ਕਵਿਤਾਵਾਂ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ) 
ਬੁੱਢੀ ਘੋੜੀ ਲਾਲ ਲਗਾਮਾਂ 
—————————-
ਰਿਸ਼ਤਾ ਕਿਸੇ ਦਾ ਨਹੀਂ ਜੇ ਜੋੜ ਸਕਦੇ ,
ਰਿਸ਼ਤਾ ਹੁੰਦਾ ਹੋਵੇ ਭਾਨੀ ਮਾਰੀਏ ਨਾ ।
ਬੁੱਢੀ ਘੋੜੀ ਦੇ ਲਾਲ ਲਗਾਮ ਪਾ ਕੇ  ,
ਐਵੇਂ ਲੋੜ ਤੋਂ ਵੱਧ ਸ਼ਿੰਗਾਰੀਏ ਨਾ  ।
ਚੰਗਾ ਕੰਮ ਜੇ ਕਰਨ ਦਾ ਮਿਲੇ ਮੌਕਾ ,
ਕਰ ਲਈਏ ਬਹੁਤਾ ਸੋਚ ਵਿਚਾਰੀਏ ਨਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਝਾਤੀ ਆਂਢ ਗੁਆਂਢ ਵਿੱਚ ਮਾਰੀਏ ਨਾ ।
ਰਾਜਨੀਤੀ ਬਣੀ ਵਿਉਪਾਰ
—————————-
ਪਹਿਲਾਂ ਜਿਹੇ ਨਾ ਪ੍ਰੇਮੀ ਨਾ ਪ੍ਰੇਮਿਕਾ ਨੇ ,
ਪਹਿਲਾਂ ਵਰਗਾ ਨਾ ਰਿਹਾ ਪਿਆਰ ਮੀਆਂ ।
ਹਰ ਇੱਕ ਕੰਮ ਵਿੱਚ ਹੋਈ ਮਸ਼ੀਨ ਭਾਰੂ ,
ਪਹਿਲਾਂ ਜਿਹੇ ਨਾ ਰਹੇ ਦਸਤਕਾਰ ਮੀਆਂ ।
ਪਹਿਲਾਂ ਜਿਹੇ ਨਾ ਵਣਜ ਵਿਉਪਾਰ ਰਹਿ ‘ਗੇ ,
ਪਹਿਲਾਂ ਵਰਗੇ ਨਾ ਰਹੇ ਕੰਮ ਕਾਰ ਮੀਆਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਰਾਜਨੀਤੀ ਵੀ ਬਣੀ ਵਿਉਪਾਰ ਮੀਆਂ  ।
( ਕਿਤਾਬ  ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਵਰਚੁਅਲ ਦੁਨੀਆਂ ਅਤੇ ਆਧੁਨਿਕ ਪੀੜ੍ਹੀ: ਇੱਕ ਦੋ ਧਾਰੀ ਚਾਕੂ
Next articleਪਵਿੱਤਰ ਰਿਸ਼ਤੇ