ਬਿਨਾਂ ਹੈਲਮਟ, ਡਰਾਇਵਿੰਗ ਲਾਇਸੰਸ, ਵਾਹਨਾਂ ਦੇ ਕਾਗਜ਼ਾਤ ਤੇ ਆਧਾਰ ਕਾਰਡ ਤੋਂ ਬਿਨਾਂ ਨਸ਼ਾ ਛੁਡਾਊ ਕੇਂਦਰ ਅੱਪਰਾ ਤੋਂ ਦਵਾਈ ਲੈਣ ਆਉਣ ਵਾਲਿਆਂ ਦੇ ਵਾਹਨ ਕੀਤੇ ਬਾਂਡ
*ਅੱਪਰਾ ਪੁਲਿਸ ਦੀ ਕਾਰਗੁਜ਼ਾਰੀ ਸਲਾਹੁਣਯੋਗ-ਸਰਪੰਚ ਵਿਨੈ ਕੁਮਾਰ ਅੱਪਰਾ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਬ ਇੰਸਪੈਕਟਰ ਨਿਰਮਲ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਇਲਾਕੇ ਦੇ ਮਨਚਲੇ ਤੇ ਨਸ਼ੇੜੀ ਨੌਜਵਾਨਾਂ ਨੂੰ ਵਖਤ ਪਾ ਕੇ ਰੱਖ ਦਿੱਤਾ ਹੈ | ਉਨਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਜਿੱਥੇ ਥਾਂ-ਥਾਂ ‘ਤੇ ਨਾਕੇ ਲਗਾ ਕੇ ਉਨਾਂ ਦੇ ਚਾਲਾਨ ਕੱਟੇ ਜਾ ਰਹੇ ਹਨ, ਉੱਥੇ ਹੀ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਨੂੰ ਬਾਂਡ ਵੀ ਕੀਤਾ ਜਾ ਰਿਹਾ ਹੈ | ਬੀਤੇ ਦਿਨ ਤੇ ਅੱਜ ਵੀ ਸਬ ਇੰਸਪੈਕਟਰ ਸ. ਨਿਰਮਲ ਸਿੰਘ ਚੌਂਕੀ ਇੰਚਾਰਜ ਅੱਪਰਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਅੱਪਰਾ ਦੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਸ਼ਪੈਸ਼ਲ ਨਾਕਾ ਲਗਾ ਕੇ ਬਿਨਾਂ ਹੈਲਮਟ, ਡਰਾਇਵਿੰਗ ਲਾਇਸੰਸ, ਆਧਾਰ ਕਾਰਡ ਤੇ ਵਾਹਨਾਂ ਦੇ ਅਧੂਰੇ ਕਾਗਜ਼ਾਤ ਵਾਲੇ ਨੌਜਵਾਨਾਂ ਦੇ ਚਾਲਾਨ ਕੱਟੇ ਤੇ ਕਈ ਮੋਟਰਸਾਈਕਲਾਂ ਨੂੰ ਬਾਂਡ ਕਰ ਦਿੱਤਾ | ਉਨਾਂ ਇਲਾਕੇ ਦੇ ਮਨਚਲੇ ਨੌਜਵਾਨਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਤੇ ਇੱਕ ਵਧੀਆ ਨਾਗਰਿਕ ਹੋਣ ਦਾ ਸਬੂਤ ਦੇਣ | ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨ ਆਪਣਾ ਕੰਮ ਕਰੇਗਾ | ਉਨਾਂ ਅੱਗੇ ਕਿਹਾ ਕਿ ਇਹ ਮੁਹਿੰਮ ਇਸੇ ਤਰਾਂ ਹੀ ਜਾਰੀ ਰਹੇਗੀ | ਇਸ ਮੌਕੇ ਗੱਲਬਾਤ ਕਰਦਿਆਂ ਅੱਪਰਾ ਦੇ ਸਰਪੰਚ ਵਿਨੈ ਕੁਮਾਰ ਬੰਗੜ ਨੇ ਕਿਹਾ ਕਿ ਸਬ ਇੰਸਪੈਕਟਰ ਸ. ਨਿਰਮਲ ਸਿੰਘ ਦੀ ਅਗਵਾਈ ਹੇਠ ਨਵੀਂ ਪੁਲਿਸ ਟੀਮ ਦੀ ਕਾਰਗੁਜ਼ਾਰੀ ਸਲਾਹੁਣਯੋਗ ਹੈ | ਅੱਪਰਾ ਤੇ ਇਲਾਕੇ ਦੇ ਪਿੰਡਾਂ ‘ਚ ਨਸ਼ੇ ਨੂੰ ਠੱਲ ਪਈ ਹੈ ਤੇ ਨਸ਼ਾ ਛੁਡਾਊ ਕੇਂਦਰ ਦੇ ਅੱਗੇ ਲੱਗਦੀ ਭੀੜ ਵੀ ਘੱਟ ਹੋਈ ਹੈ |



