HOME ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ‘ਚ ਹਿੱਸਾ ਲੈਣ ਅਮਰੀਕਾ ਪੁੱਜੇ ਪੀਐੱਮ ਮੋਦੀ,...

ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ‘ਚ ਹਿੱਸਾ ਲੈਣ ਅਮਰੀਕਾ ਪੁੱਜੇ ਪੀਐੱਮ ਮੋਦੀ, ਸਾਈਬਰਸਪੇਸ ਦੀ ਵਰਤੋਂ ‘ਤੇ ਰਹੇਗਾ ਜ਼ੋਰ

ਨਿਊਯਾਰਕ  : ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ‘ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਫ਼ਤੇ ਭਰ ਦੀ ਯਾਤਰਾ ‘ਤੇ ਅਮਰੀਕਾ ਪੁੱਜੇ ਹਨ। ਇਸ ਦੌਰਾਨ ਉਹ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਨ ਦੇ ਨਾਲ ਹੀ ਕਈ ਹੋਰਨਾਂ ਅਹਿਮ ਪ੍ਰੋਗਰਾਮਾਂ ‘ਚ ਵੀ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ ਵੱਲੋਂ ਬੁਲਾਈ ਗਈ ਅੱਤਵਾਦੀ ਵਿਰੋਧੀ ਬੈਠਕ ‘ਚ ਵੀ ਸ਼ਾਮਲ ਹੋਣਗੇ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਈਦ ਅਕਬਰੂਦੀਨ ਨੇ ਕਿਹਾ ਕਿ ਇਸ ਬੈਠਕ ‘ਚ ਪੀਐੱਮ ਮੋਦੀ ਦਾ ਜ਼ੋਰ ਅੱਤਵਾਦੀਆਂ ਤੇ ਕੱਟੜਪੰਥੀਆਂ ਨਾਲ ਮੁਕਾਬਲੇ ‘ਚ ਸਾਈਬਰਸਪੇਸ ਦੀ ਵਰਤੋਂ ‘ਤੇ ਹੋਵੇਗਾ।

ਅਕਬਰੂਦੀਨ ਨੇ ਕਿਹਾ, ‘ਅੱਜ, ਅੱਤਵਾਦੀ ਸਰਹੱਦਾਂ ਤੋਂ ਪਾਰ ਜਾ ਕੇ ਆਪਣੀਆਂ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਹਨ। ਉਹ ਗ਼ੈਰ ਰਸਮੀ ਤਰੀਕੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ, ਖ਼ਾਸਕਰ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਸੰਯੁਕਤ ਰਾਸ਼ਟਰ ਦੀ ਜਿਸ ਬੈਠਕ ‘ਚ ਸ਼ਾਮਲ ਹੋ ਰਹੇ ਹਨ ਉਸ ‘ਚ ਅੱਤਵਾਦ ਤੇ ਕੱਟੜਪੰਥੀ ਹਿੰਸਾ ਖ਼ਿਲਾਫ਼ ਮੁਕਾਬਲੇ ‘ਚ ਇੰਟਰਨੈੱਟ ਤੇ ਸਾਈਬਰਸਪੇਸ ਦੀ ਵਰਤੋਂ ‘ਤੇ ਜ਼ੋਰ ਹੋਵੇਗਾ।’

ਉਨ੍ਹਾਂ ਕਿਹਾ ਕਿ ਅੱਤਵਾਦ ਦੀਆਂ ਚੁਣੌਤੀਆਂ ਨਾਲ ਨਿਪਟਣਾ ਹਮੇਸ਼ਾ ਹੀ ਭਾਰਤ ਦੀ ਵਿਦੇਸ਼ ਨੀਤੀ ਦੇ ਕੇਂਦਰ ‘ਚ ਹੋਵੇਗਾ, ਕਿਉਂਕਿ ਭਾਰਤ ਹੋਰ ਕਿਸੇ ਬਾਹਰੀ ਕਾਰਨਾਂ ਦੀ ਤੁਲਨਾ ‘ਚ ਸਭ ਤੋਂ ਵੱਧ ਇਸੇ ਤੋਂ ਪੀੜਤ ਹੈ। ਇਸੇ ਨੂੰ ਧਿਆਨ ‘ਚ ਰੱਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਖ਼ਿਲਾਫ਼ ਲੜਾਈ ‘ਤੇ ਕੌਮਾਂਤਰੀ ਸੰਮੇਲਨ ਕਰਵਾਉਣ ਦਾ ਸੱਦਾ ਦਿੱਤਾ ਹੈ।

ਸੰਯੁਕਤ ਰਾਸ਼ਟਰ ‘ਚ ਨੌਟੰਕੀ ਨਹੀਂ ਚੱਲਦੀ

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ‘ਚ ਆਪਣੇ ਸੰਬੋਧਨ ‘ਚ ਕਸ਼ਮੀਰ ਮੁੱਦਾ ਉਠਾਉਣ ਦੀ ਗੱਲ ਕਹੀ ਹੈ। ਇਸ ‘ਤੇ ਅਕਬਰੂਦੀਨ ਨੇ ਕਿਹਾ ਕਿ ਇੱਥੇ ਦੋਸ਼ ਲਾਉਣ ਤੇ ਨੌਟੰਕੀ ਨਹੀਂ ਚੱਲਦੀ। ਜੇਕਰ ਕੋਈ ਨਿੱਜੀ ਮਸਲੇ ਨੂੰ ਉਠਾਉਣਾ ਚਾਹੁੰਦਾ ਹੈ ਤਾਂ ਉਹ ਅਜਿਹਾ ਕਰਨ ਲਈ ਆਜ਼ਾਦ ਹੈ। ਇੱਥੇ ਬਹੁਤ ਸਾਰੇ ਨੇਤਾ ਦੋਸ਼ ਲਾਉਂਦੇ ਹਨ, ਪਰ ਕੌਣ ਉਨ੍ਹਾਂ ਨੂੰ ਯਾਦ ਰੱਖਦਾ ਹੈ।

ਭਾਰਤ ਇਕ ਗੰਭੀਰ ਰਾਸ਼ਟਰ

ਧਾਰਾ 370 ਖ਼ਤਮ ਕਰਨ ਦੇ ਫ਼ੈਸਲੇ ‘ਤੇ ਦੁਨੀਆ ਦੇ ਆਗੂਆਂ ਨੂੰ ਜਾਣਕਾਰੀ ਦੇਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਭਾਰਤ ਸਮਝਦਾ ਹੈ ਕਿ ਇਹ ਕੌਮਾਂਤਰੀ ਮੰਚ ਬਹੁਪੱਖੀ ਮਸਲਿਆਂ ਤੇ ਸਹਿਯੋਗ ‘ਤੇ ਚਰਚਾ ਲਈ ਹੈ। ਕੁਝ ਦੇਸ਼ ਸੰਯੁਕਤ ਰਾਸ਼ਟਰ ਨੂੰ ਸਿਰਫ਼ ਨੌਟੰਕੀ ਦਾ ਮੰਚ ਸਮਝਦੇ ਹਨ, ਪਰ ਭਾਰਤ ਉਨ੍ਹਾਂ ਦੇਸ਼ਾਂ ‘ਚੋਂ ਨਹੀਂ ਹੈ। ਭਾਰਤ ਇਕ ਗੰਭੀਰ ਰਾਸ਼ਟਰ ਹੈ। ਉਹ ਜੋ ਕਹਿੰਦਾ ਹੈ ਉਸ ਨੂੰ ਗੰਭੀਰਤਾ ਨਾਲ ਸੁਣਿਆ ਜਾਂਦਾ ਹੈ। ਸਾਨੂੰ ਕਦੋਂ ਅਤੇ ਕੀ ਕਰਨਾ ਹੈ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ।

Previous articleਪਾਕਿਸਤਾਨ ਨੇ ਕੀਤੀ ਭਾਰੀ ਗੋਲਾਬਾਰੀ, ਘੁਸਪੈਠ ਦੀ ਕੋਸ਼ਿਸ਼ ਨਾਕਾਮ, ਬਾਲਾਕੋਟ ‘ਚ ਸਕੂਲ ਮੁੜ ਬੰਦ ਕਰਨ ਦੇ ਹੁਕਮ
Next articleਕੌਮਾਂਤਰੀ ਅੱਤਵਾਦ ਦਾ ਕੇਂਦਰ ਸਾਡੇ ਗੁਆਂਢ ‘ਚ : ਐੱਸ ਜੈਸ਼ੰਕਰ