ਗੁਰੂ ਨਾਨਕ ਕਾਲਜ ਆਫ ਨਰਸਿੰਗ ’ਚ ਨਵੇਂ ਵਿਦਿਆਰਥੀਆਂ ਦੀ ਆਮਦ ’ਤੇ ਸਵਾਗਤੀ ਸਮਾਗਮ ਪ੍ਰੀਆ ਸਿਰ ਸਜਿਆ ‘ਮਿਸ ਫਰੈਸ਼ਰ’ ਦਾ ਤਾਜ, ਵਿਵੇਕ ਬਣਿਆਂ ‘ਮਿਸਟਰ ਫਰੈਸ਼ਰ’

ਬੰਗਾ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਢਾਹਾਂ ਕਲੇਰਾਂ ਵਿਖੇ ਸਥਾਪਤ ਗੁਰੂ ਨਾਨਕ ਕਾਲਜ ਆਫ ਨਰਸਿੰਗ ’ਚ ਨਵੇਂ ਵਿਦਿਆਰਥੀਆਂ ਦੀ ਆਮਦ ’ਤੇ ‘ਕਾਰਨੀਵਲ ਆਫ ਕਲਰਜ਼’ ਦੇ ਬੈਨਰ ਹੇਠ ਸਵਾਗਤੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥਣਾਂ ਨੇ ਸੱਭਿਅਕ ਰੰਗਾਂ ’ਚ ਲਬਰੇਜ਼ ਕਲਾਵਾਂ ਰਾਹੀਂ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਵਿਦਿਆਰਥੀਆਂ ਦੀ ਇਸ ਆਮਦ ਨੂੰ ਟਰੱਸਟ ਦਾ ਧੰਨਭਾਗ ਆਖਿਆ। ਉਨ੍ਹਾਂ ਕਿਹਾ ਕਿ ਇਹ ਅਦਾਰਾ ਰੁਜ਼ਗਾਰ ਅਤੇ ਸੇਵਾ ਪੱਖ ਤੋਂ ਕੁੜੀਆਂ ਲਈ ਵਰਦਾਨ ਸਾਬਤ ਹੋਇਆ ਹੈ। ਗੁਰੂ ਨਾਨਕ ਕਾਲਜ ਆਫ ਨਰਸਿੰਗ ਦੇ ਵਾਈਸ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਨੇ ਨਵੀਆਂ ਵਿਦਿਆਰਥਣਾਂ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੂੰ ਆਪਣੇ ਵਿਸ਼ੇ ’ਚ ਸਮੀਖਿਅਕ ਜੀਵਨ ਸਫ਼ਰ ਨੂੰ ਤੈਅ ਕਰਦਿਆਂ ਸ਼ਖ਼ਸੀਅਤ ਨਿਰਮਾਣ ਹਿੱਤ ਸਫਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਸਮਾਗਮ ਦੌਰਾਨ ਪੇਸ਼ ਕੀਤੇ ਪ੍ਰੋਗਰਾਮ ਦੌਰਾਨ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦੇ ਵਿਦਿਆਰਥੀ ਵਿਵੇਕ ਕਟਾਰੀਆ ਨੂੰ ‘ਮਿਸਟਰ ਫਰੈਸ਼ਰ’ ਚੁਣਿਆ ਗਿਆ ਜਦਕਿ ਜੀ.ਐਨ.ਐਮ. (ਪਹਿਲਾ ਸਾਲ) ਦੀ ਵਿਦਿਆਰਥਣ ਪਿ੍ਯਾ ਦੇ ਸਿਰ ‘ਮਿਸ ਫਰੈਸ਼ਰ’ ਦਾ ਤਾਜ ਸਜਾਇਆ ਗਿਆ। ਇਸ ਮਾਣ ਲਈ ਕੁੜੀਆਂ ਦੇ ਵਰਗ ’ਚ ਫਸਟ ਰਨਰਅੱਪ ਅਤੇ ਸੈਕੰਡ ਰਨਰਅੱਪ ਵਜੋਂ ਬੀ.ਐਸ.ਸੀ. ਨਰਸਿੰਗ ਦੀਆਂ ਵਿਦਿਆਰਥਣਾਂ ਕ੍ਰਮਵਾਰ ਨਿਸ਼ਾ ਨਾਪੂਰ ਅਤੇ ਅਰਸ਼ਨੂਰ ਕੌਰ ਚੁਣੀਆਂ ਗਈਆਂ। ਮੁੰਡਿਆਂ ਦੇ ਵਰਗ ’ਚ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦੇ ਵਿਦਿਆਰਥੀ ਸਨਮੁੱਖ ਬੱਧਣ ਨੂੰ ਫਸਟ ਰਨਰਅੱਪ ਐਲਾਨਿਆ ਗਿਆ। ਇਸੇ ਤਰ੍ਹਾਂ ‘ਵਧੀਆ ਤੋਰ’ ’ਚ ਗੁਰਦੀਪ ਕੌਰ ਬੰਗਾ, ‘ਵਧੀਆ ਮੁਸਕਾਨ’ ’ਚ ਅੰਜਲੀ ਸ਼ਰਮਾ, ‘ਵਧੀਆ ਪਹਿਰਾਵਾ’ ’ਚ ਮੁਸਕਾਨ ਬੰਗੜ (ਤਿੰਨੇ ਬੀ.ਐਸ.ਸੀ. ਪਹਿਲਾ ਸਾਲ) ਜੇਤੂ ਬਣੇ।
ਸਮਾਗਮ ਦੀ ਆਰੰਭਤਾ ’ਚ ਪੋਸਟ ਬੇਸਿਕ ਨਰਸਿੰਗ ਪਹਿਲਾ ਸਾਲ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਕੀਤਾ। ਉਪਰੰਤ ਬੀ.ਐਸ.ਸੀ. ਨਰਸਿੰਗ (ਚੌਥਾ ਸਾਲ) ਦੀਆਂ ਵਿਦਿਆਰਥਣਾਂ ਨੇ ਰਾਜਸਥਾਨੀ ਡਾਂਸ ਨਾਲ ਧੁੰਮਾਂ ਪਾਈਆਂ। ਸਮਾਗਮ ਦੌਰਾਨ ਲੁੱਡੀ, ਭੰਗੜਾ ਅਤੇ ਗਿੱਧਾ ਦੀਆਂ ਪੇਸ਼ਕਾਰੀਆਂ ਨੇ ਵੀ ਹਾਜ਼ਰੀਨ ਨੂੰ ਝੂਮਣ ਲਾ ਦਿੱਤਾ। ਜੀ.ਐਨ.ਐਮ. (ਪਹਿਲਾ ਸਾਲ) ਦੀ ਵਿਦਿਆਰਥਣ ਮਨਰੀਤ ਅਤੇ ਬੀ.ਐਸ.ਸੀ. (ਪਹਿਲਾ ਸਾਲ) ਦੀ ਵਿਦਿਆਰਥਣ ਗੁਰਵੀਰ ਨੇ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਟਰੱਸਟ ਦੇ ਸਕੱਤਰ ਸ. ਅਮਰਜੀਤ ਸਿੰਘ ਕਲੇਰਾਂ, ਖ਼ਜ਼ਾਨਚੀ ਬੀਬੀ ਬਲਵਿੰਦਰ ਕੌਰ, ਮੀਤ ਸਕੱਤਰ ਸ. ਜਗਜੀਤ ਸਿੰਘ ਸੋਢੀ, ਦਫ਼ਤਰ ਸੁਪਰਡੈਂਟ ਸ. ਮਹਿੰਦਰਪਾਲ ਸਿੰਘ ਅਤੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article99 ਪ੍ਰਤੀਸ਼ਤ ਮੂੰਹ ਦੇ ਕੈਂਸਰ ਦਾ ਕਾਰਨ-ਤੰਬਾਕੂ ਦਾ ਸੇਵਨ – ਡਾ.ਸੰਦੀਪ ਡਮਾਣਾ
Next article2027 ਦੀਆਂ ਚੋਣਾਂ ਵਿੱਚ ਪਾਵਰ ਆਫ਼ ਬੈਲਿਸ ਬਸਪਾ ਦੇ ਹੱਥ ਆਵੇ -ਮੱਖਣ ਲਾਲ ਚੌਹਾਨ