(ਸਮਾਜ ਵੀਕਲੀ)
ਕੱਚੇ ਘਰ ਫੂਸ ਵਾਲ਼ੇ ਵਿਚ ਚਿੜੀਆਂ ਦੇ ਡੇਰੇ
ਸ਼ਾਮੀ ਆ ਬਹਿੰਦੀਆਂ ਤੇ ਉੱਡ ਜਾਂਦੀਆਂ ਸਵੇਰੇ
ਪਿੜ ਲੱਗੇ ਬਲਦਾਂ ਨਾ ਮੇਰੇ ਬਾਪੂ ਨੇ ਸੀ ਗਾਹੇ
ਰਾਤੀ ਜੁਗਨੂੰ ਬਥੇਰੇ ਦਿਨੇ ਉੱਡੇ ਚੱਕੀਰਾਹੇ
ਝੜੀ ਲੱਗਣ ਤੇ ਮੀਂਹ ਚ ਨਹਾਉਂਦਾ ਹੁੰਦਾ ਭਾਨਾ
ਕੋਈ ਲਿਆਵੇ ਫੇਰ ਮੋੜ ਬੜਾ ਭਲਾ ਓਹ ਜਮਾਨਾ
ਕੋਈ ਲਿਆਵੇ ਫੇਰ ਮੋੜ ਬੜਾ ਭਲਾ ਓਹ ਜਮਾਨਾ
ਹਰ ਘਰ ਪੈਂਦੀ ਹੁੰਦੀ ਵਿਚ ਚਾਟੀ ਦੇ ਮਧਾਣੀ
ਖੂਹ ਚ ਲੱਜ ਲਮਕਾਕੇ ਬੇਬੇ ਭਰਦੀ ਸੀ ਪਾਣੀ
ਆਕੇ ਬਾਂਦਰ ਮਦਾਰੀ ਪਿੰਡ ਕਰਦਾ ਤਮਾਸ਼ਾ
ਵੇਖ ਬਾਂਦਰੀ ਦਾ ਨਾਚ ਆ ਜਾਂਦਾ ਸਾਡਾ ਹਾਸਾ
ਪਾਉਂਦੀ ਦਾਦੀ ਮੇਰੀ ਬਾਤਾਂ ਬੁੱਝ ਕੌਡੀਆਂ ਦਾ ਖਾਨਾ
ਕੋਈ ਲਿਆਵੇ ਫੇਰ ਮੋੜ ਬੜਾ ਭਲਾ ਓਹ ਜਮਾਨਾ
ਪੀਂਘਾਂ ਸਖੀਆਂ ਨਾ ਪਾਉਂਦੀਆਂ ਸੀ ਰਲ਼ ਮੁਟਿਆਰਾਂ
ਤੋਤੇ ਨਿੰਮ ਤੇ ਬਹਿੰਦੇ ਸੀ ਨਾਲ਼ੇ ਘੁੱਗੀਆਂ ਗੁਟਾਰਾਂ
ਸ਼ਹਿਦ ਵਾਲ਼ੀ ਮੱਖੀਆਂ ਨੇ ਦੂਰ ਭਰਤੀ ਉਡਾਰ
ਕੁਝ ਲਾਲਚੀ ਲੋਕਾਂ ਨੇ ਦਿੱਤਾ ਕਹਿਰ ਗੁਜ਼ਾਰ
ਰਿਹਾ ਦਿਲਾਂ ਚ ਨਾ ਪਿਆਰ ਜਾਪੇ ਹਰ ਕੋਈ ਬੇਗਾਨਾ
ਕੋਈ ਲਿਆਵੇ ਫੇਰ ਮੋੜ ਬੜਾ ਭਲਾ ਓਹ ਜਮਾਨਾ
ਇੱਕ ਛੱਤ ਹੇਠਾਂ ਰਹਿੰਦਾ ਰਲ਼ ਵੱਡਾ ਪਰਿਵਾਰ
ਹੁੰਦਾ ਵੱਡੇ ਟੱਬਰਾਂ ਦਾ ਇੱਕੋ ਸਾਂਝਾ ਲਾਣੇਦਾਰ
ਇੱਕ ਦੂਜੇ ਦੇ ਸੀ ਕੰਮ ਆਉਂਦਾ ਪਿੰਡ ਹੰਸਾਲ਼ਾ
ਸਮਾਂ ਚੰਗਾ ਸੀ ਪੁਰਾਣਾ ਓਦੋਂ ਧੰਨੇ ਧਾਲੀਵਾਲ਼ਾ
ਕੰਮ ਆਉਂਦਾ ਪਾਈ ਪਾਈ ਧੇਲਾ ਧੇਲਾ ਆਨਾ ਆਨਾ
ਕੋਈ ਲਿਆਵੇ ਫੇਰ ਮੋੜ ਬੜਾ ਭਲਾ ਓਹ ਜਮਾਨਾ
ਧੰਨਾ ਧਾਲੀਵਾਲ਼ :-9878235714



