ਲੁਧਿਆਣਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬ ਵਿੱਚ ਵਧ ਰਹੀ ਬੇਰੁਜ਼ਗਾਰੀ, ਨਸ਼ਾਖੋਰੀ, ਭਰਿਸ਼ਟਾਚਾਰ ਅਤੇ ਕਿਸਾਨੀ ਦੀ ਹੋ ਰਹੀ ਲੁੱਟ ਕਸੁੱਟ ਨੂੰ ਰੋਕਣ ਲਈ ਪੰਜਾਬ ਦੇ ਦਰਦਮੰਦਾਂ ਨੇ ਇੱਕ ਰਾਜਨੀਤਿਕ ਮੰਚ ਦੀ ਸਥਾਪਨਾ ਕੀਤੀ ਹੈ ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਬੁਲੰਦੀਆਂ ਹਾਸਲ ਕਰਨ ਵਾਲੇ ਪੰਜਾਬੀਆਂ ਨੇ ਆਦਰਸ਼ ਰਾਜਨੀਤੀ ਮੰਚ ਦੀ ਸਥਾਪਨਾ ਕੀਤੀ ਜਿਸ ਦੀ ਪਹਿਲੀ ਇਕੱਤਰਤਾ ਸਾਹਨੇਵਾਲ ਵਿਖੇ ਹੋਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਆਦਰਸ਼ ਰਾਜਨੀਤੀ ਮੰਚ ਪੰਜਾਬ ਵੱਲੋਂ 24 ਨਵੰਬਰ ਨੂੰ ਸਵੇਰੇ 10 ਵਜੇ ਸੋਮਾ ਸਰ ਗੁਰਦੁਆਰਾ ਟਿੱਬਾ ਨੇੜੇ ਸਿੱਧਵਾਂ ਨਹਿਰ ਡੇਹਲੋ ਸਾਹਨੇਵਾਲ ਰੋਡ ਤੇ ਵਿਸ਼ਾਲ ਸਮਾਗਮ ਕਰਵਾਇਆ ਜਾਵੇਗਾ। ਆਦਰਸ਼ ਰਾਜਨੀਤੀ ਮੰਚ ਪੰਜਾਬ ਸੂਬਾ ਕਮੇਟੀ ਦੀ ਮੀਟਿੰਗ ਮੰਚ ਦੇ ਸੰਸਥਾਪਕ ਡਾਕਟਰ ਕੁਲਦੀਪ ਸਿੰਘ ਚਨਾਗਰਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਸਾਹਨੇਵਾਲ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਤੋਂ ਸੂਬਾ ਕਮੇਟੀ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਡਾਕਟਰ ਕੁਲਦੀਪ ਸਿੰਘ ਚੁਨਾਗਰਾ ਨੇ ਮੰਚ ਦੀਆਂ ਗਤੀਵਿਧੀਆਂ ਅਤੇ ਭਵਿੱਖ ਵਿੱਚ ਕਰਨ ਵਾਲੀਆਂ ਸਰਗਰਮੀਆਂ ਬਾਰੇ ਹਾਜ਼ਰ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਬੈਲਜੀਅਮ ਨੇ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਅਤੇ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਪਿੰਡ ਪਿੰਡ ਜਾ ਕੇ ਲੋਕਾਂ ਦੇ ਨਾਲ ਸੰਪਰਕ ਬਣਾਉਣਾ ਪਵੇਗਾ। ਮਹਿੰਦਰ ਸਿੰਘ ਸੇਖੋ ਨੇ ਪੰਜਾਬੀ ਭਾਸ਼ਾ ਦੀ ਹੋ ਰਹੀ ਦੁਰਗਤੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਲਾਗੂ ਨਾ ਹੋਣ ਤੇ ਉਹਨਾਂ ਨੇ ਸਰਕਾਰ ਨੂੰ ਦੋਸ਼ੀ ਆਖਿਆ। ਹਰਜੀਤ ਸਿੰਘ ਸੰਧੂ ਨੇ ਪੰਜਾਬ ਦੀ ਦਿਨੋ ਦਿਨ ਵਿਗੜ ਰਹੀ ਆਰਥਿਕਤਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਆਰਥਿਕਤਾ ਮਜਬੂਤ ਕਰਨ ਲਈ ਸਹਾਇਕ ਧੰਦਿਆਂ ਨੂੰ ਅਪਣਾਉਣਾ ਪਵੇਗਾ। ਹਰਪ੍ਰੀਤ ਸਿੰਘ ਲਸਾੜਾ ਨੇ ਕਿਹਾ ਕਿ ਪਿੰਡਾਂ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਕਿਸਾਨਾਂ ਨੂੰ ਜਿਹੜੀਆਂ ਖੇਤੀ ਅਤੇ ਮੰਡੀ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਨੂੰ ਹੱਲ ਕਰਨ ਲਈ ਸਾਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਪਵੇਗੀ। ਇਕਬਾਲ ਸਿੰਘ ਸੰਧੂ ਨੇ ਕੁਦਰਤੀ ਖੇਤੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਦੋ ਫਸਲੀ ਚੱਕਰ ਵਿੱਚੋਂ ਨਿਕਲਣ ਲਈ ਝੋਨੇ ਅਤੇ ਕਣਕ ਤੋਂ ਛੁਟਕਾਰਾ ਪਾਉਣਾ ਪਵੇਗਾ ਤੇ ਸਾਨੂੰ ਸਹਾਇਕ ਫਸਲਾਂ ਬੀਜਣੀ ਪੈਣਗੀਆਂ। ਜਗਸੀਰ ਸਿੰਘ ਧੀਮਾਨ ਨੇ ਉਹਨਾਂ ਦੇ ਟਰਸਟ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਲਿਆਦੀ ਜਾ ਰਹੀ ਕ੍ਰਾਂਤੀ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਸਾਨੂੰ ਬਲਾਕ ਪੱਧਰ ਤੇ ਇਹੋ ਜਿਹੇ ਸਕੂਲ ਸਥਾਪਿਤ ਕਰਨੇ ਪੈਣਗੇ ਜਿਨਾਂ ਵਿੱਚ ਬੱਚਿਆਂ ਦੀ ਵਿਦਿਆ ਤੇ ਰਹਿਣ ਸਹਿਣ ਦਾ ਖਰਚਾ ਸਾਡੇ ਪ੍ਰਵਾਸੀ ਵੀਰ ਕਰਨ। ਪੰਜਾਬੀ ਦੇ ਸਾਹਿਤਕਾਰ ਬੁੱਧ ਸਿੰਘ ਨੀਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਇਸ ਸਮੇਂ ਪੰਜਾਬ ਦੇ ਲੋਕ ਸੁੱਤੇ ਪਏ ਹਨ ਤੇ ਸਾਨੂੰ ਪ੍ਰਾਇਮਰੀ ਸਕੂਲਾਂ ਦੀ ਵਿਦਿਆ ਹਾਸਲ ਕਰ ਰਹੇ ਬੱਚਿਆਂ ਤੇ ਧਿਆਨ ਦੇਣਾ ਪਵੇਗਾ ਉਹਨਾਂ ਦੱਸਿਆ ਕਿ ਸੁੱਤਿਆ ਨੂੰ ਜਗਾਇਆ ਜਾ ਸਕਦਾ ਹੈ ਪਰ ਜਾਗਦਿਆਂ ਨੂੰ ਜਗਾਉਣਾ ਅੱਜ ਮੁਸ਼ਕਲ ਹੋ ਗਿਆ ਹੈ। ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਡਾਕਟਰ ਕੁਲਦੀਪ ਸਿੰਘ ਚਨਾਗਰਾਂ ਨੇ ਜਿੱਥੇ ਆਏ ਮੰਚ ਦੇ ਸੂਬਾ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਭਵਿੱਖ ਵਿੱਚ ਲਾਗੂ ਕਰਨ ਦਾ ਭਰੋਸਾ ਵੀ ਦਵਾਇਆ। ਉਹਨਾਂ ਦੱਸਿਆ ਆਦਰਸ਼ ਰਾਜਨੀਤੀ ਮੰਚ ਪੰਜਾਬ ਵੱਲੋਂ ਇੱਕ ਸੂਬਾ ਪੱਧਰ ਦਾ ਸਮਾਗਮ 24 ਨਵੰਬਰ ਨੂੰ ਸ੍ਰੀ ਗੁਰਦੁਆਰਾ ਸਾਹਿਬ ਸੋਮਾ ਸਰ ਟਿੱਬਾ ਵਿਖੇ ਕੀਤਾ ਜਾਵੇਗਾ। ਜਿਸ ਵਿੱਚ ਪੰਜਾਬ ਭਰ ਤੋਂ ਮੰਚ ਦੇ ਮੈਂਬਰ ਪੁੱਜਣਗੇ। ਉਹਨਾਂ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਮੰਚ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਇਸ ਮੰਚ ਨੂੰ ਸਹਿਯੋਗ ਦੇਣ। ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੰਚ ਨਾਲ ਵੱਧ ਤੋਂ ਵੱਧ ਜੁੜਨ ਤਾਂ ਕਿ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕੇ। ਅਖੀਰ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਆਏ ਸੂਬਾ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly