ਗੁਰੂ ਨਾਨਕ ਦੇ ਸੱਚੇ ਪੈਰੋਕਾਰ

ਬੀਨਾ ਬਾਵਾ
  ਬੀਨਾ ਬਾਵਾ
(ਸਮਾਜ ਵੀਕਲੀ)  ਸ੍ਰੀ ਗੁਰੂ ਨਾਨਕ ਦੇਵ ਜੀ, ਸਿੱਖਾਂ ਦੇ ਪਹਿਲੇ ਗੁਰੂ, ਅਗਿਆਨਤਾ ਦੇ ਹਨੇਰੇ ਵਿੱਚ ਭਟਕਦੀ ਲੋਕਾਈ ਨੂੰ ਗਿਆਨ ਦਾ ਚਾਨਣ ਵੰਡਣ ਵਾਲੇ ਯੁੱਗ ਪੁਰਖ, ਜਿਨ੍ਹਾਂ ਖ਼ੁਦ ਉੱਚ ਜਾਤੀ ਵਿੱਚ ਜਨਮ ਲੈਣ ਦੇ ਬਾਵਜੂਦ ਉੱਚੀਆਂ ਨੀਵੀਆਂ ਜਾਤਾਂ ਅਤੇ ਵੱਖ ਵੱਖ ਧਰਮਾਂ ਦੇ ਭੇਦਭਾਵ ਨੂੰ ਮਿਟਾ ਕੇ ਚੰਗੇ ਇਨਸਾਨ ਬਣਨ ਦਾ ਸੁਨੇਹਾ ਦਿੱਤਾ, ਚਲੰਤ ਸਮਾਜ ਵਿਚ ਪਨਪ ਰਹੀਆਂ ਕੁਰੀਤੀਆਂ , ਵਹਿਮ ਭਰਮ, ਮੂਰਤੀ ਪੂਜਾ, ਭੇਖ -ਪਾਖੰਡ,ਜਾਦੂ- ਟੂਣੇ,ਤਕੜੇ ਦੇ ਮਾੜੇ ਤੇ ਕੀਤੇ ਜਾਂਦੇ ਜ਼ੁਲਮ ਅਤੇ ਨਾਰੀ ਦੇ ਤ੍ਰਿਸਕਾਰ ਵਿਰੁੱਧ ਆਵਾਜ਼ ਉਠਾਈ| ਹੱਥੀ ਕਿਰਤ ਕਰਨ, ਵੰਡ ਕੇ ਛਕਣ ਤੇ ਹਰ ਜੀਵ ਅੰਦਰ ਪਰਮਾਤਮਾ ਦੀ ਇੱਕੋ ਜੋਤ ਸਮਾਈ ਹੋਣ ਦਾ ਸੁਨੇਹਾ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੀ ਖਾਤਰ 1500 ਤੋਂ 1521 ਈਸਵੀ ਤੱਕ ਨਾਂ ਸਿਰਫ਼ ਭਾਰਤ ਸਗੋਂ ਏਸ਼ੀਆ ਦੇ ਦੂਰ ਦੁਰਾਡੇ ਦੇਸ਼ਾਂ ਦਾ ਗਮਨ ਕਰਦਿਆਂ ਲੱਗਭੱਗ 28000 ਮੀਲ ਦੀ ਪੈਦਲ ਯਾਤਰਾ ਕਰਦਿਆਂ ਚਾਰ ਦਿਸ਼ਾਵਾਂ ਵੱਲ ਚਾਰ ਉਦਾਸੀਆਂ ਕੀਤੀਆਂ |ਆਪਣੀ ਜ਼ਿੰਦਗੀ ਦੇ ਅਖੀਰਲੇ ਲੱਗਭਗ 18 ਸਾਲ  ਕਰਤਾਰ ਪੁਰ ਸਾਹਿਬ ਵਿਖੇ ਖ਼ੁਦ ਖੇਤਾਂ ਵਿੱਚ ਆਪ ਹਲ਼ ਵਾਹੁੰਦਿਆਂ,ਹੱਥੀ ਕਿਰਤ ਕਰਦਿਆਂ ਬਿਤਾਏ|
            ਧੰਨ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਲੋਕਾਈ ਨੂੰ ਜਿਹੜੀ ਜੀਵਨ ਸ਼ੈਲੀ ਅਪਨਾਉਣ ਦਾ ਸੁਨੇਹਾ ਦਿੱਤਾ,ਉਹ ਅੱਜ … 555 ਵਰ੍ਹਿਆਂ ਬਾਦ ਵੀ ਕਿਉਂ ਸਾਥੋਂ ਅਪਣਾ ਹੀ ਨਹੀਂ ਹੋ ਰਿਹਾ|ਗੁਰੂ ਸਾਹਿਬ ਨੇ ਹਰ ਇੱਕ ਜੀਵ ਅੰਦਰ ਵਸਦੀ ਰੱਬੀ ਜੋਤ ਪਛਾਣ ਕੇ ਸਰਬੱਤ ਦੇ ਭਲੇ ਦੀ ਸਿੱਖਿਆ ਦਿੱਤੀ, ਨਾ ਕੋ ਬੈਰੀ ਨਾਹਿ ਬੇਗਾਨਾ ਕਿਹਾ, ਪਰ ਅੱਜ ਅਸੀਂ ਸਵਾਰਥ ਗ੍ਰਸਤ ਹੋ ਕੇ ਕਿਸੇ ਵੀ ਦੂਜੇ ਨੂੰ ਆਪਣੇ ਮਤਲਬ ਨਾਲ਼ ਤੋਲਦੇ ਹਾਂ|ਗੁਰੂ ਸਾਹਿਬ ਨੇ ਹੱਥੀ ਕਿਰਤ ਕਰਨ ਦਾ ਉਪਦੇਸ਼ ਦਿੱਤਾ, ‘ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ’ ਦੇ ਅਨੁਸਾਰ ਹੱਕ ਹਲਾਲ ਦੀ ਕਮਾਈ ਨੂੰ ਤਰਜੀਹ ਦਿੱਤੀ ਪਰ ਅਸੀ ਦੂਜਿਆਂ ਦੇ ਹੱਕ ਖੋਹਣ ਲਈ ਹਰ ਹੱਥਕੰਡਾ ਅਪਣਾ ਰਹੇ ਹਾਂ|ਭਾਈ ਲਾਲੋ ਵਰਗੀ ਨੇਕ ਪਵਿੱਤਰ ਕਮਾਈ ਕਰਨ ਦੀ ਥਾਂ ਸਾਰੇ ਮਲਿਕ ਭਾਗੋ ਬਣ ਮਜ਼ਲੂਮਾਂ ਦਾ ਲਹੂ ਚੂਸ ਰਹੇ ਹਾਂ|ਗੁਰੂ ਸਾਹਿਬ ਨੇ ਮਨ ਨੂੰ ਸਾਫ਼ ਸੁਥਰੇ ਕਰਨ ਦਾ ਸੰਦੇਸ਼ ਦਿੱਤਾ, ਪਰ ਅਸੀਂ ਅੱਜ ਵੀ ਤੀਰਥ ਅਸਥਾਨਾਂ ਤੇ ਸਿਰਫ਼ ਸਰੀਰ ਨੂੰ ਡੁਬਕੀ ਦੇ ਕੇ ਸਗੋਂ ਹੋਰ ਹੰਕਾਰੀ ਬਣੀ ਜਾਂਦੇ ਹਾਂ|
 ਗੁਰੂ ਸਾਹਿਬ ਨੇ ਤਤਕਾਲੀਨ ਸਮਾਜ ਵਿੱਚ ਪ੍ਰਚੱਲਤ ਮੂਰਤੀ ਪੂਜਾ ਨੂੰ ਭੇਖ ਪਾਖੰਡ ਦੱਸਦਿਆਂ ਨਿਰਾਕਾਰ ਪਰਮਾਤਮਾ ਦੀ ਹੋਂਦ ਨੂੰ ਸਮਝਣ ਦਾ ਸੁਨੇਹਾ ਦਿੱਤਾ ਤੇ ਅਸੀ ਅੱਜ  ਗੁਰੂ ਸਾਹਿਬ ਦੀਆਂ ਵਿਭਿੰਨ ਤਸਵੀਰਾ ਨੂੰ  ਹੀ ਵਪਾਰੀਕਰਨ ਦਾ ਮਾਧਿਅਮ ਬਣਾ ਲਿਆ|ਗੁਰੂ ਸਾਹਿਬ ਨੇ ‘ ਸੋ ਕਿਉਂ ਮੰਦਾ ਆਖੀਐ, ਜਿਤ ਜੰਮਹਿ ਰਾਜਾਨ ‘ ਕਹਿ ਕੇ ਨਾਰੀ ਨੂੰ ਮਾਣ ਸਨਮਾਨ ਦਿੱਤਾ,ਉਸ ਨਾਰੀ ਨੂੰ ਅੱਜ ਮੁੜ ਬੇਪਤ ਕੀਤਾ ਜਾ ਰਿਹਾ|
         ਅੱਜ ਮੁੜ ਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅਤੇ ਸਿੱਖਿਆਵਾਂ ਉੱਤੇ ਵਿਵਹਾਰਿਕ ਪੱਧਰ ਤੇ ਅਮਲ ਕਰਨ ਦੀ ਡਾਢੀ ਲੋੜ ਹੈ|ਸਿਰਫ਼ ਸਰੀਰਕ ਵੇਸ਼ ਭੂਸ਼ਾ ਵੱਜੋਂ ਸਿੱਖ ਰਹਿਤ ਮਰਿਯਾਦਾ ਨੂੰ ਅਪਣਾਉਣ ਤੇ ਬਜਿੱਦ ਰਹਿਣ ਦੀ ਥਾਂ ਸਾਨੂੰ ਮਾਨਸਿਕ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਸੱਚੇ ਸਿੱਖ ਬਣਨ ਲਈ ਯਤਨਸ਼ੀਲ ਹੋਣਾ ਪੈਣਾ ਹੈ, ਹਰ ਇੱਕ ਇਨਸਾਨ ਨੂੰ ਆਪਣਾ ਅੰਦਰ ਫਰੋਲਣ ਦੀ, ਸਵੈ ਪੜਚੋਲ ਕਰਨ ਦੀ ਕੋਸ਼ਿਸ਼ ਕਰਨੀ ਜ਼ਰੂਰੀ ਹੈ ਕਿ ਅਸੀਂ ਕਿਸ ਹੱਦ ਤੱਕ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੇ ਖਰੇ ਉੱਤਰਦੇ ਹਾਂ, ਜਦੋਂ ਅਸੀਂ ਇਸ ਪੜਚੋਲ ਵਿੱਚ ਸਫ਼ਲ ਹੋ ਜਾਵਾਂਗੇ ਫੇਰ ਹੀ ਆਪਣੀ ਅੰਤਰ ਆਤਮਾ ਨੂੰ ਸਕੂਨਿਤ ਕਰ ਸਕਾਂਗੇ ਅਤੇ ਮਾਣ ਨਾਲ਼ ਕਹਿ ਸਕਾਂਗੇ ਕਿ ਅਸੀਂ ਮਹਾਨ ਯੁੱਗ ਪੁਰਖ ਬਾਬੇ ਨਾਨਕ ਦੇ ਪੈਰੋਕਾਰ ਹਾਂ|
    ਬੀਨਾ ਬਾਵਾ, ਲੁਧਿਆਣਾ 
(ਐੱਮ ਏ ਆਨਰਜ਼,ਐਮ.ਫਿਲ ਪੰਜਾਬੀ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ੁਲਮ ਦੀ ਹੱਦ ਸਰਕਾਰੇ
Next articleਭੂਤਾਂ ਦੇ ਸ਼ਿਕਾਰ