ਜਲੰਧਰ ਦੇ ਸਕੂਲ ਦੀ ਗੂੰਜ ਯਾਦ ਰਹੇਗੀ
ਸਾਹਿਬ ਸਿੰਘ
(ਸਮਾਜ ਵੀਕਲੀ) ਮੇਰੀ ਟੀਮ “ਧਨੁ ਲੇਖਾਰੀ ਨਾਨਕਾ “ ਦੇ ਪਹਿਲੇ ਸ਼ੋਅ ਤੋਂ ਲਗਾਤਾਰ ਨਾਲ ਹੈ…ਅੱਜ ਦੇ ਸ਼ੋਅ ਤੋਂ ਬਾਅਦ ਉਹਨਾਂ ਦੀ ਟਿੱਪਣੀ ਸੀ ,”ਹੁਣ ਤੱਕ ਦਾ ਬੈਸਟ ਸ਼ੋਅ!”…ਟਿੱਪਣੀ ਕਬੂਲ ਹੈ!..ਇਹ ਸ਼ੋਅ ਭੁੱਲ ਸਕਦਾ ਨਹੀਂ,ਭੁੱਲਣਾ ਚਾਹੀਦਾ ਵੀ ਨਹੀਂ…ਜਲੰਧਰ ਦਾ ਇੱਕ ਸਰਕਾਰੀ ਸਕੂਲ…ਕੁੜੀਆਂ ਦਾ ਸਕੂਲ…ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ…ਬਲਜੀਤ ਬੱਲ ਦਾ ਜਨੂਨ ਸੀ ਕਿ ਤੇਰਾ ਨਾਟਕ ਬੱਚੀਆਂ ਨੂੰ ਦਿਖਾਉਣਾ!
ਅੱਜ ਉਸ ਜਨੂਨ ਦੀ ਹੱਦ ਪਾਰ ਹੋਈ…ਹਜ਼ਾਰ ਤੋਂ ਉੱਪਰ ਵਿਦਿਆਰਥਣਾਂ..ਹਾਲ ਭਰਿਆ ਹੋਇਆ..ਨਾਟਕ ਟੇਢ ਵਾਲ਼ਾ..ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਏਨੇ ਪਿਆਰ ਨਾਲ, ਏਨੀ ਸਮਝ ਨਾਲ ਸ਼ਾਇਦ ਵੱਡੇ ਵੀ ਨਾ ਦੇਖ ਸਕਣ…ਨਾਟਕ ਦੇਖਦਿਆਂ ਏਨੀ ਗੰਭੀਰਤਾ ਨਾਲ ਮੰਚ ਵੱਲ ਨਜ਼ਰਾਂ ਗੱਡ ਕੇ ਰੱਖਣਾ…ਡੂਢ ਘੰਟਾ..ਤੇ ਸ਼ਾਨਦਾਰ ਚੁੱਪ..ਏਨੀ ਤਾਂ ਸਿਆਣਿਆਂ ਤੋਂ ਆਸ ਕੀਤੀ ਜਾਂਦੀ ਹੈ..ਪਰ ਇਹ ਬੱਚੀਆਂ ਸਚਮੁਚ ਸਿਆਣੀਆਂ ਨੇ!..ਇਹਨਾਂ ਹਜ਼ਾਰ ਵਿਦਿਆਰਥਣਾਂ ਲਈ ਅੱਜ ਮੇਰੇ ਦਿਲ ਚੋਂ ਦੁਨੀਆਂ ਦੀ ਹਰ ਵੱਡੀ ਤੋਂ ਵੱਡੀ ਅਸੀਸ ਨਿਕਲ ਰਹੀ ਹੈ..ਇਹਨਾਂ ਬੱਚੀਆਂ ਨੇ ਅੱਜ ਆਪਣੀਆਂ ਤਾੜੀਆਂ,ਹਉਕਿਆਂ,ਹਾਸਿਆਂ ਨਾਲ ਬਿਨ ਬੋਲਿਆਂ ਐਲਾਨ ਕਰ ਦਿੱਤਾ ਹੈ ਕਿ “ਅਸੀਂ ਸੂਖਮ ਤੋਂ ਸੂਖਮ ਨੁਕਤਾ ਸਮਝ ਸਕਦੀਆਂ ਹਾਂ..ਕਲਾ ਦੀ ਪਹਿਚਾਣ ਕਰ ਸਕਦੀਆਂ ਹਾਂ..ਕਲਾ ਨੂੰ ਮਾਣ ਦੇ ਸਕਦੀਆਂ ਹਾਂ!”
ਵਿਸ਼ੇਸ਼ ਧੰਨਵਾਦ ਉਸ ਬੱਚੀ ਦਾ ਜੁ ਮੇਰੇ ਲਈ ਖਾਸ ਤੋਹਫ਼ਾ ਲੈ ਕੇ ਆਈ..ਮੇਰੇ ਆਦਰਸ਼,ਮੇਰੇ ਰਹਿਨੁਮਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਪਣੇ ਹੱਥੀਂ ਤਿਆਰ ਕੀਤੀ ਤਸਵੀਰ!…ਮੇਰੀਆਂ ਇਹਨਾਂ ਬੱਚੀਆਂ ਨੂੰ ਦੁਨੀਆਂ ਦੀ ਹਰ ਖੁਸ਼ੀ ਮਿਲੇ…ਮੈਂ ਤੁਹਾਡੇ ਲਈ ਕੁਝ ਖਾਸ ਲਿਖਾਂਗਾ…ਤੁਸੀਂ ਹਜ਼ਾਰਾਂ ਸੁਪਨੇ ਲਓ..ਹਕੀਕਤ ਤੱਕ ਮਿਲ ਕੇ ਲੈ ਜਾਵਾਂਗੇ…ਮੇਰਾ ਨਾਟਕ ਤੁਹਾਡੇ ਸਿਰਾਂ ‘ਤੇ ਅਸੀਸ ਬਣ ਫੈਲ ਗਿਆ ਹੈ…ਅਹਿਸਾਸ ਬਣ ਦਿਲਾਂ ਚ ਸਮੋਇਆ ਰਹੇਗਾ!
ਧੀਆਂ ਦੇ ਪਿਆਰ ‘ਚ
ਹਜ਼ਾਰਾਂ ਧੀਆਂ ਦਾ ਨਾਟਕਕਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly