HOME ਮੇਹਨਤ ਦਾ ਮੁੱਲ

ਮੇਹਨਤ ਦਾ ਮੁੱਲ

ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ)  “ਕੀ ਭਾਅ ਕੱਢਿਆ ਹੈ ਛੋਲੂਏ ਦਾ ਐਤਕੀ?” ਕਾਰ ਦਾ ਸ਼ੀਸ਼ਾ ਖੋਲ੍ਹਕੇ ਮੈਂ ਠੰਡੇ ਫਰਸ਼ ਤੇ ਛੋਲੂਆ ਕੱਢਕੇ ਵੇਚ ਰਹੀ ਸਿਆਣੀ ਜਿਹੀ ਔਰਤ ਨੂੰ ਪੁੱਛਿਆ।
“ਸੌ ਦਾ ਪਾਈਆ।  ਕਿੰਨਾ ਦੇਵਾਂ ਸੇਠ। ਤੁਹਾਂਨੂੰ ਨੱਬੇ ਲ਼ਾ ਦੂੰਗ਼ੀ।” ਉਸਨੇ ਤਰਲਾ ਜਿਹਾ ਮਾਰਿਆ ਤੇ ਉਹ ਉੱਠਕੇ ਮੇਰੀ ਕਾਰ ਕੋਲ੍ਹ ਹੀ ਆ ਗਈ।
“ਕਿਹੜਾ ਪਿੰਡ ਹੈ ਤੇਰਾ ਤੇ ਕਿੰਨੇ ਵਜੇ ਆਉਂਦੀ ਹੈ ਤੂੰ ਸਵੇਰੇ?” ਪਤਾ ਨਹੀਂ ਕਿਉਂ ਮੈਨੂੰ ਉਸ ਤੇ ਅਪਣੱਤ ਜਿਹੀ ਆਈ।
“ਅਮਰਪੁਰਾ ਬਸਤੀ ਤੋਂ ਆਉਂਦੀ ਆਂ ਜੀ ਮੈਂ। ਸੀਤੋ ਹੈ ਮੇਰਾ ਨਾਉ। ਸਵੇਰੇ ਸਾਢੇ ਚਾਰ ਪੰਜ ਵਜੇ ਆਕੇ ਬੂਟੇ ਖਰੀਦਦੀ ਹਾਂ। ਫਿਰ ਇਥੇ ਹੀ ਦਿਹਾੜੀ ਲੰਘ ਜਾਂਦੀ ਹੈ।” ਇੱਕੋ ਸਾਂਹ ਹੀ ਉਸਨੇ ਸਾਰੀ ਗੱਲ ਦੱਸੀ। ਮੈਨੂੰ  ਉਹ ਵੀ ਇਸ ਮੰਦੇ ਵਿੱਚ ਗ੍ਰਾਹਕੀ ਵਧਾਉਣ ਲਈ ਅਪਣੱਤ ਦਾ ਸਹਾਰਾ ਲੈਂਦੀ ਨਜ਼ਰ ਆਈ।
ਸਰਦੀਆਂ ਸ਼ੁਰੂ ਹੁੰਦੇ ਹੀ ਬਠਿੰਡੇ ਦੀ ਸਬਜ਼ੀ ਦੇ ਬਾਹਰ ਡੀਵਾਈਡਰ ਦੇ ਦੋਨੇ ਪਾਸੇ ਇਹ ਕਿਰਤੀ ਮਰਦ ਔਰਤਾਂ ਆਪਣੇ ਅੱਡੇ ਜਮਾਉਦੇ ਹਨ। ਹੋਲੀ ਹੋਲੀ ਗਿਣਤੀ ਸੌ ਦਾ ਅੰਕੜਾ ਪਾਰ ਕਰ ਜਾਂਦੀ ਹੈ। ਸੌ ਸਵਾ ਸੌ ਦਾ ਪਾਈਆ ਤੋਂ ਚੱਲਿਆ ਇਹ ਰੇਟ ਵੀ ਘੱਟਕੇ ਤੀਹ ਚਾਲੀ ਤੇ ਲੁੜਕ ਜਾਂਦਾ ਹੈ। ਜੋ ਅਰਥ ਸ਼ਾਸ਼ਤਰ ਦੀ ਮਾਂਗ ਤੇ ਪੂਰਤੀ ਤੋਂ ਇਲਾਵਾ ਕੱਚੇ ਮਾਲ ਦੇ ਰੇਟ ਡਿਗਣ ਤੇ ਵੀ ਮਨਸਰ ਕਰਦਾ ਹੈ। ਇਹ ਕਿਹੜਾ ਪੇਟ੍ਰੋਲ ਡੀਜ਼ਲ ਹੈ ਜਿਹੜੇ ਕਰੂਡ ਆਇਲ ਦੇ  ਰੇਟ ਘਟਣ ਤੇ ਵੀ ਉਸੇ ਰੇਟ ਵਿਕੇਗਾ।
ਸੀਤੋ  ਛੋਲੂਆ ਤੋਲਕੇ ਨਾਲ ਹੀ ਦਸ ਦਾ ਨੋਟ ਲ਼ੈ ਆਈ ਤਾਂਕਿ ਸੌ ਦਾ ਨੌਟ ਲ਼ੈ ਲਵੇ। ਮੈਂ ਉਸਦੇ ਦਸ ਰੁਪਏ ਉਸਨੂੰ ਵਾਪਿਸ ਕਰ ਦਿੱਤੇ। ਰੇਟ ਘਟਾਉਣਾ ਮੈਨੂੰ ਠੀਕ ਨਹੀਂ ਲੱਗਿਆ। ਨਾਲ ਹੀ ਫੁੱਟਪਾਥ ਤੇ ਬੋਰੀ ਵਿਛਾਈ ਬੈਠੇ ਬਾਬੇ ਤੋਂ ਮੈਂ ਮੂਲੀਆਂ, ਗਾਜਰਾਂ, ਗੋਭੀ, ਪਾਲਕ ਖਰੀਦ ਲਿਆ। ਉਹ ਕਿਸੇ ਨੇੜਲੇ ਪਿੰਡ ਦਾ ਸੀ। ਮੇਰੇ ਮੂੰਹ ਵੱਲ ਉਮੀਦ ਨਾਲ ਝਾਕਦੇ ਦੂਸਰੇ ਚਿਹਰਿਆਂ ਲਈ ਮੈਂ ਕੁਝ ਨਾ ਕਰ ਸਕਿਆ। ਉਹ ਥੌੜੇ ਮਾਯੂਸ ਜਿਹੇ ਸਨ। ਕਿਉਂਕਿ ਟਾਂਵੇਂ ਟਾਂਵੇਂ ਲੋਕ ਹੀ ਉਧਰ ਗ੍ਰਾਹਕੀ ਕਰਦੇ ਸਨ। ਵੱਡੀਆਂ ਦੁਕਾਨਾਂ ਮੌਲਾਂ ਤੇ ਸ਼ੋਅ ਰੂਮਾਂ ਨਾਲੋਂ ਇੱਥੇ ਗ੍ਰਾਹਕ ਘੱਟ ਆਉਂਦੇ ਹਨ। ਇਹ੍ਹਨਾਂ ਨੂੰ ਤਾਂ ਸਿਰਫ ਆਥਣ ਦਾ ਚੁੱਲ੍ਹਾ ਤਪਾਉਣ ਦਾ ਫਿਕਰ ਹੁੰਦਾ ਹੈ। ਫਿਰ ਮੈ ਸੀਤੋ ਦੇ ਚੇਹਰੇ ਦੀ ਲਾਲੀ ਆਪਣੇ ਕੈਮਰੇ ਵਿੱਚ ਕੈਦ ਕਰ ਲਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੈਂ ਧਰਤੀ ਪੰਜਾਬ ਦੀ, ਜਿਸ ਉੱਤੇ ਕਾਰਪੋਰੇਟ ਘਰਾਣਿਆਂ ਦੀ ਅੱਖ
Next articleਹਜ਼ਾਰ ਧੀਆਂ ਦਾ ਨਾਟਕਕਾਰ