- ਸੋਨੀਪਤ ਫਰਮ ਵੱਲੋਂ ਤਿਆਰ ਖੰਘ ਸਿਰਪਾਂ ਨੂੰ ਗਾਂਬੀਆ ਤੇ ਹੋਰਨਾਂ ਮੁਲਕਾਂ ਦੀਆਂ ਮਾਰਕੀਟਾਂ ’ਚੋਂ ਹਟਾਉਣ ਦੀ ਹਦਾਇਤ
- ਸੀਡੀਐੱਸਸੀਓ ਤੇ ਐੱਫਡੀਏ ਹਰਿਆਣਾ ਵੱਲੋਂ ਫਰਮ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ
ਚੰਡੀਗੜ੍ਹ (ਸਮਾਜ ਵੀਕਲੀ): ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਨੇ ਸੋਨੀਪਤ ਅਧਾਰਿਤ ਮੇਡਨ ਫਾਰਮਾਸਿਊਟੀਕਲਜ਼ ਲਿਮਟਿਡ ਵੱਲੋਂ ਤਿਆਰ ਗ਼ੈਰਮਿਆਰੀ ਖੰਘ ਸਿਰਪਾਂ ਦੀ ਗਾਂਬੀਆ ਵਿੱਚ ਵਿਕਰੀ ’ਤੇ ਰੋਕ ਲਾਉਂਦਿਆਂ, ਹੋਰਨਾਂ ਮੁਲਕਾਂ ਨੂੰ ਵੀ ਸਬੰਧਤ ਦਵਾਈਆਂ ਦਾ ਲੌਟ ਮਾਰਕੀਟ ’ਚੋਂ ਹਟਾਉਣ ਦੀ ਤਾਕੀਦ ਕੀਤੀ ਹੈ। ‘ਦਿ ਟ੍ਰਿਬਿਊਨ’ ਵੱਲੋਂ ਪਾਈ ਈ-ਮੇਲ ਦੇ ਜਵਾਬ ਵਿੱਚ ਡਬਲਿਊਐੱਚਓ ਤਰਜਮਾਨ ਨੇ ਕਿਹਾ, ‘‘ਮੈਡੀਕਲ ਉਤਪਾਦਾਂ ਦੇ ਮਿਆਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।’’ ਤਰਜਮਾਨ ਨੇ ਕਿਹਾ, ‘‘ਇਸ ਤੋਂ ਪਹਿਲਾਂ ਕਿ ਹੋਰ ਨੁਕਸਾਨ ਹੋਵੇ, ਡਬਲਿਊਐੱਚਓ ਗਾਂਬੀਆ ਅਤੇ ਇਸ ਦਵਾਈ ਦੀ ਦਰਾਮਦ ਕਰਨ ਵਾਲੇ ਹੋਰਨਾਂ ਮੁਲਕਾਂ ਵਿੱਚ ਉਪਲੱਬਧ ਬਾਕੀ ਬਚੇ ਗ਼ੈਰਮਿਆਰੀ ਖੰਘ ਸਿਰਪਾਂ ਨੂੰ ਉਥੋਂ ਹਟਾਉਣ ਲਈ ਕੰਮ ਕਰ ਰਿਹਾ ਹੈ।’’
ਆਲਮੀ ਸਿਹਤ ਸੰਸਥਾ ਨੇ 5 ਅਕਤੂਬਰ ਨੂੰ ਕਿਹਾ ਸੀ ਕਿ ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਪਿੱਛੇ ਚਾਰ ਦਵਾਈਆਂ- ਪ੍ਰੋਮੈਥਾਜ਼ਾਈਨ ਓਰਲ ਸੌਲਿਊਸ਼ਨ, ਕੌਫੈਕਸਮੈਲਿਨ ਬੇਬੀ ਕਫ਼ ਸਿਰਪ, ਮੈਕੌਫ ਬੇਬੀ ਕਫ਼ ਸਿਰਪ ਤੇ ਮੈਗਰਿਪ ਐੱਨ. ਕੋਲਡ ਸਿਰਪ- ਦੀ ਸ਼ੱਕੀ ਭੂਮਿਕਾ ਹੈ। ਮੇਡਨ ਫਾਰਮਾਸਿਊਟੀਕਲਜ਼ ਨੇ ਇਨ੍ਹਾਂ ਸਿਰਪਾਂ ਦੀਆਂ 10,000 ਸ਼ੀਸ਼ੀਆਂ ਤਿਆਰ ਕੀਤੀਆਂ ਸਨ। ਉਧਰ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਸੰਸਥਾ (ਸੀਡੀਐੱਸਸੀਓ) ਅਤੇ ਖੁਰਾਕ ਤੇ ਡਰੱਗ ਪ੍ਰਸ਼ਾਸਨ (ਐੱਫਡੀਏ) ਹਰਿਆਣਾ ਦਾ ਕਹਿਣਾ ਹੈ ਕਿ ਡਬਲਿਊਐੱਚਓ ਨੇ ਅਜੇ ਤੱਕ ਇਨ੍ਹਾਂ ਦਵਾਈਆਂ ਨਾਲ ਸਬੰਧਿਤ ਲੈਬਾਰਟਰੀ ਰਿਪੋਰਟ ਸਾਂਝੀ ਨਹੀਂ ਕੀਤੀ। ਕੇਂਦਰ ਤੇ ਸੂਬਾਈ ਡਰੱਗ ਅਥਾਰਿਟੀਜ਼ ਵੱਲੋਂ ਕੀਤੇ ਟੈਸਟਾਂ ਦੀ ਰਿਪੋਰਟ ਵੀ ਅਜੇ ਆਉਣੀ ਬਾਕੀ ਹੈ।
ਡਬਲਿਊਐੱਚਓ ਤਰਜਮਾਨ ਨੇ ਦਾਅਵਾ ਕੀਤਾ, ‘‘ਇਹ ਉਤਪਾਦ (ਦਵਾਈਆਂ), ਜੋ ਦੋ ਵੱਖੋ-ਵੱਖਰੀਆਂ ਤੇ ਅਧਿਕਾਰਤ ਲੈਬਾਰਟਰੀਆਂ ’ਚ ਟੈਸਟ ਕੀਤੇ ਗੲੇ ਹਨ, ਵਿਚ ਡਾਇਥਲੀਨ ਗਲਾਈਕੋਲ ਤੇ ਐਥੀਲੀਨ ਗਲਾਈਕੋਲ ਦਾ ਜਿਹੜਾ ਪੱਧਰ ਮਿਲਿਆ ਹੈ, ਉਹ ਅਸਵੀਕਾਰਯੋਗ ਹੈ। ਆਲਮੀ ਸਿਹਤ ਸੰਸਥਾ ਨੇ ਅਲਰਟ ਜਾਰੀ ਕੀਤਾ ਤਾਂ ਕਿ ਹੋਰ ਮੁਲਕ ਸਬੰਧਤ ਦਵਾਈਆਂ ਦੀ ਪਛਾਣ ਕਰਕੇ ਫੌਰੀ ਕਾਰਵਾਈ ਕਰਨ।’’ ਪ੍ਰੋਪੀਲੀਨ ਗਲਾਈਕੋਲ ਨੂੰ ਫਾਰਮਾਸਿਊਟੀਕਲ ਡਰੱਗਜ਼ ਜਿਵੇਂ ਸਿਰਪ, ਟੀਕੇ ਰਾਹੀਂ ਦਿੱਤੀਆਂ ਜਾਣ ਵਾਲੀਆਂ ਤੇ ਟੋਪੀਕਲ ਫਾਰਮੂਲੇਸ਼ਨ ਲਈ ਸੋਲਵੈਂਟ (ਘੋਲਣ ਵਾਲੇ) ਵਜੋਂ ਵਰਤਿਆ ਜਾਂਦਾ ਹੈ। ਜੇਕਰ ਇਸ ਵਿੱਚ ਡਾਇਥਲੀਨ ਗਲਾਈਕੋਲ ਤੇ ਐਥੀਲੀਨ ਗਲਾਈਕੋਲ ਮਿਲਾਇਆ ਜਾਂਦਾ ਹੈ, ਤਾਂ ਇਹ ਸਿਰਪ ਪੇਟ ਦਰਦ, ਉਲਟੀ, ਪੇਚਸ਼, ਪਿਸ਼ਾਬ ’ਚ ਰੁਕਾਵਟ, ਸਿਰਦਰਦ, ਮਾਨਸਿਕ ਸਿਹਤ ’ਚ ਵਿਗਾੜ ਤੇ ਗੁਰਦੇ ’ਚ ਜ਼ਖਮ ਬਣ ਸਕਦਾ ਹੈ। ਤਰਜਮਾਨ ਨੇ ਕਿਹਾ, ‘‘ਡਬਲਿਊਐੱਚਓ ਵੱਲੋਂ ਆਲਮੀ, ਖੇਤਰੀ ਤੇ ਕੌਮਾਂਤਰੀ ਪੱਧਰ ’ਤੇ ਗਾਂਬੀਅਨ ਸਰਕਾਰ ਅਤੇ ਭਾਰਤੀ ਰੈਗੂਲੇਟਰੀ ਅਥਾਰਿਟੀ ਨਾਲ ਨੇੜਿਓਂ ਰਾਬਤਾ ਰੱਖ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਅਸੁਰੱਖਿਅਤ ਉਤਪਾਦਾਂ ਨੂੰ ਬਾਜ਼ਾਰ ’ਚੋਂ ਫੌਰੀ ਹਟਾਇਆ ਜਾ ਸਕੇ।’’
ਇਸ ਦੌਰਾਨ ਕੇਰਲਾ ਸਰਕਾਰ ਨੇ ਮੇਡਨ ਫਾਰਮਾਸਿਊਟੀਕਲਜ਼ ਵੱਲੋਂ ਤਿਆਰ ਸਾਰੀਆਂ ਦਵਾਈਆਂ ਦੀ ਵਿਕਰੀ ’ਤੇ ਪਾਬੰਦੀ ਲਾ ਦਿੱਤੀ ਹੈ। ਐੱਫਡੀਏ ਹਰਿਆਣਾ ਨੇ ਸਬੰਧਤ ਕੰਪਨੀ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਦਿਆਂ ਲਾਇਸੈਂਸ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ, ‘‘ਸਾਨੂੰ ਗ਼ੈਰਮਿਆਰੀ ਸਿਰਪਾਂ ਦੇ ਲੈਬ ਟੈਸਟ ਰਿਪੋਰਟ ਦੀ ਉਡੀਕ ਹੈ। ਸੀਡੀਐੱਸਸੀਓ ਤੇ ਐੱਫਡੀਏ ਦੀ ਸਾਂਝੀ ਟੀਮ ਨੇ ਫਰਮ ਦੇ ਅਹਾਤੇ ਦਾ ਦੌਰਾ ਕਰਕੇ ਕਾਰਨ ਦੱਸੋ ਜਾਰੀ ਕਰ ਦਿੱਤਾ ਹੈ।’’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly