(ਸਮਾਜ ਵੀਕਲੀ)
ਜਿੰਨਾਂ ਦੇ ਅੰਦਰ
ਰੋਹ ਹੋਵੇ ਜ਼ਾਲਮਾਂ ਦੇ ਖਿਲਾਫ
ਉਨਾਂ ਦੇ ਹੱਥ
ਨੰਗੀਆਂ ਤੇਗਾਂ ਹੁੰਦੀਆਂ ਹਨ,
ਜ਼ੁਲਮ ਦੇ ਖਾਤਮੇ ਦੀ
ਰਾਹ ਤੇ ਜਿੰਨਾਂ ਤੁਰਨਾ ਹੋਵੇ,
ਤਸੀਹੇ ਨਾਲ ਭਰੀਆਂ
ਉਨਾਂ ਦੇ ਹੱਥ ਦੀਆਂ
ਲਕੀਰਾਂ ਹੁੰਦੀਆਂ ਹਨ,
ਯੋਧਿਆਂ ਦੇ ਹੋਂਸਲੇ ਤੋੜਣ ਲਈ
ਹਾਕਮਾਂ ਵੱਲੋਂ ਨਿੱਤ ਨਵੀਂਆਂ
ਤਰਕੀਬਾਂ ਹੁੰਦੀਆਂ ਹਨ,
ਬੇੜੀਆਂ ਦੇ ਵਿੱਚ ਜਕੜੇ ਵੀ
ਸ਼ੇਰਾਂ ਵਾਂਗ ਗੱਜਦੇ ਨੇ ਯੋਧੇ,
ਬਦੀ ਦੇ ਖਿਲਾਫ ਉਨਾਂ ਦੀਆਂ
ਲਲਕਾਰਾਂ ਹੁੰਦੀਆਂ ਹਨ,
ਰੁਖਸਤ ਜਦੋਂ ਹੁੰਦੇ ਹਨ
ਇਸ ਦੁਨੀਆ ਤੋਂ ਸੂਰਮੇ,
ਚਾਰੇ ਪਾਸੇ ਜੈਕਾਰਿਆਂ ਦੀਆਂ
ਗੂੰਜਾਂ ਹੁੰਦੀਆਂ ਹਨ,
ਹਰ ਦਿਲ ਵਿੱਚ
ਮਾਤਮ ਛਾਇਆ ਹੁੰਦਾ ਹੈ
ਤੇ ਅੱਖਾਂ
ਸਾਰੀਆਂ ਨਮ ਹੁੰਦੀਆਂ ਹਨ,
ਕਾਲਜੇ ਲੱਖ
ਵਲੂੰਦਰੇ ਹੋਣ ਮਾਵਾਂ ਦੇ,
ਪੁੱਤਾਂ ਦੇ ਸਿਵਿਆਂ ‘ਤੇ
ਸਿਰ ਚੱਕ ਖੜੀਆਂ ਹੁੰਦੀਆਂ ਹਨ,
ਇੰਨਾਂ ਸ਼ੇਰਾਂ ਨੂੰ
ਜਨਮ ਦੇਣ ਵਾਲੀਆਂ
ਮਾਵਾਂ ਵੀ ਤਾਂ
ਸ਼ੇਰਨੀਆਂ ਹੀ ਹੁੰਦੀਆਂ ਹਨ,
ਸੂਰਮਿਆਂ ਦੀਆਂ ਮੌਤਾਂ
ਬੁਖਾਰ ਚੜਣ ਨਾਲ ਨਹੀਂ ਹੁੰਦੀਆ,
ਉਨਾਂ ਦੀਆਂ ਮੌਤਾਂ
ਹਥਿਆਰਾਂ ਨਾਲ
ਯਾਂ
ਹਾਦਸਿਆਂ ਨਾਲ ਹੁੰਦੀਆਂ ਹਨ,
ਜਿੰਨਾਂ ਦਾ ਵਾਹ ਪਿਆ ਹੋਵੇ
ਤਕਰੀਰਾਂ ਨਾਲ
ਉਨਾਂ ਦੀਆਂ
ਕਦੇ ਮੌਤਾਂ ਨਹੀਂ ਹੁੰਦੀਆਂ
ਬੱਸ ਸ਼ਹਾਦਤਾਂ ਹੁੰਦੀਆਂ ਹਨ
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ, ਪ੍ਰਧਾਨ
ਪੀਂਘਾਂ ਸੋਚ ਦੀਆਂ-ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ
+91-9888697078