਹਿਬ ਨੇ ਲਾਹੌਰ ਦੇ ਸੂਬੇਦਾਰ ਵੱਲੋਂ ਦਿੱਤੇ ਲਾਲਚ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਲਾਹੌਰ ਦੇ ਸੂਬੇਦਾਰ ਨੂੰ ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਭਾਵੇਂ ਮੇਰਾ ਬੰਦ-ਬੰਦ ਕੱਟ ਦਿਓ ਪਰ ਮੈਂ ਸਿੱਖੀ ਸਿਦਕ ਨਹੀਂ ਛੱਡ ਸਕਦਾ । ਲਾਹੌਰ ਦੇ ਸੂਬੇਦਾਰ ਨੇ ਜਲਾਦਾਂ ਨੂੰ ਕਿਹਾ ਕਿ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਦਿੱਤਾ ਜਾਵੇ । ਜਦੋਂ ਜਲਾਦਾਂ ਨੇ ਭਾਈ ਮਨੀ ਸਿੰਘ ਜੀ ਦਾ ਹੱਥ ਪੱਥਰ ਤੇ ਰੱਖ ਕੇ ਵੀਣੀ (ਗੁੱਟ) ਕੋਲੋਂ ਵੱਢਣਾ ਸ਼ੁਰੂ ਕੀਤਾ ਤਾਂ ਭਾਈ ਮਨੀ ਸਿੰਘ ਜੀ ਨੇ ਉਸ ਨੂੰ ਕਿਹਾ ਕਿ ਉਸ ਨੇ ਉਗਲੀਆਂ ਦੇ ਕਿੰਨੇ ਜੋੜ ਛੱਡ ਦਿੱਤੇ ਹਨ । ਜਦੋਂ ਉਸ ਨੂੰ ਬੰਦ-ਬੰਦ ਕੱਟਣ ਲਈ ਕਿਹਾ ਗਿਆ ਹੈ ਤਾਂ ਉਹ ਆਪਣੇ ਮਾਲਕ ਦੇ ਹੁਕਮ ਦੀ ਪਾਲਣਾ ਕਿਉਂ ਨਹੀਂ ਕਰਦਾ । ਭਾਈ ਮਨੀ ਸਿੰਘ ਨੂੰ ਅਸਹਿ ਤੇ ਅਕਹਿ ਕਸ਼ਟ ਦਿੰਦਿਆਂ 1734 ਈ: ਨੂੰ ਕੁਝ ਇਤਿਹਾਸਕਾਰਾਂ ਤੇ ਲੇਖਕਾਂ ਅਨੁਸਾਰ, ਪਰ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੰਮਤ 1794 ਬਿਕਰਮੀ ਹਾੜ ਸੁਦੀ ਪੰਚਮੀ ਸੰਨ 1737 ਈ: (93 ਸਾਲ ਦੀ ਉਮਰ ਵਿੱਚ) ਲਾਹੌਰ ਦੇ ਨਖਾਸ ਚੌਂਕ ‘ਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ । ਮੁਹੰਮਦ ਲਤੀਫ਼ ਨੇ ਭਾਈ ਮਨੀ ਸਿੰਘ ਦਾ ਸ਼ਹੀਦ ਹੋਣਾ ਸੰਮਤ 1785 ਬਿਕਰਮੀ ਮੀਰ ਮੰਨੂ ਦੀ ਅਗਵਾਈ ਵਿੱਚ ਲਿਖਿਆ ਹੈ । ਭਾਈ ਗਿਆਨ ਸਿੰਘ ਮੱਘਰ ਸੁਦੀ 5, ਸੰਮਤ 1795 ਬਿਕਰਮੀ ਸੰਨ 1738 ਈ: ਲਿਖਦਾ ਹੈ । ਭਾਈ ਮਨੀ ਸਿੰਘ ਨੇ ਜਿੱਥੇ ਸ਼ਹੀਦੀ ਪਾਈ, ਉੱਥੇ ਪਵਿੱਤਰ ਸ਼ਹੀਦ ਗੰਜ ਗੁਰਦੁਆਰਾ ਲਾਹੌਰ ਦੇ ਕਿਲ੍ਹੇ ਕੋਲ ਬਣਿਆ ਹੋਇਆ ਹੈ ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
# 1138/63-ਏ, ਗੁਰੂ ਤੇਗ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
Email :–[email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



