*ਮਰੀਜ਼ਾਂ ਲਈ ਵਰਦਾਨ ਬਣਿਆ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ*
ਮਰੀਜ਼ਾਂ ਦੀ ਸਹੂਲਤ ਨਵੀਂ ਐਕਸਰੇ ਮਸ਼ੀਨ ਸਥਾਪਤ ਕੀਤੀ ਜਾਵੇਗੀ- ਸਲੂਜਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ-ਨਾਲ ਮਨੁੱਖੀ ਸੇਵਾ ਕਾਰਜਾਂ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਲੁਧਿਆਣੇ ਸ਼ਹਿਰ ਦਾ ਪ੍ਰਮੁੱਖ ਧਾਰਮਿਕ ਅਸਥਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਹਰਨਾਮ ਨਗਰ ਦੀ ਪ੍ਰਬੰਧਕੀ ਕਮੇਟੀ ਦੀ ਸੁਹਿਰਦ ਸੋਚ ਵਾਲੀ ਅਗਵਾਈ ਹੇਠ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਚੱਲ ਰਿਹਾ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਇਲਾਕੇ ਦੇ ਲੋੜਵੰਦ ਮਰੀਜ਼ਾਂ ਲਈ ਵਰਦਾਨ ਬਣ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ: ਗੁਰਮੀਤ ਸਿੰਘ ਸਲੂਜਾ ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਹਰਨਾਮ ਨਗਰ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਬੀਤੇ ਦਿਨੀਂ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੀ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਹੋਈ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਹਸਪਤਾਲ ਅੰਦਰ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਹਸਪਤਾਲ ਦੇ ਆਰਥੋ ਡਿਪਾਰਟਮੈਂਟ ਲਈ ਨਵੀਂ ਐਕਸਰੇ ਮਸ਼ੀਨ ਸਥਾਪਿਤ ਕੀਤੀ ਜਾਵੇਗੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰ: ਗੁਰਮੀਤ ਸਿੰਘ ਸਲੂਜਾ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਕਾਰਜਾਂ ਵਿੱਚ ਵਿਆਪਕ ਸੁਧਾਰ ਲਿਆਉਣ ਅਤੇ ਸੰਗਤਾਂ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਲੰਗਰ ਹਾਲ ਦਾ ਸਮੁੱਚੇ ਰੂਪ ਵਿੱਚ ਸੁੰਦਰੀਕਰਨ ਕਰਕੇ ਏ.ਸੀ ਹਾਲ ਬਣਾਉਣ ਦਾ ਪ੍ਰੋਜੈਕਟ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਇਹ ਵੱਡਾ ਕਾਰਜ ਸੰਪੂਰਨ ਹੋ ਜਾਵੇਗਾ। ਉਨ੍ਹਾਂ ਨੇ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮਨੁੱਖੀ ਸੇਵਾ ਕਾਰਜਾਂ ਦੀ ਲੜੀ ਤਹਿਤ ਚਲਾਏ ਜਾ ਰਹੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਨੂੰ ਹੋਰ ਆਧੁਨਿਕ ਬਣਾਉਣ ਦੇ ਪ੍ਰੋਜੈਕਟ ਤੇ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਵਿੱਚ ਆਪਣੀ ਕਿਰਤ ਕਮਾਈ ਵਿੱਚੋਂ ਉਹ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਕਿ ਸੇਵਾ ਕਾਰਜਾਂ ਦੀ ਲੜੀ ਨਿਰੰਤਰ ਚੱਲਦੀ ਰਹੇ। ਇਸ ਦੌਰਾਨ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਬਲਦੇਵ ਸਿੰਘ, ਗੁਰਚਰਨ ਸਿੰਘ ਚੰਨ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਟੋਨੀ ਮੱਕੜ, ਕੁਲਵਿੰਦਰ ਸਿੰਘ ਲਾਡੀ, ਦਿਲਜੰਗ ਸਿੰਘ, ਅਮਰਜੀਤ ਸਿੰਘ ਪਰੂਥੀ, ਜਗਤਾਰ ਸਿੰਘ ਸੋਨੀ, ਮਹਿੰਦਰਪਾਲ ਸਿੰਘ ਗਲਹੋਤਰਾ, ਕੁਲਦੀਪ ਸਿੰਘ ਦੀਪਾ, ਭੁਪਿੰਦਰ ਸਿੰਘ ਸਲੂਜਾ, ਰਜਿੰਦਰ ਸਿੰਘ ਸਲੂਜਾ, ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ ਜੇ ਸੰਨਜ਼, ਹਰਕ੍ਰਿਸ਼ਨ ਸਿੰਘ ਮੱਕੜ, ਹਰਮਨਦੀਪ ਸਿੰਘ, ਭੁਪਿੰਦਰ ਸਿੰਘ ਛਾਬੜਾ, ਕੰਵਲਜੀਤ ਸਿੰਘ ਬਾਂਗਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



