ਬੰਗਾ , (ਸਮਾਜ ਵੀਕਲੀ)( ਚਰਨਜੀਤ ਸੱਲ੍ਹਾ) : ਅੱਜ ਇਥੇ ਮੁਹੱਲਾ ਮੁਕਤਪੁਰਾ ਵਿਖੇ ਸਥਾਪਿਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ , ਭਾਰਤੀ ਨਾਰੀ ਦੇ ਮੁਕਤੀ ਦਾਤਾ, ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਤੇ ਬੜੀ ਸ਼ਰਧਾ ਨਾਲ ਫੁੱਲ ਮਾਲਾਵਾਂ ਅਰਪਣ ਕਰਕੇ ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਵਲੋਂ 75ਵਾਂ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਡਾ ਅੰਬੇਡਕਰ ਬੁੱਧਿਸਟ ਟਰੱਸਟ ਦੇ ਪ੍ਰਧਾਨ ਡਾ ਕਸ਼ਮੀਰ ਚੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਹਰ ਭਾਰਤੀ ਲਈ ਖੁਸ਼ੀ ਵਾਲਾ ਵਿਸ਼ੇਸ਼ ਅਤੇ ਮਹੱਤਵਪੂਰਨ ਦਿਨ ਹੈ । ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਆਜ਼ਾਦ ਭਾਰਤ ਲਈ ਸਥਾਪਤ ਡਰਾਫਟਿੰਗ ਕਮੇਟੀ ਵੱਲੋਂ 2 ਸਾਲ 11 ਮਹੀਨੇ 17 ਦਿਨਾਂ ਵਿੱਚ ਤਿਆਰ ਕੀਤਾ ਗਿਆ ਭਾਰਤੀ ਸੰਵਿਧਾਨ ਪਾਸ ਕੀਤਾ ਸੀ ਜਿਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ । ਇਸ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਡਾ ਭੀਮ ਰਾਓ ਅੰਬੇਡਕਰ ਜੀ ਅਹਿਮ ਯੋਗਦਾਨ ਸੀ ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਭਾਰਤੀ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਵੀ ਸਨ ਉਨ੍ਹਾਂ ਦੀ ਸਿਹਤ ਨਾ ਵੀ ਠੀਕ ਹੋਣ ਦੇ ਬਾਵਜੂਦ ਭਾਰਤੀ ਸੰਵਿਧਾਨ ਤਿਆਰ ਕਰਨ ਲਈ ਬਹੁਤ ਮੇਹਨਤ ਕੀਤੀ । ਡਾ ਕਸ਼ਮੀਰ ਚੰਦ ਨੇ ਦੱਸਿਆ ਕਿ ਡਾ ਅੰਬੇਡਕਰ ਜੀ ਨੇ ਕਿਹਾ ਸੀ ਕਿ ਕੋਈ ਵੀ ਸੰਵਿਧਾਨ ਜਿਨਾਂ ਮਰਜ਼ੀ ਵਧੀਆ ਹੋਵੇ ਜੇ ਉਸ ਨੂੰ ਲਾਗੂ ਕਰਨ ਵਾਲੇ ਇਮਾਨਦਾਰ ਨਾ ਹੋਣਗੇ ਤਾਂ ਉਹ ਖਰਾ ਨਹੀਂ ਸਾਬਤ ਹੋਵੇਗਾ । ਉਨ੍ਹਾਂ ਦੱਸਿਆ ਕਿ ਭਾਰਤ ਦਾ ਸੰਵਿਧਾਨ ਹਰੇਕ ਭਾਰਤੀ ਨੂੰ ਬਰਾਬਰੀ ਦੇ ਹੱਕ ਪ੍ਰਦਾਨ ਕਰਦਾ ਹੈ। ਉਨ੍ਹਾਂ ਅੱਜ ਭਾਰਤੀ ਸੰਵਿਧਾਨ ਦਾ 75ਵਾਂ ਸੰਵਿਧਾਨ ਦਿਵਸ ਮਨਾਉਣ ਮੌਕੇ ਹਰ ਦੇਸ਼ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਸੁਖਵਿੰਦਰ ਹੀਰਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਦੋਰਾਨ ਐਮ ਸੀ ਅਜੀਤ ਸਿੰਘ ਭਾਟੀਆ , ਹਰਜਿੰਦਰ ਲੱਧੜ ਪ੍ਰਧਾਨ ਬਸਪਾ ਸ਼ਹਿਰੀ ਬੰਗਾ , ਹਰਮੇਸ਼ ਵਿਰਦੀ ਜਨਰਲ ਸਕੱਤਰ ਬਸਪਾ ਬੰਗਾ,ਮੈਡਮ ਰਵਿੰਦਰ ਮਹਿੰਮੀ ਕਨਵੀਨਰ ਜ਼ਿਲ੍ਹਾ ਨਵਾਂਸ਼ਹਿਰ , ਪ੍ਰਕਾਸ਼ ਚੰਦ ਬੈਂਕ ਮੈਨੇਜਰ ਰਿਟਾਇਰਡ , ਦਵਿੰਦਰ ਸਿੰਘ ਕਾਨੂੰਗੋ ਰਿਟਾਇਰਡ , ਭੁਪੇਸ਼ ਕੁਮਾਰ , ਰਾਮ ਲੁਭਾਇਆ ਪ੍ਰਧਾਨ ਬਸਪਾ ਵਿਧਾਨ ਸਭਾ ਬੰਗਾ , ਦੀਨ ਦਿਆਲ ਅਟਾਰੀ , ਡਾ ਗੁਰਨਾਮ ਚਾਹਲ , ਨੰਬਰਦਾਰ ਚਰਨਜੀਤ ਸੱਲਾਂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly