HOME ਸ਼ਰਾਰਤੀ ਚੀਤਾ

ਸ਼ਰਾਰਤੀ ਚੀਤਾ

3
ਮਾਸਟਰ ਸੰਜੀਵ ਧਰਮਾਣੀ

  (ਸਮਾਜ ਵੀਕਲੀ)   ਅੱਤ ਦੀ ਗਰਮੀ ਪੈ ਰਹੀ ਸੀ। ਸਾਰੇ ਪੰਛੀ ਅਤੇ ਜੀਵ – ਜੰਤੂ ਬੇਚੈਨ ਸਨ। ਛੱਪੜ , ਟੋਭੇ ਤੇ ਨਦੀ ਦਾ ਪਾਣੀ ਸੁੱਕਣ ਲੱਗ ਪਿਆ ਸੀ। ਸਾਰੇ ਪੰਛੀ ਤੇ ਜਾਨਵਰ ਅੱਗ ਲੱਗਣ ਦੀ ਘਟਨਾ ਵਾਪਰਨ ਤੋਂ ਡਰਦੇ ਸਨ। ਸ਼ੇਰ ਨੇ ਸਾਰੇ ਪੰਛੀਆਂ ਤੇ ਜਾਨਵਰਾਂ ਦੀ ਸਭਾ ਬੁਲਾਈ। ਸਭ ਨੇ ਜੰਗਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨਾ ਵਾਪਰਨ ਬਾਰੇ ਸਲਾਹ – ਮਸ਼ਵਰਾ ਕੀਤਾ ਤੇ ਆਪਣੇ – ਆਪਣੇ ਘਰਾਂ ਨੂੰ ਚਲੇ ਗਏ। ਉਸ ਜੰਗਲ ਵਿੱਚ ਇੱਕ ਸ਼ਰਾਰਤੀ ਚੀਤਾ ਵੀ ਰਹਿੰਦਾ ਸੀ। ਉਹ ਸ਼ੇਰ ਨੂੰ ਮਾਰ ਕੇ ਆਪ ਜੰਗਲ ਦਾ ਰਾਜਾ ਬਣਨਾ ਚਾਹੁੰਦਾ ਸੀ ਅਤੇ ਸ਼ੇਰ ਨੂੰ ਬਦਨਾਮ ਕਰਨ ਬਾਰੇ ਸੋਚਦਾ ਰਹਿੰਦਾ। ਰਾਤ ਦਾ ਸਮਾਂ ਸੀ। ਸਾਰੇ ਪੰਛੀ ਤੇ ਜਾਨਵਰ ਅਰਾਮ ਨਾਲ ਸੌ ਰਹੇ ਸਨ। ਅਚਾਨਕ ਹੀ ਉਸ ਸ਼ਰਾਰਤੀ ਚੀਤੇ ਨੇ ਜੰਗਲ ਵਿੱਚ ਅੱਗ ਲਗਾ ਦਿੱਤੀ। ਉਹ ਚਾਹੁੰਦਾ ਸੀ ਕਿ ਜੰਗਲ ਦਾ ਰਾਜਾ ਅੱਗ ਨਾਲ ਮਰ ਜਾਵੇ। ਚੀਤਾ ਜਲਦੀ ਹੀ ਉੱਥੋਂ ਦੌੜ ਗਿਆ। ਸਾਰੇ ਜਾਨਵਰਾਂ ਤੇ ਪੰਛੀਆਂ ਵਿੱਚ ਹਾਹਾਕਾਰ ਮੱਚ ਗਈ। ਅੱਗ ਦੀਆਂ ਲਾਟਾਂ ਤੇਜੀ ਨਾਲ਼ ਅੱਗੇ ਵਧਣ ਲੱਗੀਆਂ। ਹਾਥੀ ਦੌੜਿਆ – ਦੌੜਿਆ ਨਦੀ ਵੱਲ ਗਿਆ ਤੇ ਆਪਣੀ ਸੁੰਡ ਵਿੱਚ  ਪਾਣੀ ਭਰ ਕੇ ਅੱਗ ਬੁਝਾਉਣ ਲੱਗਾ। ਪਰ ਅੱਗ ਫੈਲਦੀ ਹੀ ਜਾ ਰਹੀ ਸੀ। ਜਦੋਂ ਹਾਥੀ ਆਪਣੀ ਸੁੰਡ ਵਿੱਚ ਪਾਣੀ ਭਰ ਕੇ ਲਿਆਇਆ , ਉਦੋਂ ਤੱਕ ਅੱਗ ਨੇ ਇੱਕ ਸੁੱਕੇ ਕਿੱਕਰ ਦੇ ਰੁੱਖ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਸ ਰੁੱਖ ਦੇ ਉੱਤੇ ਚੀਤਾ ਅਰਾਮ ਨਾਲ ਸੌ ਰਿਹਾ ਸੀ। ਅਚਾਨਕ ਅੱਗ ਵੱਧਦੀ ਗਈ। ਫਿਰ ਚੀਤਾ ਜੋਰ – ਜੋਰ ਦੀ ਚਲਾਉਣ ਲੱਗਾ , ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ; ਕਿਉਂਕਿ ਹਾਥੀ ਦੇ ਆਉਣ ਤੱਕ ਚੀਤਾ ਅੱਗ ਨਾਲ਼ ਮਰ ਗਿਆ ਸੀ। ਉਸਨੇ ਈਰਖਾ ਕਰਕੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ , ਪਰ ਅਖੀਰ ਉਸਦੀ ਸ਼ਰਾਰਤ ਨਾਲ਼ ਉਸਦੀ ਆਪਣੀ ਹੀ ਮੌਤ ਹੋ ਗਈ। ਹਾਥੀ ਦੀ ਕੋਸ਼ਿਸ਼ ਨਾਲ਼ ਕਾਫ਼ੀ ਨੁਕਸਾਨ ਹੋਣ ਤੋਂ ਬਚ ਗਿਆ। ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੋ ਦੂਸਰਿਆਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਹਨ , ਇੱਕ ਦਿਨ ਉਹਨਾਂ ਦਾ ਆਪਣਾ ਵੀ ਨੁਕਸਾਨ ਹੋ ਜਾਂਦਾ ਹੈ। ਇਸ ਲਈ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ।

ਕਹਾਣੀਕਾਰ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ 
9478561356 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਕੁਲਥਮ ਵਿੱਚ KWS ਵੱਲੋਂ ਸੰਤ ਰਾਮਾਨੰਦ ਜੀ ਦੀ 16 ਵੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ
Next articleਆਓ ਜਿਉਣਾ ਸਿੱਖੀਏ ਤੇ ਵੱਡੀ ਲਕੀਰ ਖਿੱਚੀ ਏ!