ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਮਾਤਾ ਭੱਦਰਕਾਲੀ ਮੰਦਿਰ ਕਮੇਟੀ ਵੱਲੋਂ 78ਵੇਂ ਸਲਾਨਾ ਮੇਲੇ ਤੇ ਮੰਦਿਰ ਦੀ ਮੁੱਖ ਸਟੇਜ ਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਮੇਲਾ ਕਮੇਟੀ ਦੇ ਅਹੁਦੇਦਾਰ ਸ੍ਰੀ ਪ੍ਰਸ਼ੋਤਮ ਪਾਸੀ ਪ੍ਰਧਾਨ, ਰਾਧੇ ਸ਼ਾਮ ਸ਼ਰਮਾ ਚੇਅਰਮੈਨ, ਅਭਿਸ਼ੇਕ ਆਨੰਦ ਜਨ ਸਕੱਤਰ, ਭੁਪਿੰਦਰ ਆਨੰਦ ਉੱਪ ਚੇਅਰਮੈਨ, ਵਿਕੀ ਬਹਿਲ ਵਾਈਸ ਪ੍ਰਧਾਨ, ਮਨੂੰ ਪ੍ਰਾਸ਼ਰ ਕੈਸ਼ੀਅਰ, ਕਮਲ ਬਹਿਲ ਸਹਾਇਕ ਕੈਸ਼ੀਅਰ, ਸ਼੍ਰੀ ਰਾਹੁਲ ਆਨੰਦ ਅਤੇ ਸਮੁੱਚੇ ਕਮੇਟੀ ਮੈਂਬਰਾਂ ਵੱਲੋਂ ਸੱਦੇ ਗਏ ਕਵੀਆਂ ਦਾ ਸਵਾਗਤ ਕੀਤਾ ਗਿਆ।
ਮੰਦਰ ਕਮੇਟੀ ਦੇ ਚੇਅਰਮੈਨ ਸ਼੍ਰੀ ਰਾਧੇ ਸ਼ਾਮ ਸ਼ਰਮਾ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਹੋਇਆਂ ਕਿਹਾ ਕਿ ਪਹਿਲਾਂ ਇਹ ਮੇਲਾ ਪਾਕਿਸਤਾਨ ਵਿੱਚ ਲਗਦਾ ਸੀ। ਪਰ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਇਹ ਮੇਲਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸ਼ੇਖੁਪੁਰ ਵਿਖੇ ਮਾਤਾ ਭੱਦਰਕਾਲੀ ਦੇ ਮੰਦਰ ਵਿੱਚ ਲੱਗ ਰਿਹਾ ਹੈ। ਇਸ ਮੇਲੇ ਵਿੱਚ ਹਿੰਦੋਸਤਾਨ ਦੇ ਨਾਮਵਰ ਕਵੀਆਂ ਵਿੱਚ ਸ਼ਾਮਿਲ ਸ਼ਿਵ ਕੁਮਾਰ ਬਟਾਲਵੀ, ਕਰਤਾਰ ਸਿੰਘ ਬਲੱਗਣ, ਪ੍ਰਿੰਸੀਪਲ ਚਮਨ ਹਰ ਗੋਬਿੰਦਪੁਰੀ, ਪੰਜਾਬ ਦੇ ਰਫ਼ੀ ਵਜੋਂ ਜਾਣੇ ਜਾਂਦੇ ਰਸ਼ਪਾਲ ਸਿੰਘ ਪਾਲ, ਡਾ. ਹਰੀ ਸਿੰਘ ਜਾਚਕ, ਇੰਜੀ. ਕਰਮਜੀਤ ਸਿੰਘ ਨੂਰ, ਚੈਨ ਸਿੰਘ ਚੱਕਰਵਰਤੀ, ਸੁਜਾਨ ਸਿੰਘ ਸੁਜਾਨ, ਆਸ਼ੀ ਈਸ਼ਪੁਰੀ ਆਦਿ ਸਮੇਂ-ਸਮੇਂ ਕਰਵਾਏ ਜਾਂਦੇ ਰਹੇ ਕਵੀ-ਦਰਬਾਰਾਂ ਵਿੱਚ ਹਾਜ਼ਰੀ ਲਗਵਾਉਂਦੇ ਰਹੇ ਹਨ ।
ਮੰਦਰ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰਸ਼ੋਤਮ ਪਾਸੀ ਨੇ ਕਿਹਾ ਕਿ ਸਾਡੇ ਵਾਸਤੇ ਇਹ ਬੜੇ ਹੀ ਮਾਣ ਦੀ ਗੱਲ ਹੈ ਜੋ ਕਿ ਕਪੂਰਥਲਾ ਸ਼ਹਿਰ ਦੇ ਵਸਨੀਕ ਅਤੇ ਰਾਸ਼ਟਰੀ ਕਵੀ ਵਜੋਂ ਮਾਨਤਾ ਪ੍ਰਾਪਤ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜੀ ਜੋ ਕਿ ਪੰਜਾਬ ਸਰਕਾਰ ਦੇ ਅਦਾਰੇ “ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਚੰਡੀਗੜ੍ਹ” ਦੀ ਸੇਵਾ ਨਿਭਾਉਣ ਦੇ ਨਾਲ ਨਾਲ ਲਗਾਤਾਰ ਪਿਛਲੇ 19 ਵੀਹ ਸਾਲਾਂ ਤੋਂ ਲਗਾਤਾਰ ਇਸ ਮੇਲੇ ਤੇ ਕਰਵਾਏ ਜਾਂਦੇ ਕਵੀ-ਦਰਬਾਰ ਦਾ ਸੰਚਾਲਨ ਵੀ ਕਰਦੇ ਆ ਰਹੇ ਹਨ, ਅੱਜ ਵੀ ਇਸ ਮੇਲੇ ਦੇ ਕਵੀ ਦਰਬਾਰ ਦਾ ਸੰਚਾਲਨ ਕਰਨਗੇ।
ਸ਼ਾਇਰ ਕੰਵਰ ਇਕਬਾਲ ਸਿੰਘ ਦੀ ਸਟੇਜ ਸੰਚਾਲਣਾ ਹੇਠ ਮੇਲਾ ਕਮੇਟੀ ਵੱਲੋਂ ਦਿੱਤੇ ਗਏ ਤਰਹ ਮਿਸਰੇ “ਸਾਡੇ ਦੇਸ਼ ਤੇ ਬਣੀ ਹੈ ਭੀੜ ਭਾਰੀ, ਦੁਸ਼ਮਣ ਦੇਸ਼ ਦੇ ਮਾਰ ਮੁਕਾ ਦਾਤੀ” ਅਤੇ “ਕਸ਼ਮੀਰ ਦੇ ਚੱਪੇ-ਚੱਪੇ ਤੋਂ ਅਸੀਂ ਜਿੰਦ-ਜਵਾਨੀ ਵਾਰਾਂਗੇ” ਅਨੁਸਾਰ ਪੰਜਾਬ ਦੇ ਨਾਮਵਰ 10 ਕਵੀਆਂ ਵਿੱਚ ਸ਼ਾਮਿਲ ਲਾਲੀ ਕਰਤਾਰਪੁਰੀ ਲੱਕੀ ਮਲ੍ਹੀਆਂ ਵਾਲਾ, ਸੁਰਜੀਤ ਸਾਜਨ, ਰੂਪ ਦਬੁਰਜੀ, ਰਜਨੀ ਵਾਲੀਆ, ਆਸ਼ੂ ਕੁਮਰਾ, ਮੁਖ਼ਤਾਰ ਸਿੰਘ ਸਹੋਤਾ, ਗੁਰਦੀਪ ਗਿੱਲ, ਤੇਜਬੀਰ ਸਿੰਘ, ਅਤੇ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਆਪੋ-ਆਪਣੀ ਸ਼ਾਇਰੀ ਨਾਲ ਮਹਾਂਮਾਈ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਮੰਤਰ-ਮੁਗਧ ਕੀਤਾ। ਮੰਦਰ ਕਮੇਟੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਆਏ ਹੋਏ ਕਵੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


