HOME ਮੈਂ ਪੰਜਾਬੀ ਬੋਲੀ

ਮੈਂ ਪੰਜਾਬੀ ਬੋਲੀ

ਸੁਰਿੰਦਰਪਾਲ ਸਿੰਘ

 (ਸਮਾਜ ਵੀਕਲੀ)

ਮੈਂ ਹਾਂ ਗੁਰੂਆਂ ਦੀ ਪਾਕ ਤੇ ਪਵਿੱਤਰ ਬੋਲੀ
ਅੱਖਰਾਂ ਤੇ ਮਾਤਰਾਵਾਂ ਨੇ ਸਜਾਈ ਮੇਰੀ ਝੋਲੀ।
ਦੇਸ਼ਾਂ ਵਿਦੇਸ਼ਾਂ ਚ ਪੰਜਾਬੀ ਬੋਲੀ ਦੇ ਝੂਲਣ ਨਿਸ਼ਾਨ
ਬੋਲੀਆਂ ਅਣਗਿਣਤ ਮੇਰੀ ਵਿਲੱਖਣ ਪਹਿਚਾਣ।।
ਅੱਖਰਾਂ ਸੰਗ ਉਜਾਗਰ ਹੁੰਦੇ ਹਨ ਬੋਲੀ ਦੇ ਜਜ਼ਬਾਤ
ਬੋਲੀ ਸੰਗ ਗੁਲਜ਼ਾਰ ਬਿਨੁ ਬੋਲੀ ਸਾਹਿਤ ਕਾਲੀ ਰਾਤ।
ਅਕਲਾਂ ਵਾਲਿਓ ! ਕਲਮਾਂ ਵਾਲਿਓ ! ਸੁਣੋ ਮੇਰੀ ਪੁਕਾਰ
ਮੇਰਾ ਅਮੀਰ ਵਿਰਸਾ ਨਾ ਭੁੱਲ ਜਾਇਓ, ਕਰੋ ਸਤਿਕਾਰ।।
ਗੁਰੂ ਸਾਹਿਬ ਨੇ ਮੈਨੂੰ ਆਪਣੇ ਹੱਥੀ ਮੁੱਢੋਂ ਰੁਸ਼ਨਾਇਆ
ਪੀਰਾਂ ਪੈਗੰਬਰਾਂ ਤੇ ਸੰਤਾਂ ਰੱਚ ਬਾਣੀ ਗਲ ਲਾਇਆ।
ਪੈਂਤੀ ਅੱਖਰਾਂ ਸੰਗ ਸੋਹਂਦਾ ਮੇਰੀ ਵਰਨਮਾਲਾ ਦਾ ਪਰਿਵਾਰ
ਮੁਕਤਾ ਅੱਖਰਾਂ ਜੋੜੇ ਸ਼ਬਦ ਮਾਤਰਾਵਾਂ ਉਪਜੇ ਸ਼ਬਦੀਂ ਭੰਡਾਰ।
ਮੁਕਤੇ ਨਾਲ ਕੰਨੇ‌ ਸਣੇ ਸਿਹਾਰੀਆਂ ਅਤੇ ਬਿਹਾਰੀਆਂ
ਅੱਖਰਾਂ ਸੰਗ ਫੱਬਣ ਮੇਰੀਆਂ ਸ਼ਬਦ ਕਿਆਰੀਆਂ।
ਔਂਕੜ ਸਮੇਤ ਦੁਲੈਂਕੜ , ਲਾਵਾਂ ਅਤੇ ਦੁਲਾਵਾਂ
ਸ਼ਬਦੀ ਬਣਤਰ ਵਿੱਚ ਕਿਵੇਂ ਯੋਗਦਾਨ ਭੁਲਾਵਾਂ।
ਹੋੜੇ ਦੇ ਨਾਲ ਕਨੌੜੇ ਸਮੇਤ ਅੱਧਕ ਅਤੇ ਟਿੱਪੀਆਂ
ਸਾਹਿਤਿਕ ਫੁਲਕਾਰੀ ਦੀਆਂ ਸਭ ਨੇ ਅਨਮੋਲ ਸਿੱਪੀਆਂ।।
ਬੋਲ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹ
ਕਹਿੰਦੇ ਇਹਨੂੰ ਲਿਪੀ ਤੇ ਹਰ ਭਾਸ਼ਾ ਦੇ ਹੁੰਦੇ ਭਿੰਨ।
ਲਿਪੀ ਹੀ ਹੁੰਦੀ ਹੈ ਹਰ ਬੋਲੀ ਦਾ ਹਾਰ-ਸ਼ਿੰਗਾਰ
ਲਿਪੀ ਬਖਸ਼ੇ ਪਿਆਰ ਤੇ ਮਨੁੱਖੀ ਭਾਵਾਂ ਨੂੰ ਦਿੰਦੀ ਨਿਖਾਰ।।
ਸ਼ਾਰਦਾ ਤੇ ਟਾਕਰੀ ਲਿਪੀ ਵੱਸਦੇ ਮੇਰੇ ਪੁਰਖੇ ਲਾਣੇ
ਪੁਰਾਤਨ ਇਤਿਹਾਸ ਚ ਦਰਜ ਲੰਡੇ ਆਖ ਵਰਤਦੇ ਸੀ ਸਿਆਣੇ।
ਗੁਰੂ ਨਾਨਕ ਸਾਹਿਬ ਨੇ ਪੱਟੀ ਬਾਣੀ ਵਿੱਚ ਅੱਖਰ ਉਚਾਰੇ
ਗੁਰੂ ਅੰਗਦ ਦੇਵ ਜੀ ਨੇ ਮੇਰੇ ਅੱਖਰ ਖੁਦ ਆਪ ਸਭ ਸਵਾਰੇ।।
ਸਵਰ ਤੇ ਵਿਅੰਜਨਾਂ ਵਿੱਚ ਵੰਡਿਆ ਅੱਖਰੀ ਪਰਿਵਾਰ
ਵਿਗਿਆਨਿਕ ਭਾਸ਼ਾ ਆਖ ਪੰਜਾਬੀ ਨੂੰ ਮਿਲਿਆ ਸਤਿਕਾਰ।
ਪੰਜਾਬ,ਪੰਜਾਬੀ ਤੇ ਪੰਜਾਬੀਅਤ ਲਈ ਸੁਰਿੰਦਰ ਜਾਨ ਵਾਰਦਾ
ਮਾਂ ਬੋਲੀ ਦੇ ਪੁੱਤ ਲੇਖੇ ਲਾਇਆ ਜੀਵਨ, ਵੇਖੋ ਮੁੱਲ ਤਾਰਦਾ।।
ਸੁਰਿੰਦਰਪਾਲ ਸਿੰਘ 
ਵਿਗਿਆਨ ਅਧਿਆਪਕ ਸ੍ਰੀ ਅੰਮ੍ਰਿਤਸਰ ਸਾਹਿਬ।
Previous article‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਹੁਸ਼ਿਆਰਪੁਰ ਵਿਖੇ ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ਪੀਲ਼ਾ ਪੰਜਾ
Next articleਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਮੁਕਾਬਲਾ, ਸੁਰੱਖਿਆ ਬਲਾਂ ਨੇ 2 ਨਕਸਲੀਆਂ ਨੂੰ ਮਾਰ ਦਿੱਤਾ; ਸਵੇਰ ਤੋਂ ਹੀ ਗੋਲੀਬਾਰੀ ਜਾਰੀ ਹੈ