(ਸਮਾਜ ਵੀਕਲੀ)
(ਮਨਜੀਤ ਸਿੰਘ ਬੱਧਣ)
ਮੈਂ ਹਾਂ ਤੇਰਾ ਕਿੱਸਾ ਤੂੰ ਮੇਰੀ ਕਹਾਣੀ।
ਰਾਜੇ ਦੀ ਬੱਗੀ ਆਪਾਂ ਰਾਜਾ ਰਾਣੀ।
ਤੂੰ ਤੇ ਮੈਂ, ਮੈਂ ਤੇ ਤੂੰ ਉਮਰਾਂ ਦੇ ਹਾਣੀ।?
ਮੈਂ ਹਾਂ ਤੇਰਾ ਕਿੱਸਾ ਤੂੰ ਮੇਰੀ ਕਹਾਣੀ।
ਸਮਾਂ ਕਿੰਨਾ ਉਹ ਚੰਗਾ ਸਾਵਾਂ ਸੀ।
ਜਦ ਹੋਈਆਂ ਆਪਣੀਆਂ ਲਾਵਾਂ ਸੀ।
ਚਾਈਂ ਚਾਈਂ ਬੀਬੀ ਵਾਰਿਆ ਪਾਣੀ,
ਮੈਂ ਹਾਂ ਤੇਰਾ ਕਿੱਸਾ ਤੂੰ ਮੇਰੀ ਕਹਾਣੀ।
ਮੀਣੇ ਤੇ ਸੱਧੇ ਬਲਦਾਂ ਦੀ ਜੋਗ ਸੀ।
ਗੁਜ਼ਾਰੇ ਜੋਗੀ ਹੋ ਜਾਂਦੀ ਚੋਗ ਸੀ।
ਭਾਈਆਂ ਵਿੱਚ ਹੋਈ ਨਾ ਵੰਡ ਕਾਣੀ,
ਮੈਂ ਹਾਂ ਤੇਰਾ ਕਿੱਸਾ ਤੂੰ ਮੇਰੀ ਕਹਾਣੀ।
ਦਿਨ ਮਹੀਨੇ ਬਣੇ, ਬਣ ਸਾਲ ਗਏ।
ਕਾਲ਼ੇ ਸੀ, ਬੱਗੇ ਚਿੱਟੇ ਹੋ ਵਾਲ ਗਏ।
ਸੁਲਝਦੀ ਰਹੀ ਹਰ ਉਲਝੀ ਤਾਣੀ,
ਮੈਂ ਹਾਂ ਤੇਰਾ ਕਿੱਸਾ ਤੂੰ ਮੇਰੀ ਕਹਾਣੀ।
ਪੁੱਤ, ਪੋਤੀਆਂ, ਭਤੀਜੇ, ਪੋਤਰੇ ਹੋਏ।
ਧੀਆਂ ਤੇ ਦੋਹਤੀਆਂ ਦੋਹਤਰੇ ਹੋਏ।
ਕਈ ਵਡੇਰੇ ਉੱਠ ਗਏ ਛੱਡ ਢਾਣੀ,
ਮੈਂ ਹਾਂ ਤੇਰਾ ਕਿੱਸਾ ਤੂੰ ਮੇਰੀ ਕਹਾਣੀ।
ਅੱਜ ਹਾਂ ਨਹੀਂ ਭਰੋਸਾ ਹੈ ਕੱਲ੍ਹ ਦਾ।
ਕਾਲ ਅੱਗੇ ਕੀ ਜੋਰ ਕਿਸੇ ਮੱਲ ਦਾ।
ਤੁਰੇ ਫਿਰਦੇ ਹਾਂ ਜਪ ਗੁਰਾਂ ਦੀ ਬਾਣੀ,
ਮੈਂ ਹਾਂ ਤੇਰਾ ਕਿੱਸਾ ਤੂੰ ਮੇਰੀ ਕਹਾਣੀ।