(ਸਮਾਜ ਵੀਕਲੀ) ਜਲੰਧਰ ਜ਼ਿਲ੍ਹੇ ਦਾ ਘੁੱਗ ਵਸਦਾ ਪਿੰਡ ਨੰਗਲ ਅੰਬੀਆਂ ਇਤਿਹਾਸਕ ਪਿਛੋਕੜ ਵਾਲਾ ਪਿੰਡ ਹੈ । ਇਸ ਪਿੰਡ ਦੇ ਵਿਚ ਮੌਜੂਦ ਮਾਤਾ ਪੰਜਾਬ ਕੌਰ ਜੀ ਦਾ ਡੇਰਾ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਇਸ ਡੇਰੇ ਪ੍ਰਤੀ ਦੇਸ਼ ਵਿਦੇਸ਼ ਵਿਚ ਵਸਦੀਆਂ ਸੰਗਤਾਂ ਵਿਚ ਅੱਜ ਵੀ ਪੂਰੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਇਸ ਡੇਰੇ ਸਬੰਧੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਪਿੰਡ ਨੰਗਲ ਅੰਬੀਆਂ ਵਿਚ ਤਕਰੀਬਨ 7 ਕਨਾਲ ਵਿਚ ਬਣੇ ਇਸ ਡੇਰੇ ਦਾ ਸਬੰਧ ਮਾਤਾ ਪੰਜਾਬ ਕੌਰ ਜੀ ਦੇ ਪੇਕਾ ਪਰਿਵਾਰ ਦੇ ਘਰ ਵੱਜੋ ਮਾਨਤਾ ਰਖਦਾ ਹੈ। ਮੌਜੂਦਾ ਸੇਵਾਦਾਰ ਮਹੰਤ ਚੇਤਨ ਦਾਸ ਅਨੁਸਾਰ ਮਾਤਾ ਪੰਜਾਬ ਕੌਰ ਜੀ ਖਤਰੀ ਵੰਸ਼ ਵਿੱਚ ਮਾਤਾ ਦੇਵਕੀ ਜੀ ਅਤੇ ਪਿਤਾ ਰਾਮ ਨਰਾਇਣ ਜੀ ਦੇ ਘਰ ਪੈਦਾ ਹੋਏ। ਪ੍ਰਸਿੱਧ ਕਥਾ ਮੁਤਾਬਕ ਮਾਤਾ ਪੰਜਾਬ ਕੌਰ ਜੀ ਬਚਪਨ ਵਿਚ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ। ਅਤੇ ਆਪ ਜੀ ਦੇ ਮੁੱਖ ਵਿਚੋਂ ਨਿਕਲੇ ਬਚਨ ਸੱਚ ਸਾਬਤ ਹੁੰਦੇ। ਅਤੇ ਲੋਕ ਅਤੇ ਪਰਿਵਾਰ ਵਾਲੇ ਆਪ ਜੀ ਨੂੰ ਦੇਵੀ ਦਾ ਅਵਤਾਰ ਮੰਨਦੇ ਸਨ । ਮਾਤਾ ਪੰਜਾਬ ਕੌਰ ਬਚਪਨ ਵਿਚ ਸਨ ਕਿ ਆਪ ਜੀ ਪਿੱਪਲੀ ਦੇ ਦਰਖਤ ਤੇ ਪੀਂਘ ਪਾ ਕੇ ਝੂਟੇ ਲੈ ਰਹੀਆਂ ਲੜਕੀਆਂ ਕੋਲ ਪੁੱਜੇ ਅਤੇ ਪੀਂਘ ਤੇ ਝੂਟੇ ਦੇਣ ਲਈ ਕਿਹਾ। ਪੀਂਘ ਝੂਟਦੀ ਲੜਕੀ ਨੇ ਕਿਹਾ ਹੋਰ ਪੀਂਘ ਪਾ ਕੇ ਝੂਟ ਲਾ ਇਹ ਪੀਂਘ ਖਾਲੀ ਨਹੀਂ ਹੈ। ਤਾਂ ਮਾਤਾ ਪੰਜਾਬ ਕੌਰ ਘਰ ਆਣ ਕੇ ਮਾਤਾ ਦੇਵਕੀ ਜੀ ਨੂੰ ਕਹਿਣ ਲੱਗੀ ਕਿ ਮੈਨੂੰ ਚਰਖਾ, ਅਤੇ ਰੂੰ ਦੀਆਂ ਪੂਣੀਆਂ ਦਿਓ ਮੈਂ ਸੂਤ ਕੱਤਣਾ ਹੈ ਅਤੇ ਪਿਪਲੀ ਤੇ ਪੀਂਘ ਪਾਉਣੀ ਹੈ। ਤਾਂ ਮਾਤਾ ਦੇਵਕੀ ਕਹਿਣ ਲੱਗੇ ਬੇਟਾ ਕੱਚੇ ਤੰਦ ਦੀ ਪੀਂਘ ਕਿਵੇਂ ਪਵੇਗੀ ਤਾਂ ਮਾਤਾ ਪੰਜਾਬ ਕੌਰ ਕਹਿਣ ਲੱਗੇ ਜਦੋਂ ਪ੍ਰਭੂ ਦੀ ਮਰਜ਼ੀ ਹੋਵੇ ਤਾਂ ਕੱਚੇ ਤੰਦ ਦੀਆਂ ਵੀ ਪੀਂਘਾਂ ਝੂਟਦੀਆਂ ਜਾ ਸਕਦੀਆਂ ਹਨ। ਇਸ ਸਥਾਨ ਤੇ ਅੱਜ ਵੀ ਉਹ ਪਿਪਲੀ ਮੌਜੂਦ ਹੈ ਜਿਸ ਉਪਰ ਮਾਤਾ ਪੰਜਾਬ ਕੌਰ ਜੀ ਵੱਲੋਂ ਕੱਚੇ ਤੰਦ ਦੀ ਪੀਂਘ ਝੂਟ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਪੁਰਾਤਨ ਕਥਾ ਮੁਤਾਬਕ ਅੱਜ ਵੀ ਉਹ ਖੂਹੀ ਮੌਜੂਦ ਹੈ ਜਿਸ ਤੋਂ ਮਾਤਾ ਪੰਜਾਬ ਕੌਰ ਪਾਣੀ ਭਰਦੇ ਸਨ ਅਤੇ ਜਦੋਂ ਬਰਤਨ ਸਿਰ ਤੇ ਰੱਖਦੇ ਤਾਂ ਬਰਤਨ ਸਿਰਤ ਤੋਂ ਉਚਾ ਹਵਾ ਵਿਚ ਰਹਿੰਦਾ ਸੀ। ਮਾਤਾ ਪੰਜਾਬ ਕੌਰ ਜੀ ਦੀ ਸ਼ਾਦੀ ਬਾਬਾ ਰਾਮ ਰਾਏ ਜੀ ਨਾਲ ਦੇਹਰਾਦੂਨ ਵਿਖੇ ਹੋਈ ਸੀ । ਬਾਬਾ ਰਾਮ ਰਾਏ ਸਤਵੀਂ ਪਾਤਸ਼ਾਹੀ ਗੁਰੂ ਹਰਰਾਇ ਸਾਹਿਬ ਜੀ ਦੇ ਵੱਡੇ ਬੇਟੇ ਅਤੇ ਅਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰ ਕ੍ਰਿਸ਼ਨ ਜੀ ਦੇ ਭਰਾ ਸਨ। ਇਸ ਡੇਰੇ ਤੇ ਹਰ ਸਾਲ ਵਿਸਾਖ ਸੁਦੀ ਪੈਚਮੀ ਨੂੰ ਮਾਤਾ ਪੰਜਾਬ ਕੌਰ ਜੀ ਦਾ ਬੜਾ ਭਾਰੀ ਮੇਲਾ ਲਗਦਾ ਹੈ ਲੋਕਾਂ ਵਿਚ ਵਿਸ਼ਵਾਸ ਹੈ ਇਨ੍ਹਾਂ ਦਿਨਾ ਵਿਚ ਮੀਂਹ ਹਨੇਰੀ ਵੀ ਜ਼ਰੂਰ ਆਉਂਦਾ ਹੈ। ਇਸ ਸਥਾਨ ਉਪਰ ਨਿਸ਼ਾਨ ਸਾਹਿਬ ਲੱਕੜ ਦਾ ਬਣਾ ਕੇ ਚੜਾਇਆ ਜਾਂਦਾ ਹੈ। ਅਤੇ ਲੜੀ ਵਾਰ ਪਾਠਾਂ ਦੇ ਭੋਗ ਪਾਏ ਜਾਂਦੇ ਹਨ। ਸੰਗਤਾਂ ਵੱਲੋਂ ਇਲਾਕੇ ਦੇ ਸਹਿਯੋਗ ਨਾਲ ਹਲਟ ਦੌੜਾਂ ਵੀ ਕਰਵਾਈਆਂ ਜਾਂਦੀਆਂ ਹਨ। ਬਾਬਾ ਰਾਮ ਰਾਇ ਜੀ ਸੰਸਥਾਂ ਦੇਹਰਾਦੂਨ ਵੱਲੋਂ ਮਾਤਾ ਪੰਜਾਬ ਕੌਰ ਜੀ ਦੇ ਨਾਮ ਤੇ ਇਸ ਸਥਾਨ ਤੇ ਸੁੰਦਰ ਬਿਲਡਿੰਗ ਬਣਾ ਕੇ ਸਕੂਲ ਵੀ ਚਲਾਇਆ ਜਾ ਰਿਹਾ ਹੈ। ਅਤੇ ਇਸੇ ਸੰਸਥਾਂ ਵੱਲੋਂ ਅਲੱਗ ਅਲੱਗ ਹੋਰ ਇਲਾਕਿਆਂ ਵਿਚ ਤਕਰੀਬਨ 135 ਸਕੂਲ ਕਾਰਜ ਬਣਾਏ ਗਏ ਹਨ।ਹਰ ਸਾਲ ਮੇਲੇ ਤੇ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਹੁੰਮ ਹੁੰਮਾ ਕੇ ਪੁੱਜਦੀਆਂ ਹਨ ਅਤੇ ਇਸ ਸਥਾਨ ਤੇ ਹੁਣ ਤੱਕ ਸੇਵਾ ਕਰਦੇ ਰਹੇ ਮਹੰਤਾਂ ਦੀਆਂ ਯਾਦਗਾਰਾਂ ਵੀ ਸ਼ਸ਼ੋਭਿਤ ਹਨ।
ਲੇਖਕ – ਹਰਜਿੰਦਰ ਸਿੰਘ ਚੰਦੀ ਮਹਿਤਪੁਰ
9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



