ਰੱਬ ਦੇ ਫੱਕਰ

ਧੰਨਾ ਧਾਲੀਵਾਲ਼
(ਸਮਾਜ ਵੀਕਲੀ)
ਕੀ ਕਹਿਣੇ ਸਨ ਰਿਸ਼ੀਆਂ ਮੁਨੀਆਂ  ਗੁਰੂਆਂ ਪੀਰ ਪੈਗੰਬਰਾਂ ਦੇ
ਕੱਢੀਆਂ ਸੁੰਨ ਦੀਆਂ ਖੋਜਾਂ ਅੰਦਰੋਂ ਭੇਦ ਜਾਣਦੇ ਅੰਬਰਾਂ ਦੇ
ਦਹੀਂ ਚੋਂ ਮੱਖਣ ਨਿਕਲ਼ ਆਉਂਦਾ ਜੇ ਰਿੜਕਾ ਲਾਓ ਮਧਾਣੀ ਦਾ
ਸੱਚ ਨਾਲ਼ ਜੋ ਸਾਰ ਜੋੜ ਗਏ ਜੀਵਨ ਦੀ ਕਹਾਣੀ ਦਾ
ਧੂਣੀਆਂ ਉੱਤੇ ਬਹਿ ਗਏ ਫੱਕਰ ਮਨ ਦੀਆਂ ਨਬਜਾਂ ਪੜ੍ਹ ਪੜ੍ਹਕੇ
ਹਿੱਲਣ ਨਹੀਓਂ ਦਿੱਤਾ ਦੇਹ ਨੂੰ ਇੱਕ ਲੱਤ ਤੇ ਖੜ੍ਹ ਖੜ੍ਹ ਕੇ
ਉਲਟਾ ਗੇੜ ਸੀ ਸਿੱਧਾ ਕਰ ਲਿਆ ਉਲਝੀ ਚਿੱਤ ਦੀ ਤਾਣੀ ਦਾ
ਸੱਚ ਨਾਲ਼ ਜੋ ਸਾਰ ਜੋੜ ਗਏ ਜੀਵਨ ਦੀ ਕਹਾਣੀ ਦਾ
ਬਹਿ ਗਏ ਲੋਕੀ ਝੇੜੇ ਪਾਕੇ ਸਾਰ ਦਿਲਾਂ ਦੀ ਜਾਨਣ ਨਾ
ਪੰਜ ਚੋਰਾਂ ਨੇ ਏਸੇ ਪੱਟੇ ਅਪਣਾ ਆਪ ਪਛਾਨਣ ਨਾ
ਕੀ ਪਤਾ ਏਹ ਕਦ ਫੁੱਟਜੇ ਬੁਲਬੁਲਾ ਜੀਵਨ ਪਾਣੀ ਦਾ
ਸੱਚ ਨਾਲ਼ ਜੋ ਸਾਰ ਜੋੜ ਗਏ ਜੀਵਨ ਦੀ ਕਹਾਣੀ ਦਾ
ਕਦ ਭਰੂਗੀ ਖ਼ਿਆਲਾਂ ਵਾਲੀ ਤੇਰੀ ਉਣੀ ਗਾਗਰ ਓਏ
ਧੰਨਿਆਂ ਧਾਲੀਵਾਲ਼ਾ ਤੂੰ ਵੀ ਕਰ ਲੈ ਚਿੱਤ ਇਕਾਗਰ ਓਏ
ਤੂੰ ਵੀ ਲਾਹ ਦੇ ਭਾਰ ਬਈ ਸਿਰ ਤੋਂ ਚੰਦਰੀ ਜਿੰਦ ਨਿਮਾਣੀ ਦਾ
ਸੱਚ ਨਾਲ਼ ਜੋ ਸਾਰ ਜੋੜ ਗਏ ਜੀਵਨ ਦੀ ਕਹਾਣੀ ਦਾ
ਧੰਨਾ ਧਾਲੀਵਾਲ਼
Previous articleਬੁੱਧ ਚਿੰਤਨ
Next articleਚੱਜ ਦੀ ਫੈਂਟੀ