ਹਰਚਰਨ ਸਿੰਘ ਪ੍ਰਹਾਰ
(ਸਮਾਜ ਵੀਕਲੀ) ਵੈਸੇ ਤਾਂ ਪਿਛਲੀ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ਾਂ ਵੱਲੋਂ ਸਿੱਖਾਂ ਨੂੰ ਹਿੰਦੂਆਂ ਮੁਸਲਮਾਨਾਂ ਦੇ ਮੁਕਾਬਲੇ ਤੀਜੀ ਧਿਰ ਖੜੀ ਕਰਕੇ ਆਪਣੀਆਂ ਫੌਜਾਂ ਵਿੱਚ ਵਰਤਣ ਲਈ ਸਿੰਘ ਸਭਾ ਮੌਵਮੈਟ ਨੂੰ ਵਰਤਦਿਆਂ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਵਿਦਵਾਨ ਤੋਂ ‘ਹਮ ਹਿੰਦੂ ਨਹੀਂ’ ਨਾਮ ਦੀ ਕਿਤਾਬ ਲਿਖਾ ਕੇ ਨਫ਼ਰਤ ਦੇ ਬੀਜ ਸਮਾਜ ਵਿੱਚ ਬੀਜ ਦਿੱਤੇ ਸਨ। ਫਿਰ ਸ਼੍ਰੋਮਣੀ ਕਮੇਟੀ, ਅਕਾਲੀ ਦਲ (ਪਹਿਲਾ ਨਾਮ ਸਿੱਖ ਲੀਗ), ਅਕਾਲ ਤਖ਼ਤ, ਸਿੱਖ ਮਰਿਯਾਦਾ ਰਾਹੀਂ ਇੱਕ ਨਵਾਂ ਜਥੇਬੰਦਕ ਸਿੱਖ ਫਿਰਕਾ ਖੜਾ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚੋ ਅਜਿਹਾ ਕੋਈ ਫਿਰਕਾ ਜਾਂ ਮਰਿਯਾਦਾ ਬਣ ਨਹੀਂ ਸਕਦੀ ਸੀ ਤਾਂ 18ਵੀਂ-19ਵੀਂ ਸਦੀ ਦੇ ਗੁਰੂਆਂ ਅਤੇ ਪ੍ਰਮੁੱਖ ਸਿੱਖਾਂ ਦੇ ਨਾਮ ਲਿਖੇ ਹੋਏ ਜਾਂ ਲਿਖਾਏ ਗਏ, ਨਕਲੀ ਹੁਕਮਨਾਮਿਆਂ, ਰਹਿਤਨਾਮਿਆਂ ਤੇ ਕੁਝ ਗ੍ਰੰਥਾਂ ਨੂੰ ਅਧਾਰ ਬਣਾ ਕੇ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਕਰਮਕਾਂਡੀ ਮਰਿਯਾਦਾਵਾਂ ਦੀ ਨਕਲ ‘ਤੇ ਸਿੱਖ ਰਹਿਤ ਮਰਿਯਾਦਾ ਬਣਾਈ ਗਈ। ਚਾਰ ਤਖਤਾਂ ਦਾ ਨਾਮਕਰਨ ਕੀਤਾ ਗਿਆ। ਪੰਜਵਾਂ ਤਖ਼ਤ ਦਮਦਮਾ ਸਾਹਿਬ ਬਾਅਦ ਵਿੱਚ 1966-67 ਵਿੱਚ ਸ਼ਾਮਿਲ ਕੀਤਾ ਗਿਆ।
ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ, ਭਾਰਤ ਵਿੱਚ ਸਦੀਆਂ ਤੋੜਨ ਚੱਲਦੇ ਆ ਰਹੇ, ਲੋਕ ਤਿਉਹਾਰਾਂ; ਲੋਹੜੀ, ਹੋਲੀ, ਵੈਸਾਖੀ, ਰੱਖੜੀ, ਦੀਵਾਲ਼ੀ ਆਦਿ ਦਾ ਸਿੱਖੀਕਰਨ ਪਿਛਲੇ 2-3 ਦਹਾਕਿਆਂ ਤੋਂ ਸ਼ੁਰੂ ਕੀਤਾ ਗਿਆ। ਜਿਸ ਵਿੱਚੋ ਲੋਹੜੀ ਨੂੰ ਮਾਘੀ, ਹੋਲੀ ਨੂੰ ਹੋਲਾ-ਮਹੱਲਾ, ਵੈਸਾਖੀ ਨੂੰ ਖ਼ਾਲਸਾ ਸਾਜਨਾ ਦਿਵਸ, ਦੀਵਾਲ਼ੀ ਬੰਦੀ ਛੋੜ ਦਿਵਸ ਬਣਾਇਆ ਗਿਆ।
ਹੁਣ ਇਸੇ ਲੜੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਅਜਿਹਾ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਕਿ ਵਿਦੇਸ਼ਾਂ ਵਿੱਵ ਵੱਸਦੇ ਸਿੱਖ ਕ੍ਰਿਸਮਿਸ ਨਾ ਮਨਾਉਣ। ਜਿਹੜੇ ਲੋਕ ਵਿਦੇਸ਼ਾਂ ਵਿੱਚ ਵੱਸਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਕ੍ਰਿਸਮਿਸ ਹੁਣ ਇੱਕ ਧਾਰਮਿਕ ਤਿਉਹਾਰ ਨਾ ਹੋ ਕੇ ਸਭ ਦਾ ਸਾਂਝਾ ਕਲਚਰਲ ਤਿਉਹਾਰ ਬਣ ਚੁੱਕਾ ਹੈ। ਜਿਸ ਵਿੱਚ ਪਰਿਵਾਰ ਮਿਲ ਬੈਠ ਕੇ ਮਨਾਉਂਦੇ ਹਨ, ਇੱਕ ਦੂਜੇ ਨੂੰ ਗਿਫਟ ਦਿੱਤੇ ਜਾਂਦੇ ਹਨ, ਕੰਮਾਂ ‘ਤੇ ਪਾਰਟੀਆਂ ਹੁੰਦੀਆਂ ਹਨ, ਆਦਿ। ਸਾਹਿਬਜ਼ਾਦਿਆਂ ਜਾਂ ਹੋਰ ਸ਼ਹੀਦਾਂ ਦੇ ਦਿਨ ਪਹਿਲਾਂ ਵੀ ਬੜੇ ਉਤਸ਼ਾਹ ਅਤੇ ਚੜ੍ਹਦੀ ਕਲਾ ਵਿੱਚ ਮਨਾਏ ਜਾਂਦੇ ਸਨ। ਇਸੇ ਕਰਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਨੂੰ ਜੋੜ-ਮੇਲੇ ਕਿਹਾ ਜਾਂਦਾ ਸੀ। ਹੁਣ ਇਨ੍ਹਾਂ ਦਿਨਾਂ ਨੂੰ ਮੁਸਲਮਾਨਾਂ ਦੇ ਮੁਹੱਰਮ ਵਾਂਗ ਸੋਗਮਈ ਦਿਨਾਂ ਵਾਂਗ ਮਨਾਉਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਯਾਦ ਰਹੇ ਮੁਸਲਮਾਨਾਂ ਦੇ ਫਿਰਕੇ ਸ਼ੀਆ ਮੁਸਲਮਾਨਾਂ ਵਲੋ ਇਮਾਮ ਹੁਸੈਨ ਦੀ ਸ਼ਹੀਦੀ ਮਨਾਉਣ ਲਈ ਇਸ ਦਿਨ ਮਰਦਾਂ ਵਲੋ ਕੱਪੜੇ ਉਤਾਰ ਕੇ ਆਪਣੇ ਸਰੀਰ ਨੂੰ ਹੰਟਰਾਂ, ਲੋਹੇ ਦੀਆਂ ਪੱਤੀਆਂ ਆਦਿ ਨਾਲ਼ ਲਹੂ-ਲੁਹਾਣ ਕਰ ਲਿਆ ਜਾਂਦਾ ਹੈ। ਫਿਰਕਾਵਾਦੀ ਸਿੱਖਾਂ ਵਲੋ ਅਜੇ ਕੋਈ ਅਜਿਹਾ ਹੁਕਮ ਤਾਂ ਨਹੀ ਆਇਆ।
ਪਹਿਲਾਂ ਸਾਡਾ ਜ਼ੋਰ ਇਸ ਗੱਲ ਲਈ ਲੱਗਾ ਰਿਹਾ ਕਿ ਅਸੀ ਹਿੱਦੂ ਨਹੀ, ਕੀ ਹੁਣ ਇਹ ਸਾਬਿਤ ਕਰਨ ‘ਤੇ ਲਾਵਾਂਗੇ ਕਿ ਸਿੱਖ ਕ੍ਰਿਸਚੀਅਨ ਨਹੀ। ਜਦਕਿ ਗੁਰਬਾਣੀ ਅਨੁਸਾਰ ਅਸੀ ਸਾਰੇ ਸਿਰਫ ਇਨਸਾਨ ਹਾਂ, ਉਹ ਵੀ ਇੱਕਦਮੀ ਭਾਵ ਜੇ ਸਾਹ ਆ ਗਿਆ ਤਾਂ ਮਰਦ ਨਹੀਂ ਤਾਂ ਮੁਰਦਾ। ਪਤਾ ਨਹੀਂ ਕਿਉਂ ਕੁਝ ਲੋਕ ਧਰਮ ਦੇ ਨਾਮ ‘ਤੇ ਮਨੁੱਖਤਾ ‘ਚ ਵੰਡੀਆਂ ਰਹੇ ਹਨ? ਕਿਉਂ ਲੋਕ ਤਿਉਹਾਰਾਂ ਨੂੰ ਮਨੁੱਖੀ ਸਾਂਝ ਵਧਾਉਣ ਦੀ ਥਾਂ ਨਫਰਤ ਦੀਆਂ ਦੀਵਾਰਾਂ ਖੜੀਆਂ ਕਰਨ ਲਈ ਵਰਤ ਰਹੇ ਹਨ।
ਪਰ ਅਜਿਹੇ ਹੁਕਮ ਸ਼ੁਰੂ ਹੋ ਚੁੱਕੇ ਹਨ ਕਿ ਸ਼ਹੀਦੀਆਂ ਵਾਲ਼ੇ ਹਫ਼ਤੇ ਘਰਾਂ ਵਿੱਚ ਕੋਈ ਖੁਸ਼ੀ ਦਾ ਸਮਾਗਮ ਨਾ ਹੋਵੇ, ਕੋਈ ਪਾਰਟੀ ਨਾ ਹੋਵੇ, ਘਰਾਂ ਵਿੱਚ ਸੋਗ ਦਾ ਮਾਹੌਲ ਰੱਖੋ, ਟੀਵੀ ‘ਤੇ ਵੀ ਗੀਤ ਸੰਗੀਤ, ਮੂਵੀਆਂ ਨਾ ਦੇਖੋ, ਘਰਾਂ ਵਿੱਚ ਬੈੱਡ ਦੀ ਥਾਂ ਜਮੀਨ ਤੇ ਸੌਵੋ, ਇਸ ਮਹੀਨੇ ਮਿੱਠੇ ਨਾਲ਼ ਬਣੀ ਕੋਈ ਚੀਜ ਨਹੀ ਖਾਣੀ, ਸਿਰਫ ਮਹਾਂ ਦੀ ਦਾਲ਼ ਨਾਲ਼ ਸੁੱਕੀ ਰੋਟੀ ਖਾਣੀ ਹੈ ਆਦਿ।
ਪਿਛਲੇ ਸਾਲ ਇੱਕ ਵੀਡੀਓ ਦੇਖੀ ਜਿੱਥੇ ਲੋਕ ਨੰਗੇ ਪੈਰੀਂ ਗੋਡੋ ਗੋਡੇ ਪਾਣੀ ਵਿੱਚ ਸਰਸਾ ਨਾਲ਼ਾ ਪਾਰ ਕਰਦੇ ਹੋਏ, ਸੋਗਮਈ ਜਲੂਸ ਕੱਢ ਰਹੇ ਸਨ। ਮੈਨੂੰ ਲੱਗਦਾ, ਉਹ ਦਿਨ ਦੂਰ ਨਹੀਂ, ਜਦੋਂ ਗੁਰਦੁਆਰਿਆਂ ਵਿੱਚ ਵੀ ਇਸ ਹਫ਼ਤੇ ਸੋਗਮਈ ਧੁੰਨਾਂ ਵੱਜਿਆ ਕਰਨਗੀਆਂ।
ਸਿੱਖ ਭਾਈਚਾਰੇ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਚੜਦੀ ਕਲਾ ਦੇ ਜੋੜ ਮੇਲਿਆਂ ਰੂਪ ਵਿੱਚ ਮਨਾਇਆਂ ਜਾਂਦਾ ਰਿਹਾ ਹੈ। ਇਸਨੂੰ ਕਦੇ ਨਿਰਾਸ਼ਾ ਜਾਂ ਸੋਗ ਵਿੱਚ ਨਹੀ ਮਨਾਇਆ ਗਿਆ। ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ ‘ਤੇ ਮਿੱਠੀਆਂ ਸ਼ਬੀਲਾਂ ਦੁਨੀਆਂ ਭਰ ‘ਚ ਮਸ਼ਹੂਰ ਹਨ। ਹੁਣ ਕੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ‘ਤੇ ਲੂਣ ਵਾਲ਼ੀ ਸ਼ਕੰਜਵੀ ਪਿਲਾਈ ਜਾਇਆ
ਕੀ ਹੁਣ ਮੁਸਲਮਾਨਾਂ ਦੇ ਮੁਹੱਰਮ ਵਾਂਗ ਸਿੱਖ ਵੀ ਨੀਂਹਾਂ ਵਿੱਚ ਚਿਣ ਹੋਣ ਦੇ ਡਰਾਮੇ ਕਰਿਆ ਕਰਨਗੇ?
ਹੁਣ ਤਾਂ ਇਹ ਵੀ ਕਿਹਾ ਜਾਣ ਲੱਗਾ ਹੈ ਕਿ ਇਸ ਹਫ਼ਤੇ ਕੋਈ ਵਿਆਹ ਨਾ ਕਰੇ, ਬਰਥਡੇ ਨਾ ਮਨਾਵੇ, ਕੋਈ ਖੁਸ਼ੀ ਦਾ ਸਮਾਗਮ ਨਾ ਕਰੇ, ਮਠਿਆਈ ਦੀਆਂ ਦੁਕਾਨਾਂ ਦਾ ਬਾਈਕਾਟ ਕਰੋ। ਪਰ ਕੀ ਇਨ੍ਹਾਂ ਵਿੱਚ ਗੁਰਦੁਆਰਿਆਂ ਅੰਦਰ ਦੇਸ਼ੀ ਘਿਉ ਅਤੇ ਖੰਡ ਵਾਲ਼ੇ ਕੜਾਹ ਪ੍ਰਸ਼ਾਦ ਦੀ ਥਾਂ ਲੂਣ ਵਾਲ਼ਾ ਪ੍ਰਸ਼ਾਦ ਬਣਾਇਆ ਜਾਇਆ ਕਰੇਗਾ?
ਆਮ ਸਿੱਖ ਸੰਗਤ ਦੀ ਬਦਕਿਸਮਤੀ ਇਹ ਹੈ ਕਿ ਉਹ ਅਜਿਹੇ ਗੁਰਮਤਿ ਵਿਰੋਧੀ ਕਾਰਜਾਂ ਨੂੰ ਨਕਾਰਨ ਦੀ ਥਾਂ ਚੁੱਪ ਕਰਕੇ ਦੇਖਦੇ ਰਹਿੰਦੇ ਹਨ ਜਾਂ ਦੇਖੋ-ਦੇਖੀ ਭੇਡ-ਚਾਲ ‘ਚ ਮਗਰ ਲੱਗ ਜਾਂਦੇ ਹਨ। ਸਿੱਖਾਂ ਵਿਚਲੇ ਕੁਝ ਕੱਟੜਪੰਥੀ ਧਾਰਮਿਕ ਤੇ ਰਾਜਸੀ ਲੋਕਾਂ ਵਲੋ ਚਲਾਈ ਹੋਈ ਹਿੰਸਾ ਤੇ ਨਫ਼ਰਤ ਦੀ ਰਾਜਨੀਤੀ ਨਾਲ਼ ਦੁਨੀਆਂ ਭਰ ‘ਚ ਸਿੱਖਾਂ ਦਾ ਪਿਛਲੇ 40-50 ਸਾਲ ਤੋਂ ਭਾਰੀ ਨੁਕਸਾਨ ਹੋ ਰਿਹਾ ਹੈ। 84 ਦੇ ਦੌਰ ‘ਚ ਵੱਡੇ ਨੁਕਸਾਨ ਉਠਾ ਕੇ ਵੀ ਅਸੀਂ ਕੋਈ ਸਬਕ ਸਿੱਖਣ ਜਾਂ ਸੋਚਣ ਲਈ ਤਿਆਰ ਨਹੀਂ। ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਕੋਈ ਨਾ ਕੋਈ ਵਿਰੋਧੀ ਚਾਹੀਦਾ ਹੈ, ਜਿਸਦੇ ਸਿਰ ਸਾਰਾ ਭਾਂਡਾ ਭੰਨ ਕੇ ਆਪ ਸੁਰਖੁਰੂ ਹੋ ਸਕੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly