ਲੁਧਿਆਣਾ, (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪਹਿਲੀ ਉੱਤਰੀ ਜ਼ੋਨ ਵਿਸ਼ੇਸ਼ ਓਲੰਪਿਕ ਖੇਡਾਂ ਅਤੇ 25ਵੀਆਂ (ਸਿਲਵਰ ਜੁਬਲੀ) ਪੰਜਾਬ ਰਾਜ ਸਪੈਸ਼ਲ ਓਲੰਪਿਕ ਖੇਡਾਂ-2024 ਨੂੰ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਸ.ਸਰਾਭਾ ਨਗਰ, ਲੁਧਿਆਣਾ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਤਿੰਨ ਦਿਨਾਂ ਦੀਆਂ ਖੇਡਾਂ ਵਿੱਚ 60 ਸਕੂਲਾਂ, 800 ਖਿਡਾਰੀਆਂ ਅਤੇ ਕੋਚਾਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਕੁਲਤਾਰ ਸਿੰਘ ਸੰਧਵਾਂ ਜੀ ਸਨ। ਇਨ੍ਹਾਂ ਖੇਡਾਂ ਵਿੱਚ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮਾਨਾਂਵਾਲਾ ਅੰਮ੍ਰਿਤਸਰ ਦੇ 19 ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਜਿਵੇਂ ਕਿ ਅਥਲੈਟਿਕਸ, ਸ਼ਾਟ-ਪੁਟ, ਐਸ.ਬੀ.ਟੀ, ਬੋਚੀ, ਰੋਲਰ-ਸਕੇਟਿੰਗ, ਪਾਵਰ ਲਿਫਟਿੰਗ ਵਿੱਚ ਭਾਗ ਲਿਆ। ਇਨ੍ਹਾਂ ਬੱਚਿਆਂ ਨੇ 14-ਸੋਨੇ, 9-ਸਿਲਵਰ, 7-ਕਾਂਸੀ ਦੇ ਤਗ਼ਮੇ ਜਿੱਤੇ ਅਤੇ ਉੱਤਰੀ ਜ਼ੋਨ ਸਪੈਸ਼ਲ ਓਲੰਪਿਕ ਪੱਧਰ ਤੇ ਦੂਸਰੀ ਪੋਜੀਸ਼ਨ ’ਤੇ ਆਲ ਓਵਰ ਟਰਾਫੀ ਪ੍ਰਾਪਤ ਕੀਤੀ। ਇਸ ਦੌਰਾਨ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਵਿਦਿਆਰਥੀਆਂ ਅਤੇ ਚਾਰ ਕੋਚ ਸਿਮਰਨਜੀਤ ਕੌਰ, ਮਨਜੀਤ, ਨਵਦੀਪ ਸਿੰਘ ਅਤੇ ਚਰਨਜੀਤ ਸਿੰਘ ਨੇ ਭਾਗ ਲਿਆ। ਢਾਕਾ, ਬੰਗਲਾਦੇਸ਼ ਵਿੱਚ ਸਾਊਥ ਏਸ਼ੀਆ 7-ਏ ਸਾਈਡ ਯੂਨੀਫਾਈਡ ਫੁੱਟਬਾਲ ਖੇਡਾਂ ਹੋਈਆਂ ਸਨ, ਜਿਸ ਵਿੱਚ ਮਰੀਨਾ ਅਤੇ ਕੋਚ ਸਿਮਰਨਜੀਤ ਕੌਰ ਨੂੰ ਲੁਧਿਆਣੇ ਵਿੱਚ ਹੀ ਸਰਟੀਫ਼ਿਕੇਟ ਪ੍ਰਾਪਤ ਹੋਏ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ: ਇੰਦਰਜੀਤ ਕੌਰ ਜੀ ਨੇ ਸਾਰੇ ਜੇਤੂ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਵਧਾਈ ਦਿੱਤੀ । ਸਕੂਲ ਦੇ ਪ੍ਰਿੰਸੀਪਲ ਅਨੀਤਾ ਬੱਤਰਾ ਜੀ ਨੇ ਸਾਰੇ ਬੱਚਿਆਂ ਅਤੇ ਕੋਚਾਂ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਇਸ ਪ੍ਰਾਪਤੀ ਵਿੱਚ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦਾ ਅਹਿਮ ਯੋਗਦਾਨ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly