ਮਾ. ਪ੍ਰਗਟ ਸਿੰਘ ਮਹਿਤਾ
(ਸਮਾਜ ਵੀਕਲੀ) ਲੋਹੜੀ ਸਾਡੇ ਪੰਜਾਬ ਦਾ ਹਰਮਨ ਪਿਆਰਾ ਤਿਉਹਾਰ ਹੈ। ਇਹ ਤਿਉਹਾਰ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਇਸ ਤਿਹਾਰ ਨਾਲ ਕਈ ਪੌਰਾਣਿਕ ਮਾਨਤਾਵਾਂ ਅਤੇ ਲੌਕਿਕ ਧਾਰਨਾਵਾਂ ਵੀ ਪ੍ਰਚੱਲਿਤ ਹਨ ।ਪੰਜਾਬ ਵਿੱਚ ਗਾਏ ਜਾਂਦੇ ਲੋਕ ਗੀਤਾਂ ਵਿੱਚੋਂ ਸੁੰਦਰ ਮੁੰਦਰੀਏ ਲੋਕ ਗੀਤ ਕਾਫੀ ਮਹੱਤਵ ਰੱਖਦਾ ਹੈ ਜੋ ਬੱਚੇ ਬੜੇ ਮਾਣ ਤੇ ਸਤਿਕਾਰ ਨਾਲ ਗਾਉਂਦੇ ਹਨ। ਇਹ ਗੀਤ ਲੋਹੜੀ ਦੇ ਪਿਛੋਕੜ ਨਾਲ ਜੁੜੀ ਇੱਕ ਕਹਾਣੀ ਬਿਆਨ ਕਰਦਾ ਹੈ। ਜਿਸ ਵਿੱਚ ਦੁੱਲਾ ਕਿਵੇਂ ਅਮੀਰਾਂ ਨੂੰ ਲੁੱਟਦਾ ਹੈ ਅਤੇ ਗਰੀਬਾਂ ਵਿੱਚ ਵੰਡਦਾ ਹੈ ।ਇਸ ਤੋਂ ਇਲਾਵਾ ਉਸਨੇ ਸੁੰਦਰ ਮੁੰਦਰੀ ਨਾਮੀ ਦੋ ਲੜਕੀਆਂ ਦਾ ਵਿਆਹ ਕੀਤਾ ਸੀ। ਇਸ ਵਾਰਤਾ ਨੂੰ ਸਭ ਜਾਣਦੇ ਹਨ। ਲੋਹੜੀ ਦੇ ਤਿਉਹਾਰ ਨੂੰ ਇੱਕ ਹੋਰ ਕੁਦਰਤੀ ਮਾਨਤਾ ਨਾਲ ਵੀ ਜੋੜਿਆ ਜਾਂਦਾ ਹੈ। ਜਿਸ ਵਿੱਚ ਸੂਰਜ ਦੀ ਪੂਜਾ ਦਾ ਜ਼ਿਕਰ ਆਉਂਦਾ ਹੈ। ਕੱਤਕ ਮਹੀਨੇ ਦੌਰਾਨ ਸੂਰਜ ਧਰਤੀ ਤੋਂ ਕਾਫੀ ਦੂਰ ਚਲਿਆ ਜਾਂਦਾ ਹੈ। ਜਿਸ ਨਾਲ ਧਰਤੀ ਉੱਪਰ ਇਸ ਦੀਆਂ ਕਿਰਨਾਂ ਤਿਰਸ਼ੀਆਂ ਪੈਣ ਲੱਗਦੀਆਂ ਹਨ ।ਜਿਸ ਕਾਰਨ ਗਰਮੀ ਘਟ ਜਾਂਦੀ ਹੈ। ਇਸ ਤੋਂ ਸੂਰਜ ਦੇ ਧਰਤੀ ਉੱਪਰ ਰੌਸ਼ਨੀ ਬਖੇਰਨ ਦੀ ਕਾਮਨਾ ਕੀਤੀ ਜਾਂਦੀ ਹੈ ਅਤੇ ਅੱਗ ਵਾਲੀ ਜਾਂਦੀ ਹੈ। ਲੋਹੜੀ ਦੇ ਤਿਓਹਾਰ ਤੋਂ ਇਹ ਵੀ ਧਾਰਨਾ ਹੈ ਕਿ ਨਵ ਵਿਆਹੇ ਜੋੜੇ ਦੇ ਨਵ ਜਨਮੇ ਬੱਚੇ ਨਾਲ ਵੰਸ਼ ਅੱਗੇ ਤੁਰਦੀ ਹੈ ਅਤੇ ਖੁਸ਼ੀ ਵਿੱਚ ਲੋਹੜੀ ਵਾਲੀ ਜਾਂਦੀ ਹੈ ਅਤੇ ਜਸ਼ਨ ਮਨਾਏ ਜਾਂਦੇ ਹਨ। ਲੋਹੜੀ ਦਾ ਤਿਉਹਾਰ ਨਵ ਜਨਮੇ ਮੁੰਡੇ ਦੀ ਲੋਹੜੀ ਮਨਾ ਕੇ ਵੀ ਇਸ ਤਿਹਾਰ ਦੇ ਮਹੱਤਵ ਨੂੰ ਦਰਸਾਇਆ ਜਾਂਦਾ ਹੈ।ਸਿੱਖਿਆ ਦਾ ਪਸਾਰ ਹੋਣ ਕਰਕੇ ਅੱਜ ਕੱਲ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਣ ਲੱਗ ਪਈ ਹੈ ਜੋ ਕਿ ਇਕ ਅੱਛਾ ਕਦਮ ਹੈ। ਜਿਸ ਤੋਂ ਲੜਕਾ ਲੜਕੀ ਦੇ ਵਿੱਚ ਭਿੰਨ ਭੇਦ ਦੂਰ ਕਰਨ ਦਾ ਸੁਨੇਹਾ ਮਿਲਦਾ ਹੈ। ਲੋਹੜੀ ਵਾਲੇ ਦਿਨ ਬੱਚੇ ਸ਼ਾਮ ਦੇ ਸਮੇਂ ਪਾਥੀਆਂ, ਕਣਕ ਆਦਿ ਮੰਗਣ ਜਾਂਦੇ ਹਨ। ਇਸ ਦਿਨ ਸੂਰਜ ਛਿਪਣ ਤੋਂ ਪਹਿਲਾਂ ਕਈ ਛੋਟੇ ਤੇ ਵੱਡੇ ਬੱਚਿਆਂ ਦੀਆਂ ਟੋਲੀਆਂ ਪਿੰਡਾਂ ਵਿੱਚ ਘਰ ਘਰ ਲੋਹੜੀ ਮੰਗਦੀਆਂ ਆਮ ਦੇਖੀਆਂ ਜਾਂਦੀਆਂ ਹਨ। ਜਿਸ ਵਿੱਚ ਬੱਚੇ ਕੁਝ ਇਸ ਤਰ੍ਹਾਂ ਬੋਲਦੇ ਹਨ:-
ਚਾਰ ਕੁ ਦਾਣੇ ਖਿਲਾਂ ਦੇ,
ਲੋਹੜੀ ਲੈ ਕੇ ਹਿਲਾਂਗੇ।
ਜਾਂ
ਸਾਨੂੰ ਦੇ ਲੋਹੜੀ,
ਤੇਰੀ ਜੀਵੇ ਜੋੜੀ।
ਅਜਿਹੇ ਮੌਕਿਆਂ ਉੱਪਰ ਕਈ ਘਰ ਖੁਸ਼ੀ ਖੁਸ਼ੀ ਬੱਚਿਆਂ ਦੇ ਗੀਤ ਸੁਣਦੇ ਹਨ ਅਤੇ ਖੁਸ਼ੀ ਖੁਸ਼ੀ ਜਾ ਕੇ ਬੱਚਿਆਂ ਨੂੰ ਕਣਕ, ਪਾਥੀਆਂ, ਰਿਉੜੀਆਂ ਜਾਂ ਮੂੰਗਫਲੀ ਦਿੰਦੇ ਹਨ। ਅਜਿਹੇ ਘਰਾਂ ਲਈ ਬੱਚੇ ਕੁਝ ਇਸ ਤਰ੍ਹਾਂ ਬੋਲਦੇ ਹਨ:-
ਕੰਘੇ ਤੇ ਕੰਘਾ, ਇਹ ਘਰ ਚੰਗਾ।
ਕਈ ਘਰਾਂ ਵਿੱਚ ਦੇਖਿਆ ਗਿਆ ਹੈ ਕਿ ਲੋਹੜੀ ਮੰਗਦੇ ਬੱਚੇ ਥੋੜੇ ਥੋੜੇ ਸਮੇਂ ਬਾਅਦ ਲੋਹੜੀ ਮੰਗਣ ਆਉਂਦੇ ਰਹਿੰਦੇ ਹਨ। ਜਿਸ ਤੋਂ ਅੱਕੇ ਕਈ ਘਰ ਲੋਹੜੀ ਪਾਉਣ ਤੋਂ ਨਾ ਕਰ ਦਿੰਦੇ ਹਨ । ਜਿਸ ਤੋਂ ਅੱਕੇ ਬੱਚੇ ਅੱਗੋਂ ਇਹ ਬੋਲਦੇ ਹਨ:-
ਹੁੱਕੇ ਤੇ ਹੁੱਕਾ, ਇਹ ਘਰ ਭੁੱਖਾ ।
ਇਹ ਬੋਲਦੇ ਬੱਚੇ ਕਾਫੀ ਭੱਜਦੇ ਹਨ ਅਤੇ ਹੱਸਦੇ ਹਨ। ਅੱਜ ਦੇ ਸਮੇਂ ਅੰਦਰ ਇਹ ਰਿਵਾਜ਼ ਘੱਟਦਾ ਨਜ਼ਰ ਜਾ ਰਿਹਾ ਹੈ। ਅੱਜਕਲ੍ਹ ਘੱਟ ਹੀ ਬੱਚੇ ਲੋਹੜੀ ਦੇ ਦਿਨ ਕਿਸੇ ਦੇ ਘਰ ਮੰਗਣ ਲਈ ਜਾਂਦੇ ਹਨ। ਜਿਸ ਨਾਲ ਲੋਹੜੀ ਦੀ ਰੋਚਕਤਾ ਘਟਦੀ ਨਜ਼ਰ ਆ ਰਹੀ ਹੈ । ਲੋਹੜੀ ਦਾ ਦਿਨ ਸਕੂਲਾਂ ਵਿੱਚ ਵੀ ਮਨਾਉਣ ਦਾ ਰਿਵਾਜ ਹੈ। ਇਥੇ ਬੱਚੇ ਰਿਉੜੀਆਂ, ਮੂੰਗਫਲੀਆਂ, ਗੱਚਕਾਂ, ਖੰਜੂਰਾਂ ਆਦਿ ਖਾਂਦੇ ਹਨ। ਅਤੇ ਲੋੜੀ ਦੀ ਖੁਸ਼ੀ ਮਨਾਉਂਦੇ ਅਤੇ ਤਿਲ ਸੁੱਟਦੇ ਇਹ ਬੋਲਦੇ ਹਨ:- ਈਸਰ ਆਏ ਦਲਿਦਰ ਜਾਏ, ਦਲਿਦਰ ਦੀ ਜੜ ਚੁੱਲੇ ਪਾਏ। ਇਸੇ ਤਰ੍ਹਾਂ ਸ਼ਾਮ ਦੇ ਸਮੇਂ ਘਰਾਂ ਵਿੱਚ ਵੀ ਲੋਹੜੀ ਮਨਾਈ ਜਾਂਦੀ ਹੈ। ਜਿੱਥੇ ਸਾਰਾ ਪਰਿਵਾਰ ਬੈਠ ਕੇ ਲੋਹੜੀ ਦੀ ਰਸਮ ਅਦਾ ਕਰਦਾ ਹੈ ਅਤੇ ਲੋਹੜੀ ਦੀ ਖੁਸ਼ੀ ਮਨਾਉਂਦੇ ਅੱਛਾ ਮਾਹੌਲ ਸਿਰਜਿਆ ਜਾਂਦਾ ਹੈ ।ਗਾਉਣ ਵਜਾਉਣ, ਗਿੱਦਾ ਭੰਗੜਾ ਆਦਿ ਵੀ ਕਈ ਜਗ੍ਹਾ ਲੋੜੀ ਦਾ ਹਿੱਸਾ ਬਣਦੇ ਹਨ। ਇਸ ਤਰਾਂ 1947 ਤੋਂ ਬਾਅਦ ਇਹ ਤਿਉਹਾਰ ਪੰਜਾਬ ਦਾ ਨਾਂ ਰਹਿ ਕੇ ਪੂਰੇ ਭਾਰਤ ਦਾ ਹੋ ਗਿਆ ਹੈ। ਜਿਸ ਦਾ ਮਹੱਤਵ ਕਾਫੀ ਵਧ ਰਿਹਾ ਹੈ।
ਮਾ. ਪ੍ਰਗਟ ਸਿੰਘ ਮਹਿਤਾ
ਧਰਮਗੜ੍ਹ (ਸੰਗਰੂਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj