(ਸਮਾਜ ਵੀਕਲੀ) ਦੁਸਹਿਰੇ ਦੀ ਛੁੱਟੀ ਹੋਣ ਕਰਕੇ ਅੱਜ ਸੱਤੀ ਦਿਨ ਚੜੇ ਹੀ ਉੱਠੀ ਤੇ ਅਜੇ ਚਾਹ ਬਣਾਉਣ ਲਈ ਰਸੋਈ ਵਿੱਚ ਜਾਣ ਹੀ ਲੱਗੀ ਕਿ ਫੋਨ ਦੀ ਘੰਟੀ ਸੁਣ ਫੋਨ ਚੱਕਿਆ “ਸ..ਸ..ਸੱਤੀ.. ਤੂੰ ਕੁਸ਼ ਸੁਣਿਆਂ ਆਪਣੀ ਬਲਵਿੰਦਰ ਬਾਰੇ. ..ਉਹਨੂੰ ਚਾਕੂ ਮਾਰ ਮਾਰ ਕੇ ਕਹਿੰਦੇ ਆ…ਮਾਰ ਈ ਦਿੱਤਾ…ਹਸਪਤਾਲ ਲੈ ਗੇ ਨੇ…”ਸੁਮਨ ਨੇ ਆਪਣੀ ਕਾਲਜ ਦੀ ਪੱਕੀ ਸਹੇਲੀ ਸੱਤੀ ਨੂੰ ਫੋਨ ਤੇ ਐਨਾ ਕੁੱਝ ਇਕਦਮ ਹੀ ਕਹਿ ਸੁਣਾਇਆ ਤਾਂ ਸੱਤੀ ਦੇ ਵੀ ਹੋਸ਼ ਹੀ ਉੱਡਗੇ|ਜਿਸ ਬਲਵਿੰਦਰ ਦੀ ਗੱਲ ਸੁਮਨ ਕਰ ਰਹੀ ਸੀ,ਉਹ ਉਸਦੀ ਤੇ ਸੁਮਨ ਦੀ ਬਹੁਤ ਵਧੀਆ ਸਹੇਲੀ ਸੀ |ਪੂਰੇ ਕਾਲਜ ਵਿੱਚ ਉਸਦੇ ਉੱਚ -ਚਰਿੱਤਰ ਦੀ ਪੂਰੀ ਧਾਂਕ ਸੀ,ਉਹ ਕਾਲਜ ਦੀ ਹੈੱਡ-ਗਰਲ ਦੀ ਚੋਣ ਜਿੱਤ ਚੁੱਕੀ ਸੀ |ਪੜ੍ਹਨ ਵਿੱਚ ਅਵੱਲ,ਖੇਡਾਂ ‘ਚ ਮੂਹਰੇ,ਗਿੱਧੇ ਦੀ ਕੈਪਟਨ ਤੇ ਸਭ ਦੀ ਚਹੇਤੀ ਮੰਨੀ ਹੋਈ ਸੀ |
ਸੱਤੀ ਨੇ ਫੇਰ ਸੁਮਨ ਨੂੰ ਪੁੱਛਿਆ,”ਸੁਮਨ ਕੀ ਕਹਿ ਰਹੀਂ ਐਂ ,ਦੁਪਹਿਰ ਨੂੰ ਤਾਂ ਆਪਾਂ ਕੱਠੀਆਂ ਆਈਆਂ ਕਾਲਜ ਤੋਂ,ਕੀ ਹੋਇਆ ਉਹਨੂੰ?” ਸੁਮਨ ਨੇ ਦੱਸਿਆ,”ਉਹ ਨਰਿੰਦਰ ਨੀਂ ਸੀ,ਜਿਹੜਾ ਭੈੜਾ ਜਿਹਾ ਨਸ਼ੇੜੀ ਇੱਕ ਨੰਬਰ ਦਾ,ਜਿਹੜਾ ਬਲਵਿੰਦਰ ਨੂੰ ਦੋਸਤੀ ਕਰਨ ਲਈ ਕਹਿੰਦਾ ਸੀ,ਇਹ ਤਾਂ ਆਪਾਂ ਨੂੰ ਵੀ ਪਤੈ |” ਸੱਤੀ ਬੋਲੀ, “ਪਰ ਬਲਵਿੰਦਰ ਨੇ ਤਾਂ ਉਹਨੂੰ ਮਨਾਂ ਕਰਤਾ ਸੀ ਤੇ ਪ੍ਰਿੰਸੀਪਲ ਸਰ ਕੋਲ ਸ਼ਿਕਾਇਤ ਵੀ ਕੀਤੀ ਸੀ ਪਿਛਲੇ ਮਹੀਨੇ” ਸੱਤੀ ਨੇ ਹੁੰਗਾਰਾ ਭਰਿਆ |”ਹਾਂ ਬੱਸ ਤਾਂਹੀ ਤਾਂ ਉਹ ਖ਼ਾਰ ਖਾ ਗਿਆ..ਤੇ ਅੱਜ ਸ਼ਾਮੀਂ ਜਦੋਂ ਬਲਵਿੰਦਰ ਆਪਣੀ ਮੰਮੀ ਨਾਲ਼ ਘਰੋਂ ਬਾਹਰ ਹੀ ਨਿਕਲੀ,ਕਹਿੰਦੇ ਨਰਿੰਦਰ ਨੇ ਆਪਣੇ ਕੁੱਝ ਸਾਥੀਆਂ ਨਾਲ਼ ਉਨ੍ਹਾਂ ਦਾ ਰਾਹ ਰੋਕ ਬਲਵਿੰਦਰ ਨੂੰ ਆਪਣੇ ਨਾਲ਼ ਵਿਆਹ ਕਰਾਉਣ ਦੀ ਧਮਕੀ ਦਿੱਤੀ,ਉਸ ਨੇ ਵਿਰੋਧ ਕੀਤਾ ਤਾਂ ਨਰਿੰਦਰ ਨੇ ਚਾਕੂ ਨਾਲ਼ ਕਿੰਨੇ ਹੀ ਵਾਰ ਕਰ ਦਿੱਤੇ ਬਲਵਿੰਦਰ ਦੇ,ਉਹਦੀ ਮੰਮੀ ਨੇ ਰੋਕਣਾ ਚਾਹਿਆ ਤਾਂ ਉਹਨੂੰ ਧੱਕਾ ਮਾਰ ਕੇ ਪਰ੍ਹੇ ਸੁੱਟ ਦਿੱਤਾ,ਕਹਿੰਦੇ ਨੇ ਬਲਵਿੰਦਰ ਤਾਂ ਲਹੂ ਨਾਲ਼ ਲੱਥਪੱਥ ਤੇ ਬੇਹੋਸ਼ ਸੀ,ਜਦ ਗਲੀ ਦੇ ਲੋਕ ਉਹਨੂੰ ਚੱਕ ਕੇ ਹਸਪਤਾਲ ਲਿਜਾ ਰਹੇ ਸਨ ਤਾਂ ਰਾਹ ਵਿੱਚ ਹੀ ਉਹ ਦਮ ਤੋੜ ਗੀ ਤੇ ਉਹਦੀ ਮੰਮੀ ਹਜੇ ਵੀ ਹਸਪਤਾਲ ਵਿੱਚ ਦਾਖਲ ਆ |” ਸੁਮਨ ਕਹਿੰਦੀ ਹੋਈ ਅੱਖਾਂ ਵਿੱਚ ਆਏ ਹੰਝੂ ਪੂੰਝਣ ਲੱਗੀ |
ਸੁਮਨ ਤੇ ਸੱਤੀ ਦੋਵੇਂ ਹੀ ਡਰੀਆਂ ਹੋਈਆਂ ਸੋਚ ਰਹੀਆਂ ਸਨ ਕਿ ਮਿੰਟਾਂ ‘ਚ ਹੀ ਬਲਵਿੰਦਰ ਵਰਗੀ ਦਲੇਰ ਕੁੜੀ ਨੂੰ ਵੀ ਵਹਿਸ਼ੀ ਦਰਿੰਦਿਆਂ ਨੇ ਲਾਸ਼ ਬਣਾ ਧਰਿਆ, ਉਸਦਾ ਭਲਾ ਕੀ ਕਸੂਰ ਸੀ…ਕੀ ਇਹ ਜਾਲਮ ਏਸੇ ਤਰ੍ਹਾਂ ਆਪਣੀ ਦਹਿਸ਼ਤ ਫੈਲਾਉਂਦੇ ਹੀ ਰਹਿਣਗੇ ਸਦਾ?ਕੀ ਕੁੜੀਆਂ ਹੋਣਾ ਹੀ ਕਸੂਰ ਹੈ ਸਾਡਾ?ਏਹ ਦਰਿੰਦੇ ਤਾਂ ਖੁਲੇਆਮ ਗੁੰਡਾਗਰਦੀ ਦਾ ਗੰਦਾ ਤਾਂਡਵ ਨਾਚ ਨੱਚਦੇ ਫਿਰਦੇ ਨੇ,ਮਾਸੂਮ ਕੁੜੀਆਂ ਨਾਲ਼ ਕਦੇ ਬਲਾਤਕਾਰ ਕਰਦੇ ,ਕਦੇ ਤੇਜ਼ਾਬ ਪਾ ਸਾੜਦੇ ਤੇ ਕਦੇ ਜਾਨੋਂ ਹੀ ਮਾਰ ਮੁਕਾਉਂਦੇ ਹਨ |ਅੱਜ ਦੇ ਰਾਵਣ ਤਾਂ ਖੁੱਲ੍ਹੇਆਮ ਦਰਿੰਦਗੀ ਦਾ ਨੰਗਾ ਨਾਚ ਨੱਚਦੇ ਫਿਰਦੇ ਨੇ ਤੇ ਸਾਡਾ ਸਮਾਜ ਅੱਜ ਤੱਕ ਵੀ ਉਸ ਸਤਿਯੁਗੀ ਰਾਵਣ ਦੇ ਪੁਤਲੇ ਸਾੜ ਕੇ ਬਦੀ ਉੱਪਰ ਨੇਕੀ ਦੀ ਜਿੱਤ ਦਾ ਖੋਖਲਾ ਢੰਡੋਰਾ ਪਿੱਟਦਾ ਫਿਰਦਾ,ਉਸ ਰਾਵਣ ਨੇ ਤਾਂ ਸੀਤਾਹਰਨ ਕਰਕੇ ਵੀ ਮਾਤਾ ਦੀ ਇੱਜ਼ਤ ਤਾਰੋ ਤਾਰ ਨਹੀਂ ਸੀ ਕੀਤੀ, ਪਰ ਅੱਜ ਤਾਂ ਕੁੜੀਆਂ ਆਪਣੇ ਆਜ਼ਾਦ ਦੇਸ਼ ਵਿੱਚ ਵੀ ਸੁਰੱਖਿਅਤ ਨਹੀਂ|
ਬੀਨਾ ਬਾਵਾ,ਲੁਧਿਆਣਾ