ਮਾਮਲਾ ਅਰੁਣ ਨਾਰੰਗ ਦੀ ਫੈਂਟਾਂ ਫੈਂਟੀ ਦਾ

ਭਾਜਪਾ ਵਿਧਾਇਕ ਅਰੁਣ ਨਾਰੰਗ

ਦੂਸ਼ਣਬਾਜੀ ਕਰਨ ਦੀ ਬਜਾਏ, ਲੋਕ ਨੁਮਾਇੰਦੇ, ਘਟਨਾ ਦੇ ਮੂਲ ਕਾਰਨ ਨੂੰ ਸਮਝਣ

(ਸਮਾਜ ਵੀਕਲੀ)- ਕੱਲ੍ਹ ਮਲ਼ੋਟ ਦੇ ਲੋਕਾਂ ਨੇ ਦੁਖੀ ਹੋ ਕੇ ਜਿਸ ਤਰਾਂ ਉਥੋਂ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਨੂੰ ਨਾਰੰਗੀ ਵਾਂਗ ਛਿਲਕੇ ਨੰਗਾ ਕੀਤਾ, ਉਸ ਘਟਨਾ ਤੋਂ ਭਾਜਪਾ ਪ੍ਰਤੀ ਨਿਰੰਤਰ ਵੱਧ ਰਹੇ ਲੋਕ ਰੋਹ ਸਮੇਤ ਲੋਕ ਮਨ ਦੇ ਹੋਰ ਵੀ ਕਈ ਅਹਿਮ ਖੁਲਾਸੇ ਸਾਹਮਣੇ ਆਏ ਹਨ ।

ਲੋਕ-ਤੰਤਰ ਵਿੱਚ ਹਮੇਸ਼ਾ ਲੋਕ ਵੱਡੇ ਹੁੰਦੇ ਹਨ । ਲੋਕਾਂ ਦੁਆਰਾ ਚੁਣੇ ਗਏ ਨੁਮਾਇਂਦੇ, ਉਹਨਾਂ ਨੂੰ ਜਵਾਬ ਦੇਹ ਹੁੰਦੇ ਹਨ । ਜੇਕਰ ਚੁਣੀਆ ਗਈਆਂ ਲੋਕ ਸਰਕਾਰਾਂ ਲੋਕ ਭਲੇ ਹਿਤ ਕੰਮ ਕਰਨ ਦੀ ਬਜਾਏ ਅਹਿੱਤ ਵਿਚ ਭੁਗਤਦੀਆਂ ਹਨ ਤਾਂ ਫਿਰ ਸੱਤਾ ‘ਤੇ ਕਾਬਜ਼ ਪਾਰਟੀ ਦੇ ਨੁਮਾਇੰਦਿਆ ਨੂੰ ਲੋਕਾਂ ਪ੍ਰਤੀ ਜਵਾਬ ਦੇਹ ਹੋਣ ਕਾਰਨ ਉਹਨਾਂ ਚ ਵਿਚਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ । ਕੱਲ੍ਹ ਵਾਲੀ ਘਟਨਾ ਇਸ ਤਰਕ ਦੀ ਤਾਜਾ ਮਿਸਾਲ ਹੈ ।

ਬੇਸ਼ੱਕ ਕੁੱਟ-ਮਾਰ ਤੇ ਹਿੰਸਾ ਕਰਨਾ ਕਦਾਚਿਤ ਵੀ ਉਚਿਤ ਨਹੀਂ ਠਹਿਰਾਇਆ ਜਾ ਸਕਦਾ ਪਰੰਤੂ ਇਹ ਨਿਯਮ ਕਦੇ ਵੀ ਇਕਪਾਸੜ ਵਾਂਗੂ ਨਹੀਂ ਲਾਗੂ ਕੀਤਾ ਜਾ ਸਕਦਾ, ਸਗੋਂ ਇਹ ਸਭਨਾ ‘ਤੇ ਲਾਗੂ ਹੁੰਦਾ ਹੈ ਜਿਸ ਦਾ ਪਾਲਣ ਵੀ ਸਭਨਾ ਨੇ ਹੀ ਕਰਨਾ ਹੁੰਦਾ ਹੈ । ਜੇਕਰ ਇਸ ਪੱਖੋਂ ਦੇਖੀਏ ਤਾਂ ਕੇਂਦਰ ਚ ਕਾਬਜ਼ ਭਾਜਪਾ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਦੇਸ਼ ਦੇ ਕਿਸਾਨਾਂ ਨਾਲ ਪਿਛਲੇ ਪੌਣੇ ਕੁ ਸਾਲ ਤੋ ਧਿੰਗੋਜ਼ੋਰੀ ਕਰ ਰਹੀ ਹੈ ਜਿਸ ਦੌਰਾਨ ਸਰਕਾਰ ਵੱਲੋਂ ਅਤਿ ਘਟੀਆ ਦਰਜੇ ਦੀ ਸਰਕਾਰੀ ਹਿੰਸਾ ਕੀਤੀ ਗਈ ਤੇ ਅੰਦੋਲਨਕਾਰੀ ਕਿਸਾਨਾ ਦੀਆ ਲਗਾਤਾਰ ਮੌਤਾਂ ਵੀ ਹੋ ਰਹੀਆਂ ਹਨ । ਹੁਣ ਤੱਕ 300 ਦੇ ਲਗਭਗ ਕਿਸਾਨ ਅੰਦੋਲਨ ਦੀ ਭੇਂਟ ਚੜ੍ਹ ਚੁੱਕੇ ਹਨ ਕਿ ਸਰਕਾਰ ਨੇ ਕਦੇ ਉਹਨਾਂ ਬਾਰੇ ਦੋ ਸ਼ਬਦ ਅਫਸੋਸ਼ ਤੱਕ ਦੇ ਵੀ ਕਹਿਣ ਦੀ ਲੋੜ ਨਹੀ ਸਮਝੀ । ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਨਾਲੇ ਚੋਰੀ ਤੇ ਨਾਲੇ ਸੀਨਾ ਜ਼ੋਰੀ ਦੀ ਨੀਤੀ ‘ਤੇ ਚੱਲ ਰਹੀ ਹੈ । ਕੀ ਇਹ ਲਗਾਤਾਰ ਕੀਤਾ ਜਾ ਰਿਹਾ ਧੱਕਾ ਹਿੰਸਾ ਨਹੀਂ ?

ਅਰੁਣ ਨਾਰੰਗ ਦੀ ਦੁਖੇ ਹੋਏ ਲੋਕਾਂ ਦੁਆਰਾ ਕੀਤੀ ਗਈ ਫੈਂਟਾਂ ਫੈਂਟੀ ਤੋਂ ਇਹ ਵੀ ਸ਼ੰਕਾ ਪੈਦਾ ਹੁੰਦਾ ਹੈ ਕਿ ਜਿਸ ਪ੍ਰਕਾਰ ਉਸ ਦੀ ਭੁਗਤ ਸਵਾਰੀ ਗਈ, ਉਸ ਤੋਂ ਲਗਦਾ ਹੈ ਕਿ ਭਾਜਪਾ ਦੇ ਬਹੁਤੇ ਨੁਮਾਇੰਦੇ ਅਸਲ ਵਿੱਚ ਲੋਕ ਨੁਮਾਇੰਦੇ ਹੈ ਨਹੀਂ ਸਗੋਂ ਉਹ ਤਾਂ ਈ ਵੀ ਐਮ ਮਸ਼ੀਨ ਨਾਮ ਦੇ ਅਲਾਦੀਨ ਦੇ ਚਿਰਾਗ ਦੀ ਪੈਦਾਵਾਰ ਹਨ । ਜੇਕਰ ਉਹ ਲੋਕ ਨੁੰਮਾਇੰਦੇ ਹੁੰਦੇ ਤਾਂ ਪਿਛਲੇ ਲੰਮੇ ਸਮੇਂ ਤੋ ਚੱਲ ਰਹੇ ਕਿਰਤੀ ਕਿਸਾਨ ਸੰਘਰਸ਼ ਦੇ ਦੁੱਖਾਂ ਨੂੰ ਸਮਝਕੇ ਉਹਨਾਂ ਦੀ ਬਾਂਹ ਫੜਦੇ ਤੇ ਉਹਨਾਂ ਦੇ ਨਾਲ ਖੜ੍ਹਦੇ ।

ਕੱਲ ਵਾਲੀ ਘਟਨਾ ਤੇ ਇਸ ਤੋਂ ਪਹਿਲਾਂ ਹਰਿਆਣੇ ਦੇ ਹਿਸਾਰ ਜਿਲ੍ਹੇ ਚ ਮਨੋਹਰ ਲਾਲ ਖੱਟਰ ਦੀ ਰੈਲੀ ਦੇ ਸ਼ਾਮਿਆਨੇ ਨੁੰ ਤਹਿਸ ਨਹਿਸ ਕਰਨ ਵਾਲੀਆਂ ਘਟਨਾਵਾਂ ਸਮੇਤ ਦੋ ਦਿਨ ਪਹਿਲਾਂ ਬੰਗਲਾ ਦੇਸ਼ ਚ ਨਰਿੰਦਰ ਮੋਦੀ ਦੀ ਫੇਰੀ ਸਮੇਂ ਹੋਏ ਭਰਵੇਂ ਵਿਰੋਧ ਤੋਂ ਹੁਣ ਇਹ ਸਾਫ ਹੋ ਗਿਆ ਹੈ ਕਿ ਭਾਜਪਾ ਦੇ ਪਾਪਾਂ ਦਾ ਘੜਾ ਹੁਣ ਪੂਰੀ ਤਰਾਂ ਨੱਕੋ ਨੱਕ ਭਰ ਚੁੱਕਾ ਹੈ, ਲੋਕ ਇਸ ਪਾਰਟੀ ਤੋਂ ਹੀ ਨਹੀਂ ਬਲਕਿ ਹਰ ਉਸ ਗੰਦੇ ਸਿਆਸਤਦਾਨ ਤੋਂ ਬਹੁਤ ਦੁਖੀ ਹਨ ਜੋ ਲੋਕਾਂ ਦੇ ਭਲੇ ਦੀ ਬਜਾਏ ਨਿੱਜੀ ਸਵਾਰਥਾਂ ਦੀ ਪੂਰਤੀ ਵਾਸਤੇ ਸਿਆਸਤ ਚ ਆਉਂਦੇ ਤੇ ਗੰਦੀ ਸਿਆਸਤ ਕਰਦੇ ਹਨ । ਇਹਨਾਂ ਘਟਨਾਵਾਂ ਤੋਂ ਇੰਜ ਲਗਦਾ ਹੈ ਕਿ ਆਉਣ ਵਾਲੇ ਸਮੇਂ ਚ ਇਸ ਤਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੋ ਸਕਦੀਆਂ ਹਨ । ਇਸ ਤਰਾਂ ਦੇ ਬਹੁਤ ਸਾਰੇ ਇਸ਼ਾਰੇ ਸ਼ੋਸ਼ਲ ਮੀਡੀਆ ‘ਤੇ ਹੋ ਰਹੀਆਂ ਚੁੰਝ ਚਰਚਾਵਾਂ ਤੋਂ ਵੀ ਆਮ ਹੀ ਮਿਲ ਰਹੇ ਹਨ ।

ਕੁੱਜ ਨੇਤਾ ਕੱਲ ਵਾਲੀ ਘਟਨਾ ਨੂੰ ਪੰਜਾਬ ਚ ਅਮਨ ਕਾਨੂੰਨ ਦੀ ਵਿਗੜੀ ਹੋਈ ਹਾਲਤ ਨਾਲ ਜੋੜ ਰਹੇ ਹਨ । ਜੇਕਰ ਇਹ ਘਟਨਾ ਅਮਨ ਕਾਨੂੰਨ ਦੀ ਹੈ ਤਾਂ ਫਿਰ ਇਹ ਸੋਚਣਾ ਵੀ ਜ਼ਰੂਰੀ ਹੈ ਕਿ ਇਸ ਨੂੰ ਪੈਦਾ ਕਿਸਨੇ ਕੀਤਾ ਹੈ ? ਭੜਕੇ ਹੋਏ ਲੋਕਾਂ ਨੇ ਭਾਜਪਾ ਵਿਧਾਇਕ ਦੀ ਹੀ ਫੈਂਟੀ ਕਿਓਂ ਫੇਰੀ ? ਦਰਅਸਲ ਮੁਲਕ ਚ ਜੋ ਹਾਲਾਤ ਪੈਦਾ ਹੋ ਰਹੇ ਹਨ, ਉਹਨਾ ਦੀ ਜ਼ੁੰਮੇਵਾਰ ਕੇਂਦਰ ਸਰਕਾਰ ਹੈ । ਕਿਸਾਨਾ ਨਾਲ ਧੱਕਾ, ਤੇਲ ਦੀਆ ਕੀਮਤਾਂ, ਹਿਰਨ ਛੜੱਪੇ ਮਾਰਕੇ ਨਿਰੰਤਰ ਵੱਧ ਰਹੀ ਮਹਿੰਗਾਈ, ਵੱਧ ਰਹੀ ਬੇਰੁਜ਼ਗਾਰੀ, ਲੋਕਾਂ ਉੱਤੇ ਲਗਾਤਾਰ ਟੈਕਸਾਂ ਦਾ ਵਧਾਇਆ ਜਾ ਰਿਹਾ ਭਾਰ, ਸਰਕਾਰੀ ਅਦਾਰਿਆਂ ਦੇ, ਧੰਨਾ ਸੇਠਾਂ ਨਾਲ ਇਕ ਤੋਂ ਬਾਅਦ ਇਕ ਸੌਦੇ, ਗਲਤ ਸਰਕਾਰੀ ਨੀਤੀਆਂ, ਲੋਕ ਵਿਰੋਧੀ ਕਾਨੂੰਨ ਤੇ ਵੋਟਾਂ ਵੇਲੇ ਦਿਖਾਏ ਜਾਂਦੇ ਵੱਡੇ ਵੱਡੇ ਸਬਜਬਾਗ ਆਦਿ ਲੋਕਾਂ ਚ ਫੈਲ ਰਹੀ ਘਬਰਾਹਟ, ਰੋਹ, ਰੋਸ, ਬੇਚੈਨੀ ਤੇ ਅਰਾਜਕਤਾ ਦਾ ਮੂਲ ਕਾਰਨ ਹਨ । ਇਸ ਕਰਕੇ ਕੇਂਦਰ ਸਰਕਾਰ ਦੀ ਹਾਲਤ ਇਸ ਵੇਲੇ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਵਾਲੀ ਬਣੀ ਹੋਈ ਹੈ ਤੇ ਇਸ ਤਰਾਂ ਦੀ ਹਾਲਤ ਜਦੋਂ ਕਿਸੇ ਦੀ ਵੀ ਹੋ ਜਾਵੇ ਤਾਂ ਸਮਝੋ ਕਿ ਉਸ ਦੇ ਦਿਨ ਪੁੱਗ ਚੁੱਕੇ ਹੁੰਦੇ ਹਨ।

ਦੇਸ਼ ਦੇ ਲੋਕ ਹੁਣ ਜਾਗ ਚੁੱਕੇ ਹਨ ਜਿਸ ਕਰਕੇ ਹਿੰਦੁਤਵੀ ਫਿਰਕੂ ਪੱਤਾ, ਪਾਕਿਸਤਾਨ ਨੂੰ ਡਰਾਉਣਾ ਜਿਨ ਬਣਾ ਕੇ ਪੇਸ਼ ਤੇ ਪ੍ਰਚਾਰ ਕਰਕੇ ਲੋਕ ਹਮਦਰਦੀ ਵਟੋਰਨ ਆਦਿ ਦੇ ਢੰਗ ਤਰੀਕੇ ਹੁਣ ਬਹੁਤ ਪੁਰਾਣੇ ਤੇ ਘਿਸੇ ਪਿੱਟੇ ਬਣ ਚੁੱਕੇ ਹਨ । ਲੋਕਾਂ ਇਹ ਵੀ ਜਾਣ ਗਏ ਹਨ ਕਿ ਸਿਆਸੀ ਪਾਰਟੀਆਂ ਵੋਟਾਂ ਲੋਕ-ਤੰਤਰ ਦੇ ਨਾਮ ‘ਤੇ ਲੈਂਦੀਆਂ ਹਨ, ਸੱਤਾ ਪ੍ਰਾਪਤੀ ਉਪਰੰਤ ਲੋਕ-ਤੰਤਰ ਦੇ ਓਹਲੇ ਹੇਠ ਲ਼ੱਠਤੰਤਰ/ ਤਾਨਾਸ਼ਾਹੀ ਕਰਦੀਆਂ ਹਨ । ਮੋਦੀ ਦੀ ਸਰਕਾਰ ਕਿਸਾਨਾਂ ਦੇ ਮਾਮਲੇ ਸਮੇਤ ਨੋਟਬੰਦੀ, ਜੀ ਐਸ ਟੀ ਤੇ ਜੰਮੂ ਕਸ਼ਮੀਰ ਚ ਧਾਰਾ 370 ਹਟਾਉਣ ਵਰਗੀਆਂ ਹਿਟਲਰੀਆਂ ਨੀਤੀਆਂ ਆਦਿ ਸਾਡੀ ਉਕਤ ਧਾਰਨਾ ਦੀ ਪੁਸ਼ਟੀ ਸ਼ਪੱਸ਼ਟ ਰੂਪ ਚ ਕਰਦੀਆਂ ਹਨ । ਵੱਡੀ ਗੱਲ ਇਹ ਹੈ ਕਿ ਉਕਤ ਸਭਨਾ ਚ ਆਮ ਜਨਤਾ ਦਾ ਭਲਾ ਪੂਰੀ ਤਰਾਂ ਮਨਫੀ ਕਰਕੇ ਸਿਰਫ ਤੇ ਸਿਰਫ ਵੱਡੇ ਢਿੱਡਾਂ ਵਾਲਿਆਂ ਦਾ ਢਿੱਡ ਹੋਰ ਭਰਕੇ ਵੱਡਾ ਕਰਨ ਦੀ ਹੀ ਕੋਸ਼ਿਸ਼ ਕੀਤੀ ਗਈ ਹੈ ।

ਇਕ ਵਾਰ ਫਿਰ ਕਹਾਂਗਾ ਕਿ ਕਿਸੇ ਦੀ ਕੁੱਟ-ਮਾਰ ਕਰਨਾ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਨਾ ਹੀ ਅਜਿਹਾ ਕਰਨਾ ਚਾਹੀਦਾ ਹੈ, ਪਰ ਕਈ ਵਾਰ ਹਾਲਾਤ ਅਜਿਹੇ ਪੈਦਾ ਹੋ ਜਾਂਦੇ ਹਨ ਜਾਂ ਫੇਰ ਕਿਸੇ ਧਿਰ ਵੱਲੋਂ ਪੈਦਾ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਲੋਕ ਰੋਹ ਬੇਕਾਬੂ ਹੋ ਕੇ ਇਸ ਤਰਾਂ ਦੀਆ ਘਟਨਾਵਾਂ ਨੂੰ ਅੰਜਾਮ ਦੇ ਦਿੰਦਾ ਹੈ । ਅਰੁਣ ਨਾਰੰਗ ਵਾਲੀ ਘਟਨਾ ਕੁੱਜ ਇਸੇ ਤਰਾਂ ਦੇ ਹਾਲਾਤਾਂ ਦਾ ਸਿੱਟਾ ਹੈ ਜਿਸ ਵਾਸਤੇ ਪੰਜਾਬ ਸਰਕਾਰ ਦੀ ਬਜਾਏ ਕੇਂਦਰ ਸਰਕਾਰ ਜ਼ੁੰਮੇਵਾਰ ਹੈ । ਇਹ ਮਸਲਾ ਅਮਨ ਕਾਨੂੰਨ ਦਾ ਨਹੀਂ ਬਲਕਿ ਮਸਲਾ ਕੇਂਦਰ ਸਰਕਾਰ ਵੱਲੋਂ ਮੁਲਕ ਦੇ ਲੋਕਾਂ ਨਾਲ ਲਗਾਤਾਰ ਕੀਤੇ ਜਾ ਰਹੇ ਧੱਕਿਆ ਦਾ ਹੈ, ਸਰਕਾਰੀ ਦੁਰ ਪਰਬੰਧ ਹੈ । ਇਹ ਘਟਨਾ ਇਕੱਲੇ ਕਿਸਾਨ ਵਿਰੋਧੀ ਬਿੱਲਾ ਦੀ ਹੀ ਨਹੀਂ ਬਲਕਿ ਸਮਾਜ ਦੇ ਹਰ ਵਰਗ ਚ ਫੈਲੀ ਘਬਰਾਹਟ ਤੇ ਬੇਚੈਨੀ ਦਾ ਸਿੱਟਾ ਹੈ । ਸਿਆਸੀ ਪਾਰਟੀਆਂ ਤੇ ਨੇਤਾਵਾਂ ਨੂੰ ਇਸ ਘਟਨਾ ਉੱਤੇ ਗੰਦੀ ਸਿਆਸਤ ਕਰਨ ਦੀ ਬਜਾਏ ਘਟਨਾ ਦੇ ਜ਼ਮੀਨੀ ਕਾਰਨਾ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ ਨਿੱਤ ਦਿਨ ਅਜਿਹੀਆਂ ਘਟਨਾਵਾਂ ਵਾਪਰਨ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਕਥਿਤ ਲੋਕ ਨੁਮਾਇੰਦਿਆ ਦਾ ਘਰੋ ਬਾਹਰ ਨਿਕਲਕੇ ਜਨਤਾ ਚ ਵਿਚਰਨਾ ਮੁਸ਼ਕਲ ਹੋ ਜਾਏ । ਸੋ ਸਿਆਸੀ ਪਾਰਟੀਆਂ ਤੇ ਉਹਨਾਂ ਦੇ ਕਾਰਕੁਨਾਂ ਵਾਸਤੇ ਕੱਲ ਵਾਲੀ ਘਟਨਾ ਇਕ ਇਸ਼ਾਰਾ ਮਾਤਰ ਸਮਝੀ ਜਾਣੀ ਚਾਹੀਦੀ ਹੈ ਕਿ ਉਹ ਚਿੰਗਾੜੀ ਨੂੰ ਭਾਂਬੜ ਬਣਨ ਤੋ ਪਹਿਲਾਂ ਉਸ ਦੀ ਰੋਕਥਾਮ ਵਾਸਤੇ ਮੂਲ ਕਾਰਨਾਂ ਨੂੰ ਸਮਝਦੇ ਹੋਏ ਸਹੀ ਦਿਸ਼ਾ ਵਿੱਚ ਯਤਨਸ਼ੀਲ ਹੋਣ ।

– ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
28/03/2021

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDeath of Sewer / Septic tank sanitation workers continue unabated in Delhi
Next articleਸਾਚਾ ਕਨੇਡਾ ਵਿਚ