ਪੰਜਾਬ ਦੇ ‘ਆਪ’ ਵਿਧਾਇਕਾਂ ਨੇ ਗੁਜਰਾਤ ਵਿੱਚ ਲਾਏ ਡੇਰੇ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਦੇ ਵੱਡੀ ਗਿਣਤੀ ਵਿਚ ‘ਆਪ’ ਵਿਧਾਇਕਾਂ ਨੇ ਗੁਜਰਾਤ ’ਚ ਡੇਰੇ ਲਗਾ ਲਏ ਹਨ। ‘ਮਿਸ਼ਨ ਗੁਜਰਾਤ’ ਨੂੰ ਫ਼ਤਿਹ ਕਰਨ ਲਈ ‘ਆਪ’ ਵਿਧਾਇਕਾਂ ਨੂੰ ਹਰ ਵਿਧਾਨ ਸਭਾ ਹਲਕੇ ਵਿਚ ਜ਼ਿੰਮੇਵਾਰੀ ਸੌਂਪੀ ਗਈ ਹੈ। ਗੁਜਰਾਤ ਪੁੱਜੇ ਵਿਧਾਇਕਾਂ ਦੀ ਅਹਿਮਦਾਬਾਦ ਵਿਚ 7 ਅਕਤੂਬਰ ਨੂੰ ਮੁੱਢਲੀ ਮੀਟਿੰਗ ਹੋਈ ਹੈ ਜਿਸ ਨੂੰ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੰਬੋਧਨ ਕੀਤਾ। ਇਨ੍ਹਾਂ ਵਿਧਾਇਕਾਂ ਨੂੰ ਹਲਕੇ ਦੇ ਪਿੰਡਾਂ ਦੀਆਂ ਸੂਚੀਆਂ ਸੌਂਪਦਿਆਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ‘ਗਾਰੰਟੀਆਂ’ ਵਾਲੀ ਚਿੱਠੀ ਵੀ ਦਿੱਤੀ ਗਈ ਹੈ।

ਪੰਜਾਬ ’ਚ ਝੋਨੇ ਦੀ ਖ਼ਰੀਦ ਮੌਕੇ ਸਿਰਫ਼ ਕੈਬਨਿਟ ਵਜ਼ੀਰ ਹੀ ਸੂਬੇ ਵਿਚ ਹਨ। ਮੁੱਖ ਮੰਤਰੀ ਭਗਵੰਤ ਮਾਨ ਵੀ ਦੋ ਦਿਨ ਤੋਂ ਗੁਜਰਾਤ ’ਚ ਹਨ। ‘ਆਪ’ ਤਰਫ਼ੋਂ ਇਨ੍ਹਾਂ ਵਿਧਾਇਕਾਂ ਨੂੰ ਆਦੇਸ਼ ਹਨ ਕਿ ਉਹ ਗੁਜਰਾਤ ਦੇ ਹਰ ਪਿੰਡ ’ਚ ਜਾਣ ਅਤੇ ਉੱਥੇ ਮੋਹਤਬਰ ਲੋਕਾਂ ਨਾਲ ਸੰਪਰਕ ਕਰਨ। ਜੇਕਰ ਪਿੰਡ ਦਾ ਸਰਪੰਚ ਭਾਜਪਾ ਜਾਂ ਕਾਂਗਰਸ ਦਾ ਹੈ ਤਾਂ ਵੀ ਉਸ ਦੇ ਘਰ ਮਹਿਮਾਨ ਵਜੋਂ ਜਾਇਆ ਜਾਵੇ। ਗੁਜਰਾਤੀ ਪਿੰਡਾਂ ਵਿਚ ਸਿਆਸੀ ਪੈਂਠ ਬਣਨ ਉਪਰੰਤ ਪਾਰਟੀ ਦੀਆਂ ਸਭਾਵਾਂ ਕਰਾਈਆਂ ਜਾਣ ਜਿਨ੍ਹਾਂ ਵਿਚ ਵਿਧਾਇਕ ਪੂਰੀ ਤਰ੍ਹਾਂ ਪਰਦੇ ਪਿੱਛੇ ਰਹਿਣਗੇ। ‘ਆਪ’ ਨੇ ਗੁਜਰਾਤ ਦੇ ਪਿੰਡਾਂ ਦੇ ਸਰਪੰਚਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦੀ ਗਾਰੰਟੀ ਵੀ ਦਿੱਤੀ ਹੈ। ਪੰਜਾਬ ਦੇ ਵਿਧਾਇਕਾਂ ਨੂੰ ਕੇਜਰੀਵਾਲ ਦਾ ਗਾਰੰਟੀ ਕਾਰਡ ਵੀ ਸੌਂਪਿਆ ਗਿਆ ਹੈ  ਜੋ ਉਨ੍ਹਾਂ ਪਿੰਡਾਂ ਵਿਚ ਘਰ-ਘਰ ਵੰਡਣਾ ਹੈ। ਇੱਕ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਸਥਾਨਕ ਭਾਸ਼ਾ ਆਉਂਦੀ ਹੈ ਅਤੇ ਨਾ ਹੀ ਪਿੰਡਾਂ ਦੇ ਰਾਹ ਪਤਾ ਹਨ। ਵਿਧਾਇਕਾਂ ਨਾਲ ਪਾਰਟੀ ਨੇ ਸਥਾਨਕ ਆਗੂਆਂ ਦਾ ਵੀ ਕੋਈ ਤਾਲਮੇਲ ਨਹੀਂ ਕਰਾਇਆ ਹੈ। ‘ਆਪ’ ਹਾਈਕਮਾਨ ਨੇ ਪੰਜਾਬ ਵਜ਼ਾਰਤ ਵਿਚ ਵਜ਼ੀਰੀ ਦੀ ਝਾਕ ਰੱਖਣ ਵਾਲੇ ਵਿਧਾਇਕਾਂ ਨੂੰ ‘ਲਾਲੀਪੌਪ’ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀ ਗੁਜਰਾਤ ਵਿਚ ਚੰਗੀ ਕਾਰਗੁਜ਼ਾਰੀ ਰਹੀ ਤਾਂ ਉਨ੍ਹਾਂ ਨੂੰ ਪੰਜਾਬ ਕੈਬਨਿਟ ਵਿਚ ਥਾਂ ਦਿੱਤੀ ਜਾਵੇਗੀ। ਇਸੇ ਲਾਲਚ ਵਿਚ ਕਈ ਵਿਧਾਇਕਾਂ ਨੇ ਗੁਜਰਾਤ ਦੇ ਪਿੜ ਵਿਚ ਤੇਜ਼ੀ ਨਾਲ ਸਰਗਰਮੀ ਵਿੱਢ ਦਿੱਤੀ ਹੈ।

ਗੁਜਰਾਤ ਿਵੱਚ ‘ਸੱਚੇ ਦਿਨ’ ਆਉਣਗੇ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਲਸਾਡ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਜਰਾਤ ’ਚ ‘ਆਪ’ ਸਰਕਾਰ ਬਣਨ ’ਤੇ ‘ਸੱਚੇ ਦਿਨ’ ਆਉਣਗੇ। ਉਨ੍ਹਾਂ ਕਿਹਾ ਕਿ ਬਦਲ ਦੀ ਘਾਟ ਕਾਰਨ ਗੁਜਰਾਤ ਨੇ ਭਾਜਪਾ ਨੂੰ 27 ਸਾਲ ਤੋਂ ਵੱਧ ਦਾ ਸਮਾਂ ਦਿੱਤਾ ਪ੍ਰੰਤੂ ਹੁਣ ਤਬਦੀਲੀ ਦੀ ਹਵਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕ ਸੁੱਤੇ ਹੋਏ ਵੀ ਟੈਕਸ ਭਰ ਰਹੇ ਹਨ ਜਦੋਂ ਕਿ ਭਾਜਪਾ ਦੇ ਦੋਸਤ ਇਸ ਪੈਸੇ ਨੂੰ ਲੁੱਟ ਰਹੇ ਹਨ। ਮਾਨ ਨੇ ਪੰਜਾਬ ਵਿਚ ਨਵੀਂ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਵੀ ਚਰਚਾ ਕੀਤੀ।

ਗੁਜਰਾਤੀ ਕਿਸਾਨਾਂ ਨੂੰ ਮੂਰਖ ਨਾ ਬਣਾਓ: ਚੀਮਾ

ਗੁਜਰਾਤ ’ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪੰਜ ਫ਼ਸਲਾਂ ’ਤੇ ਐੱਮਐੱਸਪੀ ਦਿੱਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਇਸ ਬਿਆਨ ਦਾ ਵਿਰੋਧ ਜਤਾਇਆ ਕਿ ‘ਆਪ’ ਸਰਕਾਰ ਨੇ ਸਿਰਫ਼ ਮੂੰਗੀ ਅਤੇ ਮੱਕੀ ਦੀ ਫ਼ਸਲ ’ਤੇ ਐੱਮਐੱਸਪੀ ਦੇਣ ਦੀ ਗੱਲ ਕੀਤੀ ਸੀ ਪ੍ਰੰਤੂ ਸਰਕਾਰ ਇਹ ਦੇਣ ’ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤੀ ਕਿਸਾਨਾਂ ਨੂੰ ਮੂਰਖ ਬਣਾਉਣ ਵਾਸਤੇ ਕੇਜਰੀਵਾਲ ਝੂਠ ਬੋਲ ਰਹੇ ਹਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਡੀਕਲ ਉਤਪਾਦਾਂ ਦੇ ਮਿਆਰ ਨਾਲ ਕਿਸੇ ਵੀ ਸਮਝੌਤੇ ਦੀ ਆਗਿਆ ਨਹੀਂ
Next articleDelhi Minister Rajendra Pal Gautam resigns from cabinet