(ਸਮਾਜ ਵੀਕਲੀ) ਸਰਦਾਰਾ ਸਿੰਘ ਜੌਹਲ ਦਾ ਵਿਆਹ ਦਸ ਨਵੰਬਰ ਨੂੰ ਹੋਇਆ ਸੀ। ਉਦੋਂ ਉਹ ਪੁਲਿਸ ਵਿਭਾਗ ਵਿੱਚ ਬਤੌਰ ਏ.ਐੱਸ.ਆਈ. ਨੌਕਰੀ ਕਰਦਾ ਸੀ। ਘਰ ਵਿੱਚ ਉਸ ਦੇ ਬੀਜੀ ਪਾਪਾ ਤੋਂ ਇਲਾਵਾ ਛੋਟਾ ਭਰਾ ਇੰਦਰਜੀਤ ਸਿੰਘ ਅਤੇ ਉਸ ਤੋਂ ਛੋਟੀ ਭੈਣ ਬਲਵਿੰਦਰ ਕੌਰ ਸਨ। ਵੱਡੇ ਵੀਰ ਦੇ ਵਿਆਹ ਤੋਂ ਬਾਅਦ ਤਾਂ ਛੋਟੇ ਵੀਰ ਅਤੇ ਭੈਣ ਨੂੰ ਭਾਬੀ ਦੇ ਰੂਪ ਵਿੱਚ ਜਿਵੇਂ ਖ਼ੁਦਾਈ ਹੀ ਮਿਲ ਗਈ ਹੋਵੇ। ਭਾਬੀ ਜਸ਼ਨਪ੍ਰੀਤ ਕੌਰ ਉਨ੍ਹਾਂ ਦੋਵਾਂ ਨੂੰ ਪਿਆਰ ਵੀ ਬਹੁਤ ਜ਼ਿਆਦਾ ਕਰਦੀ ਸੀ। ਜਦੋਂ ਵੀ ਉਹ ਦੋਵੇਂ ਆਪਣੀ ਭਾਬੀ ਨੂੰ ਕੁਝ ਖਾਣ ਪੀਣ ਦੀ ਫ਼ਰਮਾਇਸ਼ ਕਰਦੇ ਤਾਂ ਉਹ ਝੱਟ ਸੌ ਦਾ ਨੋਟ ਕੱਢ ਕੇ ਫੜ੍ਹਾ ਦਿੰਦੀ। ਜਦੋਂ ਵੀ ਦੋਵੇਂ ਭੈਣ ਭਰਾ ਨੇ ਕੇਸੀਂ ਇਸ਼ਨਾਨ ਕਰਨਾ ਤਾਂ ਦੋਵਾਂ ਦੇ ਸਿਰ ਵਿੱਚ ਤੇਲ ਉਨ੍ਹਾਂ ਦੀ ਭਾਬੀ ਹੀ ਝੱਸਦੀ ਸੀ। ਜੇ ਉਨਾਂ ਦੋਵਾਂ ਨੂੰ ਕਿਤੇ ਪੜ੍ਹਾਈ ਸੰਬੰਧੀ ਕੋਈ ਮੁਸ਼ਕਲ ਪੇਸ਼ ਆਉਂਦੀ, ਤਦ ਵੀ ਉਹ ਇਸ ਦੇ ਢੁੱਕਵੇਂ ਅਤੇ ਯੋਗ ਹੱਲ ਲਈ ਆਪਣੀ ਭਾਬੀ ਕੋਲ ਹੀ ਜਾਂਦੇ ਸਨ।
ਕਈ ਵਾਰੀ ਬੀਜੀ ਆਪਣੀ ਨੂੰਹ ਰਾਣੀ ਨੂੰ ਗੱਲਾਂ-ਗੱਲਾਂ ਵਿੱਚ ਸਮਝਾਉਤੀਆਂ ਦਿੰਦੇ ਹੋਏ ਆਖ ਦਿੰਦੇ- “ਦੇਖ ਧੀਏ! ਹੋਇਆ ਕਿਤੇ ਪੰਜ ਚਾਰ ਮਹੀਨਿਆਂ ਬਾਅਦ ਜੁਆਕਾਂ ਨੂੰ ਬਜ਼ਾਰੋਂ ਮੰਗਵਾ ਕੇ ਕੁਝ ਖੁਆ ਦਿਉ। ਪਰੰਤੂ ਇਹ ਰੋਜ਼-ਰੋਜ਼ ਇਨ੍ਹਾਂ ਨੂੰ ਪੈਸੇ ਦੇਣੇ ਠੀਕ ਨੀਂ। ਜਿਹੜੇ ਧੀ ਪੁੱਤ ਨੂੰ ਨਿਆਣੀਂ ਉਮਰੇ ਪੱਤੇ ਚੱਟਣ ਦੀ ਆਦਤ ਪੈ ਜੇ। ਫ਼ੇਰ ਉਹ ਪੜ੍ਹਦਾ ਲਿਖਦਾ ਘੱਟ ਈ ਐ। ਇਸ ਲਈ ਮੇਰੀ ਰਾਣੀ ਧੀ, ਤੂੰ ਇਨ੍ਹਾਂ ਨੂੰ ਰੋਜ਼ ਪੈਸੇ ਨਾ ਦਿਆ ਕਰ।”
ਬੀਜੀ ਦੀਆਂ ਗੱਲਾਂ ਸੁਣ ਕੇ ਆਮ ਤੌਰ ‘ਤੇ ਨੂੰਹ ਚੁੱਪ ਹੋ ਜਾਂਦੀ। ਪਰੰਤੂ ਉਹ ਕਦੇ ਕਦਾਈਂ ਬਹੁਤ ਹੀ ਹਲੀਮੀ ਅਤੇ ਨਿਮਰਤਾ ਨਾਲ਼ ਆਪਣੀ ਸੱਸ ਨੂੰ ਕਹਿੰਦੀ, “ਬੀਜੀ, ਤੁਹਾਡੀਆਂ ਸਾਰੀਆਂ ਹੀ ਗੱਲਾਂ ਬਹੁਤ ਸਿਆਣੀਆਂ ਨੇ। ਪਰੰਤੂ ਮੇਰਾ ਦਿਉਰ ਅਤੇ ਨਣਦ ਦੋਵੇਂ ਹੀ ਬਹੁਤ ਲਾਇਕ ਬੱਚੇ ਨੇ। ਇਨ੍ਹਾਂ ਦੋਵਾਂ ਨੇ ਆਪ ਤਾਂ ਕਦੀ ਵੀ ਮੈਥੋਂ ਪੈਸੇ ਨਹੀਂ ਮੰਗੇ। ਇਹ ਤਾਂ ਕਦੇ ਕਦਾਈਂ ਮੇਰਾ ਹੀ ਸਲੂਣਾਂ ਖਾਣ ਲਈ ਚਿੱਤ ਕਰ ਆਉਂਦੈ। ਤਦ ਮੈਂ ਮੰਗਵਾ ਲੈਂਦੀ ਆਂ ਕੁਝ ਨਾ ਕੁਝ। ਬਾਕੀ ਤੁਹਾਡਾ ਹੁਕਮ ਹੈ ਤਾਂ ਮੈਂ ਅਗਾਂਹ ਤੋਂ ਕੁਝ ਨਹੀਂ ਮੰਗਵਾਵਾਂਗੀ।” ਨੂੰਹ ਦੀਆਂ ਇਹੋ ਜਿਹੀਆਂ ਸਿਆਣਪ ਭਰੀਆਂ ਗੱਲਾਂ ਸੁਣ ਕੇ ਸੱਸ ਵੀ ਗੱਲ ਨੂੰ ਆਈ ਗਈ ਕਰ ਦਿੰਦੀ।
ਸਰਦਾਰਾ ਸਿੰਘ ਦੀ ਡਿਊਟੀ ਲੁਧਿਆਣੇ ਜ਼ਿਲ੍ਹੇ ਵਿੱਚ ਸੀ। ਉਹ ਘਰ ਤੋਂ ਸੌ ਕਿਲੋਮੀਟਰ ਦੀ ਦੂਰੀ ‘ਤੇ ਬੈਠਾ ਸੀ। ਉਸ ਲਈ ਹਰ ਰੋਜ਼ ਸ਼ਾਮ ਨੂੰ ਵਾਪਸ ਆਪਣੇ ਘਰ ਪਹੁੰਚਣਾ ਕਾਫ਼ੀ ਮੁਸ਼ਕਲ ਸੀ। ਇਸ ਲਈ ਉਹ ਹਫ਼ਤੇ, ਦਸ ਦਿਨਾਂ ਬਾਅਦ ਹੀ ਆਪਣੇ ਪਿੰਡ ਗੇੜਾ ਮਾਰਦਾ ਸੀ। ਪਰੰਤੂ ਜਿੰਨੇਂ ਦਿਨ ਉਹ ਆਪਣੇ ਪਿੰਡ ਰਹਿੰਦਾ, ਜਸ਼ਨ ਕੱਤੇ ਦੀ ਕਪਾਹ ਵਾਂਗੂੰ ਖਿੜੀ ਰਹਿੰਦੀ।
ਪਰੰਤੂ ਉਸ ਦੇ ਸਰਦਾਰ ਦੇ ਆਪਣੀ ਡਿਊਟੀ ‘ਤੇ ਵਾਪਸ ਜਾਣ ਤੋਂ ਬਾਅਦ ਇੱਕ ਦੋ ਦਿਨ ਉਸ ਦਾ ਮਨ ਬਹੁਤ ਉਦਾਸ ਰਹਿੰਦਾ। ਉਹ ਸ਼ੀਸ਼ੇ ਅੱਗੇ ਖਲ੍ਹੋ ਜਾਂਦੀ। ਆਪਣੀਆਂ ਅੱਖਾਂ ਵਿੱਚ ਤੱਕਦੀ। ਉਸ ਨੂੰ ਕਾਫ਼ੀ ਕੁਝ ਗੁਆਚਿਆ-ਗੁਆਚਿਆ ਜਿਹਾ ਲੱਗਦਾ।
ਬੀਜੀ ਜਦੋਂ ਆਪਣੀ ਨੂੰਹ ਦਾ ਮਸੋਸਿਆ ਜਿਹਾ ਮੂੰਹ ਵੇਖਦੀ। ਉਹ ਵੀ ਉਦਾਸ ਹੋ ਜਾਂਦੀ। ਇੱਕ ਵਾਰੀ ਤਾਂ ਉਸ ਨੇ ਆਪਣੇ ਪੁੱਤ ਨੂੰ ਕਹਿ ਵੀ ਦਿੱਤਾ ਸੀ, “ਦੇਖ ਪੁੱਤਰ, ਤੂੰ ਉੱਥੇ ਲੁਧਿਆਣੇ ਹੀ ਕੋਈ ਛੋਟਾ ਜਿਹਾ ਘਰ ਕਿਰਾਏ ‘ਤੇ ਲੈ ਲੈ। ਵਹੁਟੀ ਨੂੰ ਵੀ ਆਪਣੇ ਨਾਲ਼ ਹੀ ਲੈ ਜਾ। ਨੂੰਹ ਦਾ ਉਦਾਸਿਆ ਚਿਹਰਾ ਮੈਥੋਂ ਨੀਂ ਵੇਖਿਆ ਜਾਂਦਾ। ਉਹਦੇ ਮੂਹਰੇ ਵੱਲ ਵੇਖ ਮੈਨੂੰ ਤਾਂ ਹੌਲ਼ ਜਿਹੇ ਪੈਂਦੇ ਐ।” ਪਰੰਤੂ ਉਹ ਕੋਈ ਨਾ ਕੋਈ ਦਲੀਲ ਦੇ ਕੇ ਬੀਜੀ ਨੂੰ ਸਮਝਾ ਬੁਝਾਅ ਕੇ ਚੁੱਪ ਕਰਵਾ ਦਿੰਦਾ।
ਇੱਕ ਸ਼ਾਮ ਦੋਵੇਂ ਪਤੀ ਪਤਨੀ ਨੇ ਇਕੱਠਿਆਂ ਰੋਟੀ ਖਾਧੀ। ਤੇ ਉਹ ਆਪਣੇ ਕਮਰੇ ਵਿੱਚ ਸੌਣ ਲਈ ਗਏ। ਆਪਣੇ ਮਾਹੀ ਦੇ ਗਲ਼ ਵਿੱਚ ਗੋਰੀਆਂ ਬਾਹਵਾਂ ਦਾ ਹਾਰ ਪਾਉਂਦਿਆਂ ਜਸ਼ਨ ਬੋਲੀ, “ਸਰਦਾਰ ਸਾਹਿਬ, ਮੈਂ ਤੁਹਾਨੂੰ ਇੱਕ ਬੇਨਤੀ ਕਰਨੀਂ ਐਂ। ਪਰੰਤੂ ਤੁਸੀਂ ਮੈਨੂੰ ਗ਼ਲਤ ਨਾ ਸਮਝਿਓ। ਜਦੋਂ ਦੀ ਮੈਂ ਇਸ ਘਰ ਵਿੱਚ ਆਈ ਹਾਂ, ਬੀਜੀ ਤੇ ਪਾਪਾ ਜੀ ਤੋਂ ਮੈਨੂੰ ਜੋ ਪਿਆਰ ਮਿਲਿਆ ਹੈ, ਉਹ ਪਿਆਰ ਮੈਨੂੰ ਆਪਣੇ ਮੰਮੀ ਡੈਡੀ ਤੋਂ ਵੀ ਪੇਕੀਂ ਘਰ ਕਦੇ ਨਹੀਂ ਸੀ ਮਿਲਿਆ। ਮੇਰਾ ਦਿਉਰ ਅਤੇ ਨਣਦ ਵੀ ਮੈਨੂੰ ਬਹੁਤ ਪਿਆਰ ਕਰਦੇ ਨੇ। ਪਰੰਤੂ ਇੱਕ ਭਰ ਜੁਆਨ ਮੁਟਿਆਰ ਨੂੰ ਇਨ੍ਹੀਂ ਦਿਨੀਂ ਜਿਹੜਾ ਪਿਆਰ ਉਹਦਾ ਮਰਦ ਦੇ ਸਕਦੈ, ਉਸ ਦਾ ਬਦਲ ਹੋਰ ਕੋਈ ਨਹੀਂ ਹੋ ਸਕਦਾ।
ਦੂਜੀ ਗੱਲ ਇਹ ਵੀ ਹੈ ਕਿ ਬੀਜੀ ਵੀ ਮੈਨੂੰ ਤੁਹਾਡੇ ਨਾਲ਼ ਲੁਧਿਆਣੇ ਘੱਲਣ ਲਈ ਤਿਆਰ ਬੈਠੇ ਨੇ। ਮੈਨੂੰ ਆਪਣੇ ਨਾਲ਼ ਹੀ ਲੈ ਚੱਲੋ ਲੁਧਿਆਣੇ। ਮੇਰਾ ਨੀਂ ਹੁਣ ਥੋਡੇ ਬਿਨਾਂ ਕਿਤੇ ਦਿਲ ਲੱਗਦਾ। ਸਰਦਾਰਾ!! ਤੂੰ ਤਾਂ ਮੇਰੀ ਹਾਲਤ ਫੌਜਣਾਂ ਵਾਲ਼ੀ ਕਰ ਰੱਖੀ ਐ। ਉਨ੍ਹਾਂ ਵਿਚਾਰੇ ਦੇਸ਼ ਦੇ ਰਾਖਿਆਂ ਨੂੰ ਤਾਂ ਸਾਲ ਵਿੱਚ ਦੋ ਮਹੀਨੇ ਲਈ ਹੀ ਆਪਣੇ ਟੱਬਰ ਵਿੱਚ ਰਹਿਣ ਨੂੰ ਛੁੱਟੀ ਮਿਲਦੀ ਐ। ਫੌਜਣਾਂ ਦੀ ਮਜ਼ਬੂਰੀ ਤਾਂ ਭਲਾਂ ਸਮਝ ਪੈਂਦੀ ਐ। ਪਰ ਮੈਨੂੰ ਕਿਉਂ ਫੌਜਣ ਬਣਾਇਐ ਤੁਸੀਂ?”
ਉਸ ਨੇ ਆਪਣੀ ਪਤਨੀ ਦੀਆਂ ਸਾਰੀਆਂ ਗੱਲਾਂ ਬਹੁਤ ਧਿਆਨ ਨਾਲ਼ ਸੁਣੀਆਂ। ਫ਼ਿਰ ਉਹ ਬੋਲਿਆ, “ਸੋਹਣੀਏਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਨਾ ਹੀ ਤੈਨੂੰ ਨਾਲ਼ ਲਿਜਾਣ ਵਿੱਚ ਮੈਨੂੰ ਕੋਈ ਇਤਰਾਜ਼ ਹੈ। ਮੇਰੇ ਮਨ ਵਿੱਚ ਤਾਂ ਇੱਕੋ ਹੀ ਧੁੜਕੂ ਲੱਗਿਆ ਰਹਿੰਦੈ ਕਿ ਸਾਡੇ ਪੁਲਿਸ ਆਲ਼ਿਆਂ ਦੇ ਸੌ ਮਿੱਤਰ, ਸੌ ਦੁਸ਼ਮਣ। ਉੱਥੇ ਮੈਂ ਤਾਂ ਸਵੇਰੇ ਹੀ ਆਪਣੀ ਡਿਊਟੀ ‘ਤੇ ਘਰੋਂ ਚਲੇ ਜਾਇਆ ਕਰਨੈਂ। ਤੇ ਤੂੰ ਸਾਰਾ ਦਿਨ ਘਰ ਵਿੱਚ ‘ਕੱਲੀ ਕੀ ਕਰੇਂਗੀ? ਇੱਥੇ ਘਰ ਵਿੱਚ ਬੀਜੀ, ਪਾਪਾ, ਤੇਰਾ ਲਾਡਲਾ ਦਿਉਰ ਅਤੇ ਪਿਆਰੀ ਨਣਦ ਸਾਰੇ ਤੇਰੇ ਕੋਲ ਹਨ। ਫ਼ੇਰ ਸਾਰੇ ਹੀ ਤੈਨੂੰ ਜੀਅ ਜਾਨ ਨਾਲ਼ ਪਿਆਰ ਕਰਦੇ ਹਨ। ਇਸ ਲਈ ਤੇਰਾ ਪਿੰਡ ਰਹਿਣਾ ਹੀ ਆਪਣੇ ਸਾਰੇ ਪਰਿਵਾਰ ਦੇ ਹਿੱਤ ਵਿੱਚ ਹੈ।” ਫ਼ੇਰ ਉਸ ਨੇ ਉਸ ਦੀ ਕੱਛ ਵਿੱਚ ਕੁਤਕੁਤਾਰੀਆਂ ਕਰਦਿਆਂ ਹੋਇਆਂ ਕਿਹਾ, “ਫ਼ੇਰ ਮੈਂ ਹਫ਼ਤੇ ਬਾਅਦ ਤਾਂ ਘਰ ਵਿੱਚ ਆ ਕੇ ਤੇਰੀ ਸੇਵਾ ਵਿੱਚ ਹਾਜ਼ਰ ਹੋ ਹੀ ਜਾਂਦਾ ਹਾਂ।” ਇਹ ਕਹਿੰਦਿਆਂ ਹੋਇਆਂ ਉਸ ਨੇ ਕਮਰੇ ਦੀ ਬੱਤੀ ਬੰਦ ਕਰ ਦਿੱਤੀ। ਰਾਤ ਦੇ ਹਨ੍ਹੇਰੇ ਵਿੱਚ ਉਨ੍ਹਾਂ ਦੋਵਾਂ ਜੀਆਂ ਨੂੰ ਇੰਝ ਮਹਿਸੂਸ ਹੋ ਰਿਹਾ ਸੀ, ਜਿਵੇਂ ਉਹ ਪਰੀਆਂ ਵਾਂਗੂੰ ਸਵਰਗ ਵਿੱਚ ਉੱਡ ਰਹੇ ਹੋਣ।
ਵਿਆਹ ਤੋਂ ਠੀਕ ਇੱਕ ਸਾਲ ਬਾਅਦ ਦਸ ਨਵੰਬਰ ਨੂੰ ਵਹੁਟੀ ਨੇ ਇੱਕ ਬਹੁਤ ਹੀ ਨੰਨ੍ਹੀਂ ਜਿਹੀ ਪਿਆਰੀ ਪਰੀ ਨੂੰ ਜਨਮ ਦਿੱਤਾ। ਅਗਲੀ ਪੀੜ੍ਹੀ ਦਾ ਘਰ ਵਿੱਚ ਪਹਿਲਾ ਬੱਚਾ ਹੋਣ ਕਾਰਨ ਸਾਰੇ ਟੱਬਰ ਤੋਂ ਚਾਅ ਨਹੀਂ ਸੀ ਚੁੱਕਿਆ ਜਾਂਦਾ। ਪ੍ਰੀਤਇੰਦਰ ਸਵਾ ਮਹੀਨੇ ਦੀ ਹੋਈ। ਉਸ ਅਕਾਲ ਪੁਰਖ਼ ਦਾ ਸ਼ੁਕਰਾਨਾ ਅਦਾ ਕਰਨ ਲਈ ਘਰ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਰਿਸ਼ਤੇਦਾਰੀ ਵਿੱਚੋਂ ਆਈਆਂ ਵਿਆਹੀਆਂ ਵਰੀਆਂ ਧੀਆਂ ਧਿਆਣੀਆਂ ਅਤੇ ਪ੍ਰੀਤ ਦੀਆਂ ਦੋ ਭੂਆਂ ਨੂੰ ਵਧੀਆ ਸੂਟ ਅਤੇ ਮਿਠਾਈ ਦੇ ਡੱਬੇ ਦਿੱਤੇ ਗਏ। ਪਿੰਡ ਦੀ ਸਰਪੰਚ ਬੀਬੀ ਪਰਮਿੰਦਰ ਕੌਰ ਧਾਲੀਵਾਲ ਵੀ ਪਰਿਵਾਰ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਬੋਲੀ- “ਸ. ਅਜੀਤ ਸਿੰਘ ਜੌਹਲ ਦੇ ਪਰਿਵਾਰ ਵੱਲੋਂ ਧੀ ਦੀ ਆਮਦ ‘ਤੇ ਇੰਨੀਂ ਵੱਡੀ ਖ਼ੁਸ਼ੀ ਮਨਾਈ ਗਈ ਹੈ। ਇਹ ਸਮਾਜ ਵਿੱਚ ਚੇਤਨਾ ਲਿਆਉਣ ਲਈ ਅਤੇ ਧੀਆਂ ਲਈ ਸ਼ੁੱਭ ਸ਼ਗਨ ਹੈ।”
ਭਾਵੇਂ ਪ੍ਰੀਤ ਦੇ ਜਨਮ ਦੀ ਖ਼ੁਸ਼ੀ ਉਸ ਦੇ ਦਾਦਾ ਦਾਦੀ ਨੂੰ ਵੀ ਬਹੁਤ ਜ਼ਿਆਦਾ ਸੀ। ਪਰੰਤੂ ਪ੍ਰੀਤ ਦੀ ਘਰ ਵਿੱਚ ਆਮਦ ਨਾਲ਼ ਚਾਚੇ ਅਤੇ ਭੂਆ ਨੂੰ ਤਾਂ ਜਿਵੇਂ ਖ਼ੁਦਾਈ ਹੀ ਮਿਲ ਗਈ ਹੋਵੇ। ਉਹ ਆਪਣੀ ਮੰਮੀ ਦੀ ਗੋਦ ਵਿੱਚ ਤਾਂ ਉਦੋਂ ਹੀ ਹੁੰਦੀ ਸੀ, ਜਦੋਂ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਸੀ। ਉਸ ਨੇ ਆਪਣੀ ਮਾਂ ਦਾ ਦੁੱਧ ਚੁੰਘਣਾ ਹੁੰਦਾ ਸੀ। ਬਹੁਤਾ ਸਮਾਂ ਤਾਂ ਚਾਚਾ ਅਤੇ ਭੂਆ ਹੀ ਉਸ ਨੂੰ ਖਿਡਾਉਂਦੇ ਰਹਿੰਦੇ ਸਨ। ਜਦੋਂ ਵੀ ਚਾਚੇ ਨੇ ਆਪ ਰੋਟੀ ਖਾਣ ਲਈ ਬੈਠਣਾ, ਉਹ ਪ੍ਰੀਤ ਨੂੰ ਵੀ ਆਪਣੇ ਨਾਲ਼ ਹੀ ਮੰਜੇ ‘ਤੇ ਬਿਠਾ ਲੈਂਦਾ ਸੀ। ਇੱਕ ਬੁਰਕੀ ਉਹਨੇ ਆਪਣੇ ਮੂੰਹ ਵਿੱਚ ਪਾਉਣੀ। ਦੂਜੀ ਛੋਟੀ ਜਿਹੀ ਬੁਰਕੀ ਦਾਲ, ਸਬਜ਼ੀ, ਦਹੀਂ ਲਗਾ ਕੇ ਉਹ ਪ੍ਰੀਤ ਦੇ ਮੂੰਹ ਵਿੱਚ ਪਾ ਦਿੰਦਾ ਸੀ। ਪ੍ਰੀਤ ਨੂੰ ਆਪਣੇ ਨਾਲ਼ ਰੋਟੀ ਖੁਆਉਂਦਿਆਂ ਵੇਖ ਕੇ ਇੱਕ ਦਿਨ ਉਸ ਦੀ ਭਾਬੀ ਨੇ ਕਿਹਾ ਸੀ, “ਇੰਦਰਜੀਤ ਵੀਰੇ, ਤੁਸੀਂ ਢੰਗ ਸਿਰ ਪਹਿਲਾਂ ਆਪਣੀ ਰੋਟੀ ਖਾ ਲਵੋ। ਪ੍ਰੀਤ ਨੂੰ ਮੈਂ ਆਪੇ ਰੋਟੀ ਖੁਆ ਦਿਆਂਗੀ। ਇਸ ਤਰ੍ਹਾਂ ਕੁੜੀ ਨੂੰ ਨਾਲ਼ ਬਿਠਾ ਕੇ ਤੁਹਾਨੂੰ ਵੀ ਰੋਟੀ ਖਾਣ ਦਾ ਪੂਰਾ ਆਨੰਦ ਅਤੇ ਰਸ ਨਹੀਂ ਆਉਂਦਾ ਹੋਵੇਗਾ।ਆਪਣੀ ਭਾਬੀ ਦੀ ਗੱਲ ਸੁਣ ਕੇ ਉਹ ਬੋਲਿਆ ਸੀ- “ਭਾਬੀ! ਪ੍ਰੀਤ ਨੂੰ ਨਾਲ਼ ਬਿਠਾ ਕੇ ਰੋਟੀ ਖਾਣ ਦਾ ਜਿਹੜਾ ਆਨੰਦ ਮਾਣਿਆ ਜਾ ਸਕਦਾ ਹੈ, ਉਹ ਇਕੱਲਿਆਂ ਬੈਠ ਕੇ ਰੋਟੀ ਖਾਣ ਵਿੱਚ ਕਿੱਥੇ ਹੈ? ਇਸ ਲਈ ਤੁਸੀਂ ਸਾਡੀ ਕੋਈ ਪ੍ਰਵਾਹ ਨਾ ਕਰੋ। ਅਸੀਂ ਚਾਚਾ ਭਤੀਜੀ ਇਸ ਤਰ੍ਹਾਂ ਇਕੱਠੇ ਰੋਟੀ ਖਾ ਕੇ ਬਹੁਤ ਖ਼ੁਸ਼ ਹੁੰਦੇ ਹਾਂ।” ਦਿਉਰ ਦੀਆਂ ਗੱਲਾਂ ਸੁਣ ਉਹ ਮਨ ਹੀ ਮਨ ਖ਼ੁਸ਼ ਹੋ ਕੇ ਚੁੱਪ ਕਰ ਜਾਂਦੀ।
ਜਦੋਂ ਵੀ ਘਰ ਵਿੱਚ ਅੰਬ ਆਉਂਦੇ ਤਾਂ ਉਹ ਚਮਚੇ ਨਾਲ਼ ਥੋੜ੍ਹਾ-ਥੋੜ੍ਹਾ ਅੰਬ ਪ੍ਰੀਤ ਨੂੰ ਖੁਆਉਂਦਾ ਰਹਿੰਦਾ। ਕਿਸੇ-ਕਿਸੇ ਦਿਨ ਬਹੁਤ ਜ਼ਿਆਦਾ ਗਰਮੀ ਹੋਣੀ। ਬਿਜਲੀ ਦੇ ਵੱਡੇ-ਵੱਡੇ ਕੱਟ ਲੱਗੇ ਹੋਣੇ। ਤਦ ਉਹ ਪ੍ਰੀਤ ਨੂੰ ਇੱਕ ਟੱਬ ਵਿੱਚ ਠੰਡਾ ਪਾਣੀ ਪਾ ਕੇ ਉਸ ਵਿੱਚ ਬਿਠਾ ਦਿੰਦਾ। ਗਰਮੀ ਤੋਂ ਅਵਾਜ਼ਾਰ ਹੋਈ ਹੁੰਦੀ ਨੰਨ੍ਹੀਂ ਪਰੀ ਪ੍ਰੀਤ ਠੰਢੇ ਪਾਣੀ ਵਿੱਚ ਬੈਠ ਕੇ ਬਹੁਤ ਖੇਡਦੀ। ਬਹੁਤ ਜ਼ਿਆਦਾ ਆਨੰਦ ਮਾਣਦੀ। ਕਦੇ ਉਹ ਆਪਣੇ ਨਿੱਕੇ-ਨਿੱਕੇ ਹੱਥਾਂ ਨੂੰ ਪਾਣੀ ਵਿੱਚ ਮਾਰ ਕੇ ਖੇਡਦੀ। ਕਦੇ ਆਪਣੇ ਛੋਟੇ-ਛੋਟੇ ਹੱਥਾਂ ਵਿੱਚ ਪਾਣੀ ਭਰ ਕੇ ਆਪਣੇ ਚਾਚੇ ਵੱਲ ਉਛਾਲਦੀ। ਜਦ ਕਿਤੇ ਚਾਚੇ ਦੇ ਕੱਪੜੇ ਕੁਝ ਜ਼ਿਆਦਾ ਹੀ ਗਿੱਲੇ ਹੋ ਜਾਂਦੇ ਤਾਂ ਉਹ, “ਓਏ ਓਏ! ਮੈਨੂੰ ਤਾਂ ਠੰਢੇ ਪਾਣੀ ਨਾਲ਼ ਨੁਆ ਦਿੱਤਾ।” ਕਹਿੰਦਾ ਹੋਇਆ ਨਾਲ਼ ਹੀ ਉਹ ਉੱਚੀ-ਉੱਚੀ ਹੱਸਣ ਲੱਗ ਪੈਂਦਾ। ਆਪਣੇ ਚਾਚੇ ਨੂੰ ਹੱਸਦਾ ਵੇਖ ਕੇ ਪ੍ਰੀਤ ਵੀ ਖਿੱਲਾਂ ਵਾਂਗੂੰ ਖਿੜ ਜਾਂਦੀ।
ਆਮ ਤੌਰ ‘ਤੇ ਉਹ ਪ੍ਰੀਤ ਨੂੰ ਆਪਣੇ ਮੋਢਿਆਂ ‘ਤੇ ਬਿਠਾ ਲੈਂਦਾ। ਘਰ ਵਿੱਚ ਇੱਧਰ ਉੱਧਰ ਗੇੜੇ ਕੱਢਦਾ। ਉਸ ਨੂੰ ਇਸ ਖੇਡ ਵਿੱਚ ਬੜਾ ਆਨੰਦ ਆਉਂਦਾ। ਕਦੀ-ਕਦੀ ਉਹ ਪ੍ਰੀਤ ਨੂੰ ਆਪਣੇ ਦੋਵੇਂ ਹੱਥਾਂ ਨਾਲ਼ ਉੱਪਰ ਹਵਾ ਵਿੱਚ ਉਛਾਲ ਦਿੰਦਾ। ਵਾਪਸ ਆਉਂਦੀ ਨੂੰ ਉਹ ਆਪਣੇ ਦੋਵਾਂ ਹੱਥਾਂ ਨਾਲ਼ ਫ਼ੜ ਲੈਂਦਾ। ਤਦ ਵੀ ਪ੍ਰੀਤ ਖ਼ੁਸ਼ੀ ਵਿੱਚ ਕਿਲਕਾਰੀਆਂ ਮਾਰਦੀ। ਉਹ ਖ਼ੁਸ਼ੀ ਵਿੱਚ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ਼ ਤਾੜੀਆਂ ਮਾਰਨ ਲੱਗ ਪੈਂਦੀ। ਇੱਕ ਦਿਨ ਸ਼ਾਮ ਨੂੰ ਪ੍ਰੀਤ ਨੂੰ ਬਹੁਤ ਜ਼ਿਆਦਾ ਤੇਜ਼ ਬੁਖ਼ਾਰ ਚੜ੍ਹ ਗਿਆ। ਉਹ ਆਪਣੀ ਭਾਬੀ ਅਤੇ ਪ੍ਰੀਤ ਨੂੰ ਨਾਲ਼ ਲੈ ਕੇ ਬੱਚਿਆਂ ਦੇ ਮਾਹਿਰ ਡਾਕਟਰ ਪਾੱਲ ਦੇ ਕਲੀਨਿਕ ਵਿੱਚ ਚਲਾ ਗਿਆ। ਡਾਕਟਰ ਨੇ ਬੜੀ ਹਲਕੀ ਜਿਹੀ ਦਵਾਈ ਦਿੱਤੀ। ਨਾਲ਼ ਹੀ ਉਨ੍ਹਾਂ ਆਖਿਆ, “ਘਰ ਜਾ ਕੇ ਬੱਚੀ ਦੇ ਹੱਥਾਂ, ਪੈਰਾਂ ਅਤੇ ਮੱਥੇ ਉੱਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖਣੀਆਂ ਹਨ।”
ਘਰ ਪਹੁੰਚ ਕੇ ਉਸ ਨੇ ਸਭ ਤੋਂ ਪਹਿਲਾਂ ਪ੍ਰੀਤ ਨੂੰ ਪੀਣ ਵਾਲ਼ੀ ਦਵਾਈ ਦਿੱਤੀ । ਫ਼ੇਰ ਉਸ ਨੇ ਇੱਕ ਛੰਨੇ ਵਿੱਚ ਠੰਢਾ ਪਾਣੀ ਪਾ ਲਿਆ। ਉਹ ਬਹੁਤ ਲੰਮੇਂ ਸਮੇਂ ਤੱਕ ਪ੍ਰੀਤ ਦੇ ਹੱਥਾਂ, ਪੈਰਾਂ ਅਤੇ ਮੱਥੇ ਉੱਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖਦਾ ਰਿਹਾ। ਲਗਪਗ ਦੋ ਘੰਟਿਆਂ ਬਾਅਦ ਉਸ ਨੇ ਵੇਖਿਆ ਕਿ ਪ੍ਰੀਤ ਦਾ ਬੁਖ਼ਾਰ ਉੱਤਰ ਗਿਆ ਹੈ। ਹੁਣ ਉਹ ਅਰਾਮ ਨਾਲ਼ ਸੌਂ ਰਹੀ ਹੈ। ਤਦ ਉਸ ਨੇ ਠੰਢੇ ਪਾਣੀ ਦੀਆਂ ਪੱਟੀਆਂ ਰੱਖਣੀਆਂ ਬੰਦ ਕੀਤੀਆਂ।
ਜਦੋਂ ਪ੍ਰੀਤ ਚਾਰ ਸਾਲ ਦੀ ਹੋਈ ਤਾਂ ਉਹ ਪੜ੍ਹਨ ਲਈ ਯੂਨੀਵਰਸਿਟੀ ਚਲਾ ਗਿਆ। ਸ਼ੁਰੂ-ਸ਼ੁਰੂ ਵਿੱਚ ਤਾਂ ਉਸ ਦਾ ਹੋਸਟਲ ਵਿੱਚ ਬਿਲਕੁਲ ਹੀ ਮਨ ਨਾ ਲੱਗਿਆ। ਇਸ ਲਈ ਉਹ ਆਪਣੀਆਂ ਕਲਾਸਾਂ ਲਗਾ ਕੇ ਬੱਸ ਚੜ੍ਹ ਕੇ ਹਰ ਰੋਜ਼ ਵਾਪਸ ਆਪਣੇ ਪਿੰਡ ਆ ਜਾਂਦਾ।
ਸ਼ਾਮ ਨੂੰ ਉਹ ਆਪਣੇ ਘਰ ਵਿੱਚ ਬਣੇ ਸ਼ਾਨਦਾਰ ਲਾਅਨ ਵਿੱਚ ਆਪਣੇ ਦੋਵੇਂ ਹੱਥ ਧਰਤੀ ਉੱਤੇ ਟਿਕਾ ਕੇ, ਆਪਣੇ ਦੋਵੇਂ ਗੋਡਿਆਂ ਨੂੰ ਵੀ ਧਰਤੀ ‘ਤੇ ਲਗਾ ਦਿੰਦਾ। ਫ਼ਿਰ ਉਹ ਪ੍ਰੀਤ ਨੂੰ ਆਪਣੀ ਪਿੱਠ ਉੱਤੇ ਬਿਠਾ ਲੈਂਦਾ। ਉਹ ਸਾਰੇ ਲਾਅਨ ਵਿੱਚ ਗੇੜੇ ਕੱਢਦਾ। ਪ੍ਰੀਤ ਨੂੰ ਲੱਗਦਾ ਕਿ ਉਹ ਘੋੜੇ ਦੀ ਸਵਾਰੀ ਕਰ ਰਹੀ ਹੈ। ਇਸ ਪ੍ਰਕਾਰ ਉਹ ਆਪਣੇ ਚਾਚੇ ਦੀ ਪਿੱਠ ਉੱਤੇ ਸਵਾਰੀ ਕਰਕੇ ਬਹੁਤ ਜ਼ਿਆਦਾ ਖ਼ੁਸ਼ ਹੁੰਦੀ ਸੀ। ਬਹੁਤ ਜ਼ਿਆਦਾ ਗੇੜੇ ਕੱਢਣ ਬਾਅਦ ਉਹ ਬਹੁਤ ਜ਼ਿਆਦਾ ਥੱਕ ਜਾਂਦਾ। ਉਹ ਇੱਕ ਥਾਂ ‘ਤੇ ਖੜ੍ਹੋ ਜਾਂਦਾ। ਫ਼ਿਰ ਉਹ ਪ੍ਰੀਤ ਨੂੰ ਕਹਿੰਦਾ- “ਮੇਰੇ ਸਵਾਰ ਜੀ, ਤੁਹਾਡਾ ਘੋੜਾ ਹੁਣ ਬਹੁਤ ਜ਼ਿਆਦਾ ਥੱਕ ਗਿਆ ਹੈ। ਘੋੜੇ ਨੂੰ ਬਹੁਤ ਭੁੱਖ ਲੱਗੀ ਹੈ। ਇਸ ਲਈ ਸਵਾਰ ਜੀ, ਹੁਣ ਤੁਸੀਂ ਆਪਣੇ ਘੋੜੇ ਤੋਂ ਥੱਲੇ ਉੱਤਰ ਜਾਉ।” ਇਸ ਤਰ੍ਹਾਂ ਉਹ ਹੌਲੀ-ਹੌਲੀ ਪ੍ਰੀਤ ਨੂੰ ਆਪਣੀ ਪਿੱਠ ਤੋਂ ਹੇਠਾਂ ਉਤਾਰ ਦਿੰਦਾ। ਇਸ ਪ੍ਰਕਾਰ ਦੀਆਂ ਖੇਡਾਂ ਕੁੜੀ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਦਿੰਦੀਆਂ। ਉਸ ਨੂੰ ਮਾਨਸਿਕ ਆਨੰਦ ਪ੍ਰਦਾਨ ਕਰਦੀਆਂ।
ਲਗਪਗ ਦੋ ਕੁ ਮਹੀਨੇ ਬਾਅਦ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ਼ਹੀਦ ਭਗਤ ਸਿੰਘ ਹੋਸਟਲ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਰੰਤੂ ਫ਼ੇਰ ਵੀ ਉਹ ਹਫ਼ਤੇ, ਦੋ ਹਫ਼ਤੇ ਬਾਅਦ ਆਪਣੇ ਪਿੰਡ ਜ਼ਰੂਰ ਗੇੜਾ ਮਾਰ ਜਾਂਦਾ ਸੀ। ਜੂਨ ਮਹੀਨੇ ਦਾ ਦੂਜਾ ਪੰਦਰਵਾੜਾ ਲੰਘ ਰਿਹਾ ਸੀ। ਮੌਸਮ ਵਿਭਾਗ ਵਾਲ਼ਿਆਂ ਨੇ ਸੂਚਨਾ ਦੇ ਦਿੱਤੀ ਸੀ। ਇਸ ਵਾਰ ਮੌਨਸੂਨ ਪੌਣਾਂ ਕਾਫ਼ੀ ਪਛੜ ਕੇ ਪੰਜਾਬ ਪਹੁੰਚਣਗੀਆਂ। ਸ਼ਨੀਵਾਰ ਵਾਲ਼ੇ ਦਿਨ ਉਹ ਆਪਣੀਆਂ ਜਮਾਤਾਂ ਲਗਾ ਕੇ ਬਾਅਦ ਦੁਪਹਿਰ ਤਿੰਨ ਵਜੇ ਆਪਣੇ ਘਰ ਪਹੁੰਚ ਗਿਆ।
ਬਿਜਲੀ ਬੋਰਡ ਦੇ ਮੁਲਾਜ਼ਮ ਪਿੰਡ ਵਿੱਚ ਨਵੀਂ ਲਾਈਨ ਪਾ ਰਹੇ ਸਨ। ਇਸ ਲਈ ਸਵੇਰ ਤੋਂ ਹੀ ਬਿਜਲੀ ਦਾ ਕੱਟ ਲੱਗਿਆ ਹੋਇਆ ਸੀ। ਉਸ ਦੇ ਬੀਜੀ ਪਾਪਾ, ਭਾਬੀ, ਬਲਵਿੰਦਰ ਅਤੇ ਪ੍ਰੀਤ ਘਰ ਦੇ ਬਰਾਂਡੇ ਵਿੱਚ ਸਾਰੇ ਇਕੱਠੇ ਹੀ ਬੈਠੇ ਸਨ। ਉਸ ਨੇ ਬੀਜੀ, ਪਾਪਾ ਅਤੇ ਵੱਡੀ ਭਾਬੀ ਦੇ ਪੈਰੀਂ ਹੱਥ ਲਾਏ। ਉਨ੍ਹਾਂ ਕੋਲੋਂ ਆਸ਼ੀਰਵਾਦ ਲਿਆ। ਬਲਵਿੰਦਰ ਅਤੇ ਪ੍ਰੀਤ ਦੇ ਸਿਰ ਉੱਤੇ ਪਿਆਰ ਅਤੇ ਸਨੇਹ ਨਾਲ਼ ਹੱਥ ਫੇਰਿਆ। ਪ੍ਰੀਤ ਉਸੇ ਵੇਲੇ ਆਪਣੀ ਥਾਂ ਤੋਂ ਉੱਠੀ। ਉਹ ਅੰਦਰਲੇ ਕਮਰੇ ਵਿੱਚ ਗਈ। ਇੱਕ ਟਰੇਅ ਵਿੱਚ ਪਾਣੀ ਦਾ ਗਿਲਾਸ ਰੱਖਿਆ। ਆਪਣੇ ਚਾਚਾ ਜੀ ਨੂੰ ਆ ਕੇ ਬੋਲੀ, “ਚਾਚਾ ਜੀ! ਆਹ ਲਉ। ਠੰਢਾ ਪਾਣੀ ਪੀਉ ਜੀ।” ਉਸ ਨੇ ਪਾਣੀ ਦਾ ਗਿਲਾਸ ਆਪਣੇ ਹੱਥ ਵਿੱਚ ਲੈਂਦਿਆਂ ਹੋਇਆਂ ਕਿਹਾ, “ਸ਼ੁਕਰੀਆ! ਪਿਆਰੇ ਪੁੱਤਰ।” ਨਾਲ਼ ਹੀ ਉਸ ਨੇ ਪ੍ਰੀਤ ਦੇ ਸਿਰ ਉੱਤੇ ਪਿਆਰ ਨਾਲ਼ ਹੱਥ ਫੇਰਿਆ। ਉਸ ਨੇ ਪਾਣੀ ਦਾ ਗਿਲਾਸ ਪੀਤਾ। ਖ਼ਾਲੀ ਗਿਲਾਸ ਮੁੜ ਟਰੇਅ ਵਿੱਚ ਰੱਖ ਦਿੱਤਾ। ਕੁੜੀ ਟਰੇਅ ਅਤੇ ਖ਼ਾਲੀ ਗਿਲਾਸ ਰਸੋਈ ਵਿੱਚ ਰੱਖ ਆਈ।
ਉਸ ਦੇ ਬੀਜੀ, ਪਾਪਾ ਉਸ ਦੀ ਪੜ੍ਹਾਈ ਸੰਬੰਧੀ ਗੱਲਬਾਤ ਕਰ ਰਹੇ ਸਨ। ਉਸੇ ਵੇਲੇ ਥਾਣੇਦਾਰ ਵੀ ਘਰ ਪਹੁੰਚ ਗਿਆ। ਉਸ ਨੇ ਆਪਣੇ ਬੀਜੀ, ਪਾਪਾ ਦੇ ਚਰਨਾਂ ਉੱਤੇ ਮੱਥਾ ਟੇਕਿਆ। ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਬਾਕੀ ਸਾਰਿਆਂ ਨੇ ਉਸ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਪੰਜ ਕੁ ਮਿੰਟ ਬਾਅਦ ਜਸ਼ਨਪ੍ਰੀਤ ਨੇ ਆਪਣੀ ਧੀ ਨੂੰ ਕਿਹਾ, “ਪ੍ਰੀਤ, ਤੇਰੇ ਡੈਡੀ ਬਾਹਰੋਂ ਧੁੱਪ ਵਿੱਚੋਂ ਆਏ ਨੇ। ਡੈਡੀ ਨੂੰ ਨ੍ਹੀਂ ਪਾਣੀ ਦੇਣਾਂ?” ਆਪਣੀ ਮੰਮੀ ਦੀ ਗੱਲ ਸੁਣ ਕੇ ਉਹ ਬਹੁਤ ਹੀ ਮਾਸੂਮੀਅਤ ਅਤੇ ਭੋਲ਼ਾ ਜਿਹਾ ਚਿਹਰਾ ਬਣਾ ਕੇ ਬੋਲੀ, “ਇਹ ਕੋਈ ਮੇਰੇ ਚਾਚਾ ਜੀ ਨੇ! ਇਹ ਤਾਂ ਮੇਰੇ ਡੈਡੀ ਨੇ!”
ਆਪਣੀ ਮਾਸੂਮ ਧੀ ਦੀਆਂ ਆਲ਼ੀਆਂ ਭੋਲ਼ੀਆਂ ਗੱਲਾਂ ਸੁਣ ਕੇ ਥਾਣੇਦਾਰ ਨੇ ਕਿਹਾ- “ਪ੍ਰੀਤ ਨੇ ਜੋ ਕਿਹਾ ਹੈ, ਬਿਲਕੁਲ ਦਰੁਸਤ ਕਿਹਾ ਹੈ। ਮੈਂ ਆਪਣੀ ਸਰਕਾਰੀ ਡਿਊਟੀ ਨੂੰ ਤਾਂ ਬਹੁਤ ਵਧੀਆ ਢੰਗ ਨਾਲ਼ ਨਿਭਾਉਂਦਾ ਰਿਹਾ ਹਾਂ। ਪਰੰਤੂ ਮੈਂ ਆਪਣੇ ਪਰਿਵਾਰ ਪ੍ਰਤੀ ਅਤੇ ਆਪਣੀ ਲਾਡਲੀ ਧੀ ਪ੍ਰੀਤ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਸਹੀ ਢੰਗ ਨਾਲ਼ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਿਹਾ ਹਾਂ। ਨਾ ਤਾਂ ਮੈਂ ਆਪਣੀ ਧੀ ਨੂੰ ਕਦੇ ਲੋਰੀ ਦੇ ਕੇ ਸੁਆਇਆ ਹੈ । ਨਾ ਹੀ ਉਸ ਦੇ ਮੂੰਹ ਵਿੱਚ ਕਦੇ ਬੁਰਕੀ ਪਾਈ ਹੈ। ਨਾ ਹੀ ਮੈਂ ਉਸ ਦਾ ਕਦੇ ਘੋੜਾ ਬਣਿਆਂ ਹਾਂ। ਮੈਂ ਤਾਂ ਉਸ ਦਾ ਕੇਵਲ ਬਾਇਲੌਜੀਕਲ (ਜੈਵਿਕ) ਪਿਤਾ ਹੀ ਹਾਂ। ਬਾਕੀ ਪਿਤਾ ਵਾਲ਼ੇ ਫ਼ਰਜ਼ ਤਾਂ ਮੈਂ ਕਦੇ ਵੀ ਨਹੀਂ ਨਿਭਾਅ ਸਕਿਆ। ਇਸ ਲਈ ਪ੍ਰੀਤ ਨੂੰ ਅੱਜ ਮੇਰੀ ਪਾਣੀ ਦੀ ਲੋੜ ਮਹਿਸੂਸ ਨਹੀਂ ਹੋਈ। ਇਸ ਵਿੱਚ ਸਭ ਤੋਂ ਵੱਡਾ ਕਸੂਰਵਾਰ ਕੇਵਲ ਮੈਂ ਹੀ ਹਾਂ। ਇਹ ਜਿਹੜੇ ਮਨੁੱਖੀ ਰਿਸ਼ਤੇ ਹਨ, ਇਹ ਮੋਹ ਨਾਲ਼ ਹੀ ਪਨਪਦੇ ਹਨ। ਮੋਹ ਨਾਲ਼ ਹੀ ਵਧਦੇ ਫੁੱਲਦੇ ਹਨ। ਮੋਹ ਸੰਗ ਹੀ ਇਨ੍ਹਾਂ ਰਿਸ਼ਤਿਆਂ ਦੀ ਉਮਰ ਲੰਮੇਰੀ ਹੁੰਦੀ ਹੈ। ਰਿਸ਼ਤਿਆਂ ਦਾ ਅਸਲੀ ਨਿੱਘ ਅਤੇ ਮੋਹ ਇਸੇ ਪਾਕੀਜ਼ਗੀ ਵਿੱਚ ਹੈ।”
ਡਾ. ਇਕਬਾਲ ਸਿੰਘ ਸਕਰੌਦੀ, ਗਲ਼ੀ ਨੰਬਰ 06, ਥਲੇਸ ਬਾਗ਼ ਕਲੋਨੀ, ਸੰਗਰੂਰ- 148001
8427685020.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



