(ਸਮਾਜ ਵੀਕਲੀ) ਮੇਰੇ ਬੱਤੀ ਜਵਾਨਾਂ ਵਿਚੋਂ ਬਹੁਤੇ ਸੇਵਾਮੁਕਤ ਹੋ ਗਏ ਤੇ ਅੱਧੇ ਕੁ ਉਮਰ ਦੇ ਲਿਹਾਜ਼ ਨਾਲ ਸ਼ਹੀਦ। ਬਾਕੀ ਸਾਹਮਣੇ ਸ਼ੋਅ ਕੇਸ ਵਾਲੇ ਜਰੂਰ ਹੱਟੇ ਕੱਟੇ ਨਜ਼ਰ ਆਉਂਦੇ ਹਨ। ਪਰ ਅਸਲੀਅਤ ਇਹ ਹੈ ਕਿ ਇਹ ਵੀ ਦਿਖਾਵੇ ਜੋਗੇ ਹੀ ਹਨ। ਹੁਣ ਜਦੋਂ ਬਾਕੀਆਂ ਦੇ ਕੰਮ ਦਾ ਬੋਝ ਵੀ ਇਹ੍ਹਨਾਂ ਸਿਰ ਹੈ ਪਰ ਇਹ ਤਾਂ ਆਪਣੀ ਡਿਊਟੀ ਕਰਨ ਤੋਂ ਵੀ ਅਸਮਰਥ ਹਨ। ਸਾਦੀ ਰੋਟੀ ਤੇ ਦਾਲ ਨੂੰ ਮਸਾ ਲੰਘਾਉਂਦੇ ਹਨ। ਬਾਕੀ ਕਾਜੂ, ਬਦਾਮ, ਭੁੱਜੇ ਛੋਲੇ, ਗਿਰੀਆਂ ਅਤੇ ਸਖਤ ਫਲ ਵੇਖਕੇ ਇਹ ਕੰਬਣ ਲੱਗ ਜਾਂਦੇ ਹਨ। ਕਸੂਰ ਇਹ੍ਹਨਾਂ ਦਾ ਵੀ ਨਹੀਂ ਕਿਉਂਕਿ ਪਿਛਲੀਆਂ ਚੱਕੀਆਂ ਕਦੋਂ ਦੀਆਂ ਛੱਡਕੇ ਜਾਂ ਚੁੱਕੀਆਂ ਹਨ ਉੱਥੇ ਓਹਨਾ ਦੀਆਂ ਕਬਰਾਂ ਦੇ ਨਿਸ਼ਾਨ ਮੌਜੂਦ ਹਨ। ਪਰ ਫਿਰ ਵੀ ਮੇਰਾ ਮੂਲੀ ਖਾਣ, ਗੰਨੇ ਚੂਸਣ ਅਤੇ ਛੱਲੀ ਖਾਣ ਦਾ ਸ਼ੋਂਕ ਬਰਕਰਾਰ ਹੈ। ਛੱਲੀ ਭੁੱਜਦੀ ਵੇਖਕੇ ਮੈਥੋਂ ਗੱਡੀ ਦੇ ਬ੍ਰੇਕ ਵੱਜ ਜਾਂਦੇ ਹਨ। ਮੇਰੇ ਨਾਲਦੀ ਦੇ ਸ਼ੌਂਕ ਵੱਖਰੇ ਹਨ। ਉਸ ਨੂੰ ਆੜੂ ਅਮਰੂਦ ਅਤੇ ਨਾਰੀਅਲ ਪਾਣੀ ਪੀਣਾ ਪਸੰਦ ਹੈ। ਹੁਣ ਕੰਡਕਟਰ ਸੀਟ ਤੇ ਬੈਠੀ ਦੀ ਇੱਛਾਂ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਇਸ ਲਈ ਮੇਰੀ ਕੋਸ਼ਿਸ਼ ਉਸ ਲਈ ਇੱਕ ਨਾਰੀਅਲ ਲੈਣ ਦੀ ਹੁੰਦੀ ਹੈ। ਕਿਉਂਕਿ ਮੈਨੂੰ ਆਪਣੇ ਲਈ ਥੌੜੇ ਜਿਹੇ ਪਾਣੀ ਬਦਲੇ ਸੱਤਰ ਰੁਪਏ ਲਾਉਣੇ ਔਖੇ ਲੱਗਦੇ ਹਨ । ਪਰ ਉਸਨੂੰ ਇਕੱਲੀ ਨੂੰ ਨਾਰੀਅਲ ਪਾਣੀ ਪੀਣਾ ਪਸੰਦ ਨਹੀਂ। ਬਹੁਤੇ ਵਾਰੀ ਸਾਡੀ ਬਹਿਸ ਹੋ ਜਾਂਦੀ ਹੈ। ਫਿਰ ਉਹ ਆਪਣੇ ਨਾਰੀਅਲ ਪਾਣੀ ਚੋ ਇੱਕ ਘੁੱਟ ਪੀਣ ਲਈ ਮਜਬੂਰੁ ਕਰਦੀ ਹੈ। ਉਸਦਾ ਮਾਣ ਰੱਖਣ ਲਈ ਮੈਨੂੰ ਉਸਦਾ ਕਹਿਣਾ ਮੰਨਣਾ ਪੈਂਦਾ ਹੈ। ਫਿਰ ਮੈਨੂੰ ਵੀ ਆਪਣੇ ਹੱਥਲੀ ਛੱਲੀ ਦੀ ਉਸਨੂੰ ਆਫ਼ਰ ਕਰਨੀ ਪੈਂਦੀ ਹੈ। ਸ਼ਾਇਦ ਇਸੇ ਨੂੰ ਐਡਜਸਟਮੈਂਟ ਕਹਿੰਦੇ ਹਨ। ਗੱਲ ਛੱਲੀ ਅਤੇ ਨਾਰੀਅਲ ਪਾਣੀ ਦੀ ਨਹੀਂ, ਵਿਆਹੁਤਾ ਜੀਵਨ ਨੂੰ ਸਫਲ ਕਰਨ ਲਈ ਕਈ ਐਡਜਸਟਮੈਂਟਸ ਕਰਨੀਆਂ ਲਾਜ਼ਮੀ ਹੁੰਦੀਆਂ ਹਨ।
ਐਡਜਸਟਮੈਂਟ ਤੇ ਮੈਂ
ਰਮੇਸ਼ ਸੇਠੀ ਬਾਦਲ
9876627234
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



