ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਾਅਵਾ ਕੀਤਾ ਗਿਆ ਹੈਕਿ ਭਾਜਪਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਖਰੀਦ ਕੇ ਪੰਜਾਬ ਵਿਚਲੀ ਸਰਕਾਰ ਨੂੰ ਡੇਗਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਇਹ ਸਭ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਅਜਿਹਾ ਦਾਅਵਾ ਕਰਨਾ , ਇਸ ਗੱਲ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਧਿਆਨ ਭਟਕਾ ਕੇ ਤੇ ਐਕਸਾਈਜ਼ ਪਾਲਿਸੀ ਵਿਚ ਕੀਤੇ ਸਰਕਾਰ ਵੱਲੋਂ ਮੋਟੇ ਘਪਲੇ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਕਿਸੇ ਹੋਰ ਬੰਨੇ ਲਗਾ ਰਹੀ ਹੈ ।
ਉਨ੍ਹਾਂ ਕਿਹਾ ਕਿ ਜੇਕਰ ਇਹ ਸੱਚ ਹੈ ਕਿ ਭਾਜਪਾ 25 -25 ਕਰੋੜ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਖ਼ਰੀਦ ਰਹੀ ਹੈ ਤਾਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਿਸ ਕੋਲ ਇਸ ਸਮੇਂ ਪੰਜਾਬ ਦੀ ਪੰਜਾਬ ਪੁਲੀਸ ਤੇ ਵਿਜੀਲੈਂਸ ਵੀ ਹੈ । ਉਹ ਉਹਨਾਂ ਦੀ ਵਰਤੋਂ ਕਰਕੇ ਇਸ ਸਬੰਧੀ ਸਬੂਤ ਨਸ਼ਰ ਕਰੇ ਤੇ ਬੋਲੀ ਲਗਾਉਣ ਵਾਲੇ ਭਾਜਪਾ ਦੇ ਆਗੂਆਂ ਉੱਤੇ ਪਰਚੇ ਵੀ ਦਰਜ ਕਰੇ। ਪ੍ਰੰਤੂ ਕਿਉਂਕਿ ਉਕਤ ਸਾਰਾ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਕ ਸਕਰਿਪਟ ਦੇ ਤੌਰ ਤੇ ਜੋ ਕਿ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਬੈਠ ਕੇ ਲਿਖੀ ਗਈ ਹੈ। ਉਸ ਉਤੇ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਵਿਚਲੇ ਆਗੂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਚ ਤਾਂ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਵਿੱਚ ਪੰਜਾਬ ਵਿੱਚ ਰਾਜ ਸਭਾ ਮੈਂਬਰਾਂ ਦੀ ਨਿਯੁਕਤੀ ਤੇ ਪੰਜਾਬ ਦੇ ਹਰ ਫੈਸਲੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾਂਦੀ ਦਖ਼ਲਅੰਦਾਜ਼ੀ ਕਾਰਣ ਕਾਫੀ ਮਤਭੇਦ ਪੈਦਾ ਹੋ ਚੁੱਕੇ ਹਨ ।
ਜਿਸ ਕਾਰਣ ਅਰਵਿੰਦ ਕੇਜਰੀਵਾਲ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣਾ ਚਾਹੁੰਦੇ ਹਨ। ਜਿਸ ਸੰਬੰਧੀ ਬਿੱਲੀ ਥੈਲਿਓ ਆਉਣ ਵਾਲੇ ਦਿਨਾਂ ਵਿੱਚ ਬਾਹਰ ਆ ਜਾਵੇਗੀ। ਉਹਨਾਂ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਂਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ 6 ਮਹੀਨੇ ਦੀ ਕਾਰਗੁਜ਼ਾਰੀ ਪੂਰੀ ਤਰ੍ਹਾਂ ਫੇਲ੍ਹ ਹੈ। ਮਾਈਨਿੰਗ ਪੰਜਾਬ ਵਿੱਚ ਬੰਦ ਹੋਣ ਕਾਰਣ ਪੰਜਾਬ ਲੋਕਾਂ ਨੂੰ ਸਸਤੀ ਰੇਤ ਮਿਲਣੀ ਤਾਂ ਦੂਰ ਦੀ ਗੱਲ ਬਲਕਿ ਰੇਤ ਮਿਲ ਹੀ ਨਹੀਂ ਰਹੀ। ਜਿਸ ਕਾਰਣ ਮਿਸਤਰੀ ਤੇ ਮਜ਼ਦੂਰ ਵਿਹਲੇ ਬੈਠੇ ਹਨ।ਪੰਜਾਬ ਵਿੱਚ ਲੁੱਟਾਂ, ਖੋਹਾਂ ਕਤਲੋ ਗਾਰਤ ਪੂਰੇ ਜੋਬਨ ਤੇ ਹੈ। ਸਰਕਾਰ ਨਾਂ ਦੀ ਪੰਜਾਬ ਕੋਈ ਚੀਜ਼ ਨਹੀਂ ਹੈ। ਇਸ ਲਈ ਭਾਜਪਾ ਇਸ ਨੂੰ ਡੇਗ ਕੇ ਕੀ ਕਰੇਗੀ ?