(ਸਮਾਜ ਵੀਕਲੀ) ਸਿੱਖ ਧਰਮ ਦੇ ਕਿਸੇ ਵੀ ਧਾਰਮਿਕ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਨ ਲਈ ਪੋਸਟਰ ਜਾਂ ਬੋਰਡ ਢੰਗ-ਸਮਝਦਾਰੀ ਨਾਲ ਅਤੇ ਯੋਗ ਥਾਵਾਂ ‘ਤੇ ਹੀ ਲਗਾਏ ਜਾਣ ਚਾਹੀਦੇ ਹਨ। ਸੜਕਾਂ, ਟ੍ਰੈਫਿਕ ਲਾਈਟਾਂ ਜਾਂ ਅਜਿਹੀ ਜਗ੍ਹਾਂ ਜਿੱਥੇ ਲੋਕਾਂ ਦੀਆਂ ਗੱਡੀਆਂ ਆਦਿ ਨੂੰ ਰੁਕਾਵਟ ਪੈ ਸਕਦੀ ਹੈ, ਉਥੇ ਇਹਨਾਂ ਦੀ ਸਥਾਪਨਾ ਨਾ ਕੀਤੀ ਜਾਵੇ। ਇਸ ਤੋਂ ਇਲਾਵਾ, ਇਹ ਵੀ ਯਕੀਨੀ ਬਣਾਇਆ ਜਾਵੇ ਕਿ ਇਹ ਪੋਸਟਰ ਗੁਰਮਤਿ ਅਦਬ ਨੂੰ ਸਮਰਪਿਤ ਥਾਵਾਂ ਜਿਵੇਂ ਕਿ ਗੁਰਦੁਆਰੇ ਦੇ ਨੇੜੇ ਹੀ ਲਗਾਏ ਜਾਣ। ਇਤਰਾਜ਼ ਯੋਗ ਥਾਵਾਂ ਜਿਵੇਂ ਟਾਇਲਟਾਂ, ਕੂੜੇ ਦੇ ਢੇਰ, ਸਿਗਰੇਟ-ਬੀੜੀ ਜਾਂ ਸ਼ਰਾਬ ਦੀਆਂ ਦੁਕਾਨਾਂ ਨੇੜੇ ਕੋਈ ਪੋਸਟਰ ਨਾ ਲਗਾਏ ਜਾਣ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਅਦਬ ਦੀ ਉਲੰਘਣਾ ਹੈ। ਪੋਸਟਰਾਂ ‘ਤੇ ਅਕਸਰ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੁੰਦੀਆਂ ਹਨ। ਜਦੋਂ ਇਹ ਪੋਸਟਰ ਹਟਾਏ ਜਾਂ ਫਾੜੇ ਜਾਂਦੇ ਹਨ, ਉਹ ਬੇਅਦਬੀ ਦਾ ਕਾਰਨ ਬਣਦੇ ਹਨ। ਇਸ ਲਈ, ਬੇਅਦਬੀ ਨੂੰ ਰੋਕਣ ਲਈ ਇਹਨਾਂ ਦੀ ਵਰਤੋਂ ਵਿਚ ਸਾਵਧਾਨੀ ਵਰਤਨੀ ਬੇਹਦ ਜਰੂਰੀ ਹੈ। ਅਸੀਂ ਅਜਿਹੇ ਪੋਸਟਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਅਤੇ ਟਵਿੱਟਰ ਰਾਹੀਂ ਸਾਂਝੀਆਂ ਕਰਕੇ ਜਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਵੀ ਪ੍ਰਚਾਰ ਕਰ ਸਕਦੇ ਹਾਂ। ਸੋਸ਼ਲ ਮੀਡੀਆ ਮਾਂ ਬੋਲੀ ਪੰਜਾਬੀ ਨੂੰ ਮਜ਼ਬੂਤ ਕਰਨ ਲਈ ਇੱਕ ਸ਼ਕਤੀਸ਼ਾਲੀ ਮੰਚ ਹੈ। ਹਰ ਇਲਾਕੇ ਦੇ ਗੁਰਦੁਆਰਾ ਸਾਹਿਬ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਧਾਰਮਿਕ ਪ੍ਰੋਗਰਾਮਾਂ ਦੀ ਜਾਣਕਾਰੀ ਦੇਣ ਲਈ ਵਟਸਐਪ ਗਰੁੱਪ ਬਣਾਏ ਜਾਣ। ਇਹ ਗਰੁੱਪ ਸਿਰਫ਼ ਸੰਬੰਧਤ ਪ੍ਰਚਾਰਕ ਸੰਦੇਸ਼ਾਂ ਲਈ ਹੋਵੇ। ਗਰੁੱਪ ਵਿੱਚ ਸਿਰਫ਼ ਪ੍ਰਬੰਧਕ ਨੂੰ ਹੀ ਸੰਦੇਸ਼ ਭੇਜਣ ਦਾ ਅਧਿਕਾਰ ਦਿੱਤਾ ਜਾਵੇ। ਇਹ ਸੰਦੇਸ਼ ਵੱਡੇ ਪੱਧਰ ‘ਤੇ ਗ੍ਰੰਥੀ ਸਿੰਘਾਂ, ਸੇਵਾਦਾਰਾਂ, ਅਤੇ ਰਾਗੀ ਸਿੰਘਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਧਾਰਮਿਕ ਪੋਸਟਰਾਂ ਦੀ ਬੇਅਦਬੀ ਨੂੰ ਰੋਕਣ ਦੀ ਇਹ ਮੁਹਿੰਮ ਸਭ ਨੂੰ ਪ੍ਰੇਰਿਤ ਕਰੇ। ਗੁਰੂ ਘਰਾਂ ਨਾਲ ਸਿੱਖਾਂ ਦੀ ਨੇੜਤਾ ਬਰਕਰਾਰ ਰੱਖਣ ਲਈ ਸਿੱਖੀ ਦੇ ਅਸੂਲਾਂ ਅਤੇ ਮਾਂ ਬੋਲੀ ਪੰਜਾਬੀ ਨੂੰ ਉੱਚਾ ਰੱਖਣਾ ਸਾਡਾ ਫਰਜ ਹੈ। ਆਓ , ਅਸੀਂ ਵੀ ਇਸ ਮੁਹਿੰਮ ਨਾਲ ਜੁੜ ਕੇ ਆਪਣਾ ਫਰਜ਼ ਅਦਾ ਕਰੀਏ। ( ਭੁੱਲ-ਚੁੱਕ ਲਈ ਖ਼ਿਮਾ )
ਸਿਮਰਨਜੀਤ ਸਿੰਘ ਮੱਕੜ ਦਿੱਲੀ 999-999-2809
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



