ਪਵਿੱਤਰ ਰਿਸ਼ਤੇ

ਦਿਲਪ੍ਰੀਤ ਗੁਰੀ
ਦਿਲਪ੍ਰੀਤ ਗੁਰੀ
(ਸਮਾਜ ਵੀਕਲੀ)  ਜੀਵਨ ਯੂਨੀਵਰਸਟੀ ਦੀ ਪੜ੍ਹਾਈ ਪੂਰੀ ਕਰਦੇ ਹੀ ਆਪਣੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਪਰ ਹਰ ਹਫ਼ਤੇ ’ਚ ਹੀ ਕਿਸੇ ਨਾ ਕਿਸੇ ਗੱਲ ਤੋਂ ਰੁੱਸ ਪੇਕੇ ਆਈ ਰਹਿੰਦੀ। ਜੀਵਨ ਦੀਆਂ ਦੋ ਮਾਵਾਂ ਹਨ, ਇਕ ਨੇ ਜਨਮ ਦਿੱਤਾ ਤੇ ਦੂਜੀ ਨੇ ਪਾਲਣ ਪੋਸ਼ਣ ਕੀਤਾ। ਵੱਡੀ ਹੋਣ ਕਰਕੇ ਜੀਵਨ ਕੁੱਝ ਲਾਡਲੀ ਵੀ ਰਹੀ।
ਅੱਜ ਵੀ ਜਦੋਂ ਜੀਵਨ ਦੀ ਗੱਡੀ ਆਉਂਦੀ ਵੱਡੀ ਮਾਂ ਨੇ ਦੇਖੀ ਤਾਂ ਫ਼ਿਕਰ ’ਚ ਡੁੱਬ ਗਈ। ਉਹ ਗੱਡੀ ਰੁਕਦੇ ਹੀ ਬਾਹਰ ਨਿਕਲੀ ਤੇ ਪਰਸ ਵਿਹੜੇ ’ਚ ਛੁੱਟ ਰੂਮ ਨੂੰ ਚਲੀ ਗਈ। ਮਾਵਾਂ ਵੀ ਪਿੱਛੇ ਹੀ ਆ ਗਈਆਂ।
ਛੋਟੀ ਨੇ ਪੁੱਛਿਆ, “ਕੁੜੀਏ, ਹੁਣ ਕੀ ਹੋਇਆ? ਮਸਾਂ ਤੁਹਾਡਾ ਟਿਕ-ਟਕਾ ਹੋਇਆ ਸੀ ਤੇ ਆ ਦੋ ਮਹੀਨੇ ਤੂੰ ਆਪਣੇ ਘਰ ਰਹੀ ਤਾਂ ਅਸੀਂ ਵੀ ਸ਼ੁਕਰ ਕੀਤਾ ਸੀ।”
“ਮੰਮੀ ਮੈਂ ਵੀ ਕੋਈ ਸ਼ੌਕ ਨੂੰ ਨਹੀਂ ਆਈ। ਰੇਸ਼ਮ ਹੋਰ ਜਨਾਨੀ ਲਈ ਫਿਰਦਾ।”
“ਮਤਲਬ ਕੀ ਤੇਰਾ, ਕੁੜੀਏ”
“ਕਿਸੇ ਹੋਰ ਨਾਲ ਚੈੱਟ ਕਰਦਾ ਰਹਿੰਦਾ, ਮੈਨੂੰ ਪਤਾ ਲੱਗ ਗਿਆ ਤਾਂ ਕਹਿੰਦਾ ਕਿ ਵਿਚਾਰੀ ਬਹੁਤ ਦੁੱਖੀ ਹੈ, ਚੰਗੇ ਘਰ ਦੀ ਕੁੜੀ ਹੈ ਤੇ ਨੂੰਹ ਵੀ ਪਰ ਘਰਵਾਲੇ ਨੂੰ  ਪੈਸੇ ਦਾ ਹੰਕਾਰ ਹੈ, ਬਹੁਤ ਕੁੱਟਦਾ-ਮਾਰਦਾ। ਮੈਂ ਕਿਹਾ, ਪੇਕਿਆਂ ਨੂੰ ਕਹੇ। ਕਹਿੰਦਾ ਪੇਕੇ ਸਾਥ ਨਹੀਂ ਦਿੰਦੇ, ਕਹਿੰਦੇ ਤੈਨੂੰ ਅਸੀਂ ਘਰ ਥੋੜ੍ਹਾ ਬਿਠਾਉਣਾ, ਘਰ ਬਾਰ ਵਧੀਆ, ਤੈਨੂੰ ਕਿਹੜਾ ਕਮਾਉਣ ਦਾ ਫਿਕਰ ਹੈ, ਕੋਈ ਨਸ਼ਾ ਨਹੀਂ ਕਰਦਾ, ਮੁੰਡਾ ਸੋਹਣਾ, ਜਵਾਕ ਵੀ ਹੋ ਗਿਆ, ਇਹੋ ਕੁਝ ਹੁੰਦਾ, ਹੋਰ ਕੀ ਹੋਵੇ, ਲੋਕ ਕੀ ਕਹਿਣਗੇ। ਮਾਂ ਤੂੰ ਹੀ ਸੋਚ, ਇਹੋ ਜਿਹੀ ਨੂੰ ਘਰ ਵਾਲਾ ਕੁਟੇਗਾ ਹੀ, ਜਦੋਂ ਲੱਛਣ ਹੀ ਮਾੜੇ ਹਨ। ਮੇਰਾ ਘਰ ਪੱਟਿਆ, ਕੀ ਪਤਾ ਹੋਰ ਕਿੰਨੇਂ ਪੱਟੇ ਹੋਣੇ ਚੁਗਲ ਜਨਾਨੀ ਨੇ ਰੰਡੀ ਕਿਸੇ ਥਾਂ ਦੀ।
ਵੱਡੀ ਮਾਂ ਤੋਂ ਇਹ ਸੁਣਿਆ ਨਹੀਂ ਗਿਆ ਤੇ ਪਹਿਲੀ ਵਾਰ ਉਸਨੇ ਥੱਪੜ ਮਾਰ ਦਿੱਤਾ ਤੇ ਕਿਹਾ, “ਬਸ ਕੁੜੀਏ, ਤੈਨੂੰ ਕੋਈ ਹੱਕ ਨਹੀਂ ਕਿ ਤੂੰ ਸੱਚਾਈ ਦੀ ਤਹਿ ਤਕ ਜਾਣ ਤੋਂ ਪਹਿਲਾਂ ਕਿਸੇ ਔਰਤ ਦੇ ਚਰਿੱਤਰ ’ਤੇ ਉਂਗਲ ਚੱਕੇ।”
ਇਹ ਦੇਖ ਛੋਟੀ ਨੇ ਕਿਹਾ, “ਹਾਂ ਕੁੜੀਏ, ਤੈਨੂੰ ਕਿਸੇ ਦੇ ਕਿਰਦਾਰ ’ਤੇ ਉਂਗਲ ਚੱਕਣ ਦਾ ਕੋਈ ਹੱਕ ਨਹੀਂ।”
ਜੀਵਨ ਇਹ ਦੇਖ ਕੰਬ ਗਈ ਤੇ ਹੌਲ਼ੀ ਜਿਹੇ ਪੁੱਛਿਆ, “ਕਦੇ ਮੇਰੇ ’ਤੇ ਕਿਸੇ ਹੱਥ ਨਹੀਂ ਚੱਕਿਆ। ਅੱਜ ਉਸ ਔਰਤ ਲਈ, ਜਿਸਨੂੰ ਤੁਸੀਂ ਜਾਣਦੇ ਵੀ ਨਹੀਂ।”
“ਕੁੜੀਏ, ਸੱਚਾਈ ਪਤਾ ਕਰਕੇ ਫਿਰ ਫ਼ੈਸਲਾ ਲਈ ਤੇ ਹੱਥ ਚੱਕਣ ਲਈ ਅਫ਼ਸੋਸ ਹੈ। ਤੇਰੇ ਇਨ੍ਹਾਂ ਸ਼ਬਦਾਂ ਨੇ ਮੇਰੇ ਜ਼ਖ਼ਮ ਪੱਟ ਦਿੱਤੇ। ਇਸ ਕਰਕੇ ਕੰਟਰੋਲ ਨਹੀਂ ਹੋਇਆ।”
“ਵੱਡੇ ਮੰਮੀ, ਤੁਹਾਡੀ ਜ਼ਿੰਦਗੀ ’ਚ ਇਹੋ ਜਿਹਾ ਕੀ ਹੋਇਆ ਸੀ? ਪਲੀਜ਼! ਮੈਨੂੰ ਸਭ ਕੁੱਝ ਦੱਸੋ।”
“ਹਾਂ! ਜ਼ਰੂਰ, ਅੱਜ ਦੱਸਣਾ ਬਣਦਾ ਹੈ। ਮੇਰਾ ਤੇ ਤੇਰੀ ਛੋਟੀ ਮਾਂ ਦਾ ਵਿਆਹ ਇਕੋ ਦਿਨ ਹੋਇਆ ਸੀ। ਇਹ ਤਾਂ ਤੇਰੇ ਪਾਪਾ ਨਾਲ ਆਪਣੇ ਘਰ ਖ਼ੁਸ਼ ਸੀ ਤੇ ਮੈਂ ਆਪਣੇ ਘਰ ਮੌਤ ਦੇ ਇੰਤਜ਼ਾਰ ਕਰਨ ਲੱਗੀ ਸੀ ਕਿਉਂਕਿ ਮੇਰਾ ਘਰਵਾਲਾ ਮੈਨੂੰ ਬਹੁਤ ਮਾਰਦਾ ਕੁੱਟਦਾ ਤੇ ਸੱਸ ਵੀ ਬਹੁਤ ਤੰਗ ਕਰਦੀ। ਇਕ ਦਿਨ ਮੇਰੇ ਪੇਟ ’ਚ ਪਲ ਰਿਹਾ ਚਾਰ ਮਹੀਨੇ ਦਾ ਬੱਚਾ ਵੀ ਇਸ ਮਾਰਕੁੱਟ ਦੀ ਭੇਂਟ ਚੜ੍ਹ ਗਿਆ। ਹਸਪਤਾਲ ’ਚ ਮੈਨੂੰ ਤੇਰੇ ਨਾਨਾ-ਨਾਨੀ ਮਿਲਣ ਆਏ। ਮੈਂ ਬਹੁਤ ਦੁਹਾਈ ਪਾਈ, ਮੈਂ ਇਥੇ ਮਰ ਜਾਊ। ਮੈਨੂੰ ਵਾਪਸ ਲੈ ਜਾਓ। ਮਾਪੇ ਕਹਿੰਦੇ ਕਿ ਜੋ ਤੇਰੀ ਕਿਸਮਤ ਧੀਏ, ਅਸੀਂ ਤੈਨੂੰ ਘਰ ਨਹੀਂ ਬਿਠਾ ਸਕਦੇ। ਬਾਪੂ ਵੀ ਸਖ਼ਤ ਸੁਭਾਅ ਦਾ ਕਹਿੰਦਾ ਕਿ ਜਿੰਨੀਂ ਰੱਬ ਨੇ ਲਿਖੀ ਆ ਭੋਗ ਕੇ ਜਾਏਂਗੀ, ਕੁੱਝ ਨਹੀਂ ਹੋਣ ਲੱਗਾ। ਦੂਜੇ ਦਿਨ ਤੇਰੀ ਛੋਟੀ ਮੰਮੀ ਤੇ ਪਾਪਾ ਮੈਨੂੰ ਆਪਣੇ ਘਰ ਲੈ ਆਏ। ਤੇਰੇ ਪਾਪਾ ਤੋਂ ਮੇਰਾ ਦੁੱਖ ਦੇਖਿਆ ਨਹੀਂ ਗਿਆ। ਮੈਂ ਕੁੱਝ ਦਿਨ ਲਈ ਆਈ ਸੀ ਪਰ ਮੇਰੀ ਸੱਸ ਤੇਰੇ ਪਾਪਾ ਨੂੰ ਬਹੁਤ ਬੁਰਾ ਬੋਲੀ। ਕਹਿੰਦੀ ਕਿ ਖ਼ਸਮ ਲੈ ਗਿਆ। ਰੰਡੀ, ਚੁਗਲ, ਬਦਚਲਣ ਜੀਜੇ ਦੇ ਘਰ ਜਾ ਬੈਠੀ ਹੈ। ਛੋਟੀ ਤੋਂ ਇਹ ਸਹਾਰ ਨਹੀਂ ਹੋਇਆ ਤੇ ਪੰਚਾਇਤ ਸੱਦ ਨਬੇੜ ਲਿਆ। ਮੇਰੇ ਮਾਪੇ ਮੈਨੂੰ ਲੈ ਕੇ ਨਹੀਂ ਗਏ। ਉਥੋਂ ਈ ਸਿੱਧੇ ਛੋਟੀ ਸਾਨੂੰ ਗੁਰੂਦੁਆਰਾ ਲੈ ਗਈ। ਤੇਰੇ ਪਾਪਾ ਨਾਲ ਮੇਰਾ ਵਿਆਹ ਕੀਤਾ ਤੇ ਭੈਣ ਨੂੰ ਸੌਂਤਣ ਬਣਾ ਘਰ ਲੈ ਆਈ। ਤੂੰ ਉਦੋਂ ਛੇ ਮਹੀਨਿਆਂ ਦੀ ਸੀ, ਤੈਨੂੰ ਮੇਰੀ ਝੋਲੀ ਪਾ, ਮੈਨੂੰ ਤੇਰੀ ਵੱਡੀ ਮੰਮੀ ਬਣਾ ਦਿੱਤਾ। ਮੇਰਾ ਤੇ ਤੇਰੇ ਪਾਪਾ ਦਾ ਅੱਜ ਵੀ ਰਿਸ਼ਤਾ ਭਾਵਨਾਤਮਕ ਹੈ, ਸਰੀਰਕ ਕਦੇ ਨਹੀਂ ਬਣਿਆ ਕਿਉਂਕਿ ਮੈਨੂੰ ਤੇਰੇ ਮੰਮੀ ਤੇ ਪਾਪਾ ਨੇ ਇੱਜ਼ਤ ਤੇ ਸਕੂਨ ਭਰੀ ਜ਼ਿੰਦਗੀ ਦਿੱਤੀ। ਮੈਨੂੰ ਛੋਟੀ ਵਲੋਂ ਹੱਕ ਸੀ, ਮੈਂ ਇਕ ਪਤਨੀ ਵਾਂਗ ਹਰ ਹੱਕ ਮਾਣ ਸਕਦੀ ਸੀ ਪਰ ਜੋ ਮਾਣ, ਸਤਿਕਾਰ, ਪਿਆਰ ਦੀ ਲੋੜ ਸੀ, ਉਹ ਮੈਨੂੰ ਮਿਲ ਗਿਆ ਤਾਂ ਕਦੇ ਮੈਨੂੰ ਇਸ ਰਿਸ਼ਤੇ ਨੂੰ ਸਰੀਰਕ ਤੌਰ ’ਤੇ ਮਾਣਨ ਦੀ ਇੱਛਾ ਹੀ ਨਹੀਂ ਹੋਈ। ਪੁੱਤ, ਕੁੱਝ ਰਿਸ਼ਤੇ ਅਵੱਲੇ ਹੁੰਦੇ ਨੇ ਅਹਿਸਾਸ ਦੇ, ਸੱਚੀ ਭਾਵਨਾਤਮਕ ਹੀ ਹੁੰਦੇ ਹਨ । ਵਿਆਹ ਹੁੰਦੇ ਹੀ ਤੁਸੀਂ ਦੋਵੇਂ ਬਹੁਤ ਲੜਦੇ ਰਹੇ ਹੋ ਪਰ ਕੁੱਝ ਟਾਇਮ ਤੋਂ ਫਿਰ ਖੁਸ਼ ਹੋ। ਇਹ ਹੋ ਸਕਦਾ, ਉਸ ਕਰਕੇ ਹੀ ਹੋਵੇ।”
“ਮਾਂ, ਇਹ ਤਾਂ ਮੈਨੂੰ ਰੇਸ਼ਮ ਨੇ ਵੀ ਕਿਹਾ ਕਿ ਸਾਡੇ ’ਚ ਦੂਰੀਆਂ ਉਸ ਨੀਲਮ ਨੇ ਘੱਟ ਕੀਤੀਆਂ ਨੇ। ਮੇਰੇ ਜਨਮ ਦਿਨ ’ਤੇ, ਜੋ ਰਿੰਗ ਰੇਸ਼ਮ ਨੇ ਮੈਨੂੰ ਦਿੱਤੀ, ਉਹ ਵੀ ਉਸਨੇ ਹੀ ਮੇਰੇ ਲਈ ਲੈ ਕੇ ਭੇਜੀ ਸੀ ਤੇ ਰੇਸ਼ਮ ਨੇ ਮੈਨੂੰ ਆਪਣੇ ਵਲੋਂ ਦਿੱਤੀ ਸੀ। ਮੇਰੇ ਦੋ ਸੂਟ ਵੀ, ਜੋ ਰੇਸ਼ਮ ਲੈ ਕੇ ਆਇਆ, ਉਹ ਵੀ ਉਸਨੇ ਹੀ ਭੇਜੇ ਸਨ। ਰੇਸ਼ਮ ਨੇ ਮੈਨੂੰ ਅੱਜ ਇਹ ਸਭ ਕੁੱਝ ਦੱਸਿਆ ਸੀ ਪਰ ਮੈਨੂੰ ਤਾਂ ਹੋਰ ਅੱਗ ਲੱਗ ਗਈ ਕਿ ਉਹ ਕੌਣ ਹੁੰਦੀ ਮੇਰੇ ਲਈ ਕੁੱਝ ਖਰੀਦੇ।”
ਵੱਡੀ ਮਾਂ ਨੇ ਕਿਹਾ, “ਕੁੱਝ ਮੁਹੱਬਤਾਂ ਏਵੇਂ ਦੀਆਂ ਵੀ ਹੁੰਦੀਆਂ, ਜਿੱਥੇ ਮਹਿਬੂਬ ਦੇ ਮਹਿਬੂਬ ਨਾਲ ਵੀ ਪਿਆਰ ਹੋ ਜਾਂਦਾ। ਜੇ ਤੇਰਾ ਘਰ ਪੱਟ ਰਹੀ ਹੈ ਤਾਂ ਤੇਰਾ ਰੇਸ਼ਮ ਨਾਲ ਗੁੱਸੇ ਹੋਣਾ ਪੂਰਾ ਜਾਇਜ਼ ਹੈ ਪਰ ਜੇ ਉਹ ਤੁਹਾਡੇ ਰਿਸ਼ਤੇ ’ਚ ਹੋਰ ਨੇੜਤਾ ਵਧਾ ਰਹੀ ਹੈ ਤਾਂ ਤੇਰਾ ਰਿਸ਼ਤਾ ਉਸ ਕਰਕੇ ਕਮਜ਼ੋਰ ਨਹੀਂ ਹੁੰਦਾ।”
ਇੰਨੇਂ ਨੂੰ ਜੀਵਨ ਦੇ ਫ਼ੋਨ ’ਤੇ ਨੀਲਮ ਦਾ ਮੈਸੇਜ ਆ ਗਿਆ। “ਜੀਵਨ ਜੀ, ਪਲੀਜ਼! ਤੁਸੀਂ ਵਾਪਸ ਆ ਜਾਓ। ਰੇਸ਼ਮ ਤੁਹਾਨੂੰ ਬਹੁਤ ਪਿਆਰ ਕਰਦਾ। ਜੇ ਤੁਹਾਨੂੰ ਮੇਰਾ ਰੇਸ਼ਮ ਨਾਲ ਗੱਲ ਕਰਨਾ ਨਹੀਂ ਪਸੰਦ ਤਾਂ ਮੈਂ ਕਦੇ ਫ਼ੋਨ ਨਹੀਂ ਕਰਾਂਗੀ, ਨਾ ਹੀ ਮੈਸੇਜ ਕਰਾਂਗੀ। ਅਸੀਂ ਚੰਗੇ ਦੋਸਤ ਹੀ ਹਾਂ, ਜੋ ਤੁਸੀ ਸੋਚ ਰਹੇ ਹੋ, ਇਹੋ ਜਿਹਾ ਕੁੱਝ ਨਹੀ ਸਾਡੇ ਵਿੱਚ।”
ਛੋਟੀ ਨੇ ਫ਼ੋਨ ਫੜ੍ਹ ਪਾਸੇ ਰੱਖ ਦਿੱੱਤਾ, “ਵੇਖ ਪੁੱਤ, ਕੁੱਝ ਰਿਸ਼ਤਿਆਂ ਦੇ ਨਾਮ ਨਹੀਂ ਹੁੰਦੇ, ਬਸ ਦਿਲਾਂ ਦੀ ਸਾਂਝ ਹੁੰਦੀ ਹੈ, ਜਿਸ ਸਹਾਰੇ ਕਈ ਵਾਰ ਜ਼ਿੰਦਗੀ ਖਤਮ ਹੋਣ ਤੋਂ ਬਚ ਜਾਂਦੀ ਹੈ ਤੇ ਟਾਇਮ ਸਦਾ ਇਕੋ ਜਿਹਾ ਨਹੀਂ ਰਹਿੰਦਾ ਪਰ ਇਹ ਰਿਸ਼ਤੇ ਕਈ ਵਾਰ ਉਮਰਾਂ ਦੀਆਂ ਸਾਂਝਾਂ ਪਾ ਜਾਂਦੇ ਨੇ। ਪਿਆਰ ਤਾਂ ਇਕ ਸਮੁੰਦਰ ਵਰਗਾ ਹੁੰਦਾ ਤੇ ਤੂੰ ਸਾਰਾ ਸਮੁੰਦਰ ਪੀ ਨਹੀਂ ਸਕਦੀ। ਜੇ ਕਿਸੇ ਨੂੰ ਦੋ ਬੂੰਦ ਨਾਲ ਜ਼ਿੰਦਗੀ ਮਿਲਦੀ ਹੈ ਤਾਂ ਦੋ ਬੂੰਦ ਨਾਲ ਕੁੱਝ ਘੱਟ ਵੀ ਨਹੀਂ ਚੱਲਿਆ। ਤੁਸੀਂ 5 ਸਾਲ ਇਕ ਦੂਜੇ ਨੂੰ ਜਾਣਨ ਤੋਂ ਬਾਅਦ ਵਿਆਹ ਕਰਾਇਆ, ਕੀ ਤੁਹਾਡਾ ਰਿਸ਼ਤਾ ਇੰਨਾ ਕਮਜ਼ੋਰ ਹੈ?”
ਇਹ ਸੁਣ ਪਰਸ ਚੱਕਿਆ ਤੇ ਥੈਂਕਸ ਮਾਤੇ ਕਿਹਾ ਤੇ ਫੜੀ ਗੱਡੀ ਤੇ ਵਾਪਸ ਰੇਸ਼ਮ ਕੋਲ ਆ ਗਈ। ਰੇਸ਼ਮ ਨੇ ਸ਼ੁਕਰ ਕਰ ਗਲੇ ਨਾਲ ਲਾ ਲਿਆ। ਪਰ ਜੀਵਨ ਨੇ ਰੇਸ਼ਮ ਅੱਗੇ ਨੀਲਮ ਨੂੰ ਮਿਲਣ ਦੀ ਸ਼ਰਤ ਰੱਖ ਦਿੱਤੀ।
ਦੂਜੇ ਦਿਨ ਦੋਵੇਂ ਉਸਨੂੰ ਇਕ ਕਾੱਫ਼ੀ ਸ਼ਾਪ ’ਤੇ ਮਿਲੇ। ਉਸਨੇ ਦੋਵੇਂ ਹੱਥ ਜੋੜ ਸਤਿ ਸ੍ਰੀ ਆਕਾਲ ਤੇ ਮੁਆਫ਼ੀ ਇਕੱਠੇ ਹੀ ਕਹਿ ਦਿੱਤਾ। ਜੀਵਨ ਨੇ ਉਸਦੇ ਹੱਥਾਂ ਨੂੰ ਆਪਣੇ ਹੱਥਾਂ ’ਚ ਲੈ ਲਿਆ ਤੇ ਪਿਆਰ ਨਾਲ ਕਿਹਾ ਕਿ  ਤੁਹਾਡੇ ਕਰਕੇ ਸਾਡੇ ’ਚ ਵਧੀ ਦੂਰੀ ਘੱਟ ਗਈ ਪਰ ਮੈਂ ਹੀ ਸਮਝ ਨਹੀਂ ਪਾਈ।
“ਨੀਲਮ ਕਦੇ ਧੋਖਾ ਨਾ ਦੇਈਂ ਤੇ ਇਸ ਰਿਸ਼ਤੇ ਨੂੰ ਬਦਨਾਮੀ ਤੋਂ ਬਚਾ ਕੇ ਰੱੱਖੀਂ। ਮੈਂ ਕਦੇ ਤੇਰੇ ’ਤੇ ਸ਼ੱਕ ਨਹੀਂ ਕਰੂ। ਮੈਨੂੰ ਵੀ ਕੱਲ੍ਹ ਹੀ ਪਤਾ ਲੱਗਾ ਕਿ ਸੌਂਕਣ ਦਾ ਰਿਸ਼ਤਾ ਵੀ ਕਈ ਵਾਰ ਬਹੁਤ ਮਾਣਮੱਤਾ ਵੀ ਹੁੰਦਾ ਹੈ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਵਿਤਾਵਾਂ
Next articleਜੀਵਨ ਜਾਗਰਤੀ ਮੰਚ ਵੱਲੋਂ ਦਸਵਾਂ ਖੂਨ ਦਾਨ ਕੈਂਪ