ਪੈਤੀਨਾਮਾ
ਊੜਾ ਉਠ ਜਾਗ ਕਿਰਤੀਆ ਓ
ਜਾਗਣ ਦਾ ਵੇਲਾ
ਊੜੇ ਦੀਆਂ ਕਰਾਮਾਤਾਂ!ਸੱਤਾ ਦੀਆਂ ਚਲਾਕੀਆਂ !
(ਸਮਾਜ ਵੀਕਲੀ) ਜਿਵੇਂ ਮਾਂ ਸਭ ਨੂੰ ਪਿਆਰੀ ਹੁੰਦੀ ਹੈ ਤੇ ਮਾਂ ਨੂੰ ਧੀਆਂ ਪੁੱਤ ਪਿਆਰੇ ਹੁੰਦੇ ਹਨ । ਪਸ਼ੂ ਤੇ ਪੰਛੀ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ । ਪੰਛੀ ਕਦੇ ਵੀ ਆਪਣੀ ਬੋਲੀ ਨਹੀਂ ਛੱਡਦੇ ਜਦ ਤੱਕ ਉਹ ਕਿਸੇ ਮਨੁੱਖ ਦੇ ਗੁਲਾਮ ਨਾ ਹੋਣ ਪਰ ਬੰਦਾ ਖੁੱਦ ਗੁਲਾਮੀ ਦੀ ਪੰਜਾਲੀ ਗਲ਼ ਵਿੱਚ ਪਾ ਕੇ ਖੁਸ਼ ਹੁੰਦਾ ਹੈ । ਆਪਣੀ ਮਾਂ ਬੋਲੀ ਛੱਡਕੇ ਦੂਜੀ ਬੋਲੀ ਬੋਲਣ ਲੱਗ ਪੈਂਦਾ ਹੈ । ਰਸੂਲ ਹਮਜਾਤੋਵ ਰਸ਼ੀਅਨ ਦਾਰਸ਼ਨਿਕ ਹੈ; ਉਹ ਆਪਣੀ ਜਗਤ ਪ੍ਰਸਿੱਧ ਪੁਸਤਕ ; ਮੇਰਾ ਦਾਗਸਿਤਾਨ ‘ ਦੇ ਵਿੱਚ ਲਿਖਦਾ ਹੈ ਕਿ ਜਦ ਸਾਡੇ ਕਿਸੇ ਨੂੰ ਬਦ ਦੁਆ ਦੇਣੀ ਹੋਵੇ ਤਾਂ ਕਹਿੰਦੇ ਹਨ ਕਿ ” ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ !” ਹੁਣ ਜੋ ਗੱਲ ਮੈਂ ਕਰ ਰਿਹਾ ਹਾਂ ਇਸਦੀ ਸਮਝ ਸਭ ਨੂੰ ਹੈ ਪਰ ਤੋਂ ਬਾਅਦ ਚੁੱਪ ਹੈ; ਬਸ ਇਹੋ ਹੀ ਦੁੱਖ ਹੈ ਕਿ ਅਸੀਂ ਪਦਾਰਥਵਾਦ ਨਾਲ ਜੁੜ ਕੇ ਮਨੁੱਖਤਾ ਤੇ ਜੜ੍ਹਾਂ ਨੂੰ ਭੁੱਲ ਗਏ ਹਾਂ; ਪਦਾਰਥਾਂ ਤੇ ਐਸ਼ਪ੍ਰਸ਼ਤੀ ਦੇ ਗੁਲਾਮ ਬਣ ਗਏ ਹਾਂ । ਪਰਵਾਸੀਆਂ ਦੀ ਦੂਜੀ ਪੀੜ੍ਹੀ ਰੋਦੀ ਹੈ ਕਿ ਅਸੀਂ ਮਾਇਆ ਬਹੁਤ ਕਮਾ ਲਈ ਤੇ ਮਹਿਲ ਬਣਾ ਲਏ ਪਰ ਬੱਚੇ ਤੇ ਮਾਂ ਬੋਲੀ ਪੰਜਾਬੀ ਗੁਆ ਲਈ । ਖੈਰ ਇਸ ਵਾਰੇ ਕਦੇ ਫੇਰ ਸਹੀ। ਗੱਲ ਤਾਂ ਇਸ਼ਾਰੇ ਨੂੰ ਸਮਝਣ ਦੀ ਹੈ ਪਰ ਅਸੀਂ ਕਿੱਥੇ ਸਮਝਦੇ ਹਾਂ; ਜਿਵੇਂ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਪਰ ਅਸੀਂ ਤਾਂ ਕੀ ਚੱਟ ਕੇ ਮੁੜਾਂਗੇ ਜਾ ਨਹੀਂ ? ਬਾਬਾ ਇਲਤੀ ਸਮਝ ਗਿਆ ਹੈ ਪਰ ਤੁਸੀਂ ਨਹੀਂ ਸਮਝੇ ? ਤੁਹਾਨੂੰ ਕਦੋਂ ਸਮਝ ਆਵੇਗੀ ਵੀ ਕਿ ਨਹੀਂ ?? ਕੋਈ ਦੱਸ ਸਕਦਾ ਹੈ ?
ਊੜਾ, ਊ ਊ ਓ ਓਓ ਊ ਊ
ਊੜੇ ਦੀਏ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਸਮਝੇ ! ਜਦੋਂ ਸੱਤਾ ਆਪਣਾ ‘ਉੱਲੂ ਸਿੱਧਾ’ ਕਰਨ ਲੱਗ ਪਏ ਤਾਂ ਆਮ ਲੋਕਾਂ ਦੇ ਘਰਾਂ ਵਿੱਚ ‘ਉੱਲੂ ਬੋਲਣ’ ਲੱਗ ਪੈਂਦੇ ਹਨ। ਪੰਜਾਬ ਦੇ ਬਹੁਗਿਣਤੀ ਘਰਾਂ ਵਿੱਚ ਹੁਣ ਉਲੂ ਹੀ ਨਹੀਂ ਬੋਲਦੇ ਚੰਮ ਗਿੱਦੜਾਂ ਪੁੱਠੀਆਂ ਲਟਕਦੀਆਂ ਹਨ । ਵੱਡੇ ਬਨਣ ਦੀ ਭੁੱਖ ਨੇ ਲੋਕਾਂ ਦੇ ਅੰਦਰ ਲਾਲਚ ਪੈਦਾ ਕਰ ਦਿੱਤਾ। ਮਨੁੱਖ ਦੀ ਹਾਲਤ ਲਾਲਚੀ ਕੁੱਤੇ ਵਰਗੀ ਹੋ ਗਈ ਹੈ । ਉਹ ਕੋਲ ਜੋ ਹੈ ਉਹ ਵੀ ਗਵਾ ਬਹਿ ਜਾਂਦਾ ਹੈ ਫੇਰ ਊਚੀ ੨ ਰੋਂਦਾ ਹੈ। ਰੋਣ ਨਾਲ ਮਸਲੇ ਹਲ ਨਹੀਂ ਹੁੰਦੇ। ਲੋਕ ਉਚਾ-ਨੀਵਾਂ ਥਾਂ ਵੇਖਦੇ ਹੋਏ ਉੱਚੇ ਦੁਆਰੇ ਲੱਭਣ ਲੱਗਦੇ ਹਨ। ਸਿਆਸੀ ਆਗੂ ਜਦੋਂ “ਊਟ-ਪਟਾਂਗ” ਗੱਲਾਂ ਮਾਰਨ ਲੱਗ ਜਾਣ ਤਾਂ ਲੋਕ ਉਜਾੜ ਮੱਲਣ ਤੁਰ ਪੈਂਦੇ ਹਨ। ਜਿਹੜੇ “ਉੱਚਾ ਝਾਕਣ “ਲੱਗਦੇ ਹਨ, ਉਨ੍ਹਾਂ ਨੂੰ “ਉੱਡਦੇ ਸੱਪ ਕੀਲਣੇ” ਮੁਸ਼ਕਿਲ ਹੋ ਜਾਂਦੇ ਹਨ। ਜਿਹੜੇ ਹਰ ਕੰਮ ਲਈ “ਉੱਡ ਉੱਡ ਪੈਣ” ਉਹ “ਉਤਲੇ ਮੂੰਹੋਂ “ਤੇਰਾ ਤੇਰਾ ਕਹਿਣ ਦੇ ਆਦੀ ਬਣ ਜਾਂਦੇ ਹਨ ਪਰ ਲੋਕ ਵੀ ਉਹਨਾਂ ਨੂੰ ਉਡਣ ਜੋਗਾ ਨਹੀਂ ਛੱਡਦੇ। ਉਨ੍ਹਾਂ ਦੇ ਪਰ ਕੱਟ ਦੇਦੇ ਹਨ; ਤੇ ਉਨ੍ਹਾਂ ਨੂੰ ਅਜ਼ਾਦ ਕਰ ਦੇਦੇ ਹਨ । ਜਿਹੜੇ ਐਂਵੇ ਹੀ ਹਰ ਕਿਸੇ ਦੇ ਉੱਤੇ ਚੜਣ ਦੀ ਹਿਮਾਕਤ ਕਰਦੇ ਹਨ, ਉਨ੍ਹਾਂ ਦੀ ਕੋਈ ਉਂਗਲ ਨਹੀਂ ਫੜਦਾ। ਜਿਹੜੇ ਹਰ ਕਿਸੇ ਦੇ ਨਾਲ ਉਸਤਾਦੀ ਕਰਨ ਲੱਗ ਪੈਣੇ ਉਹਨਾਂ ਨੂੰ ਇੱਕ ਦਿਨ “ਉਂਗਲਾਂ ਟੁੱਕਣੀਆਂ” ਪੈਂਦੀਆਂ ਹਨ, ਫੇਰ ਉਹਨਾਂ ਦੀ ਕੋਈ “ਉੱਘ ਸੁੱਘ” ਨਹੀਂ ਲੱਗਦੀ। ਉਹ ਸੰਸਾਰ ਵਿੱਚ ਗੁਆਚ ਜਾਂਦੇ ਹਨ। ਜਿਨ੍ਹਾਂ ਦੇ ਮਨਾਂ ਵਿੱਚ ਸੁਪਨੇ “ਉਸਲਵੱਟੇ ਭੰਨਣ ” ਲੱਗ ਪੈਣ, ਉਨ੍ਹਾਂ ਨੂੰ ਹਰ ਕੰਮ ਲਈ ਫੇਰ “ਉੱਖਲੀ ਵਿੱਚ ਸਿਰ ਦੇਣਾ” ਪੈਂਦਾ ਹੈ। ਜਦੋਂ ਕਿਸੇ ਨੂੰ ਕੋਈ “ਉਲਟੀ ਪੱਟੀ ਪੜ੍ਹਾਉਣ ” ਲੱਗ ਪਵੇ ਤਾਂ ਲੋਕ ਉਸ ਉੱਪਰ “ਉਂਗਲਾਂ ਕਰਨ” ਲੱਗ ਪੈਂਦੇ ਹਨ। ਉਹ ਸਦਾ “ਉੱਖੜੇ-ਉੱਖੜੇ” ਰਹਿਣ ਕਰਕੇ ਫੇਰ ਉਨ੍ਹਾਂ ਦੇ ਮੂੰਹ ‘ਤੇ ਉਦਾਸੀ ਸਦਾ ਹੀ ਛਾਈ ਰਹਿੰਦੀ ਹੈ। ਜਿਨ੍ਹਾਂ ਨੂੰ “ਉਧਾਰ ਖਾਣ ਦੀ ਆਦਤ” ਪੈ ਜਾਵੇ, ਉਹ ਹਮੇਸ਼ਾ “ਉਧੇੜ ਬੁਣ” ਕਰਦੇ ਰਹਿੰਦੇ ਹਨ। ਜਿਹੜੇ “ਰਸ ਚੂਸ ਕੇ ਉਡ ਜਾਣ” ਫੇਰ ਉਨ੍ਹਾਂ ਦੇ ਲਈ ਕੋਈ “ਉਡ ਉਡ ਨਹੀਂ ਪੈਂਦਾ”। ਫਿਰ ਇਹੋ ਜਿਹਿਆਂ ਨੂੰ ਉਚਾ ਸੁਨਣ ਲੱਗਦਾ ਹੈ। ਜਦੋਂ ਬੰਦਿਆ ਦਾ ਉਮਰ ਕੱਟਣ ਦਾ ਸੁਭਾਅ ਬਣ ਜਾਂਦਾ ਹੈ ਤਾਂ ਫਿਰ ਉਨ੍ਹਾਂ ਦੇ ਲਈ “ਉਲਝੀ ਤਾਣੀ” ਸੁਲਝਾਉਣੀ ਔਖੀ ਹੋ ਜਾਂਦੀ ਹੈ। ਫਿਰ ਉਸ ਨੂੰ ਸਮਾਂ -ਉਲਟੇ ਛੁਰੇ ਨਾਲ ਮੁੰਨਣਾ ਸ਼ੁਰੂ ਕਰ ਦਿੰਦਾ ਹੈ ਤੇ ਉਸ ਨੂੰ “ਉਲਟੇ ਪੈਰੀਂ ” ਵਾਪਸ ਜਾਣਾ ਪੈਂਦਾ ਹੈ, ਪਰ ਹਰ ਵੇਲੇ ਕਿਸੇ ਨੂੰ ਉਲੂ ਬਣਾਇਆ ਨਹੀਂ ਜਾ ਸਕਦਾ। ਜਦੋਂ ਕੋਈ “ਊਚ-ਨੀਚ” ਵਿਚਾਰਨਾ ਭੁੱਲ ਜਾਵੇ ਤਾਂ ਉਸ ਦੇ ਆਲੇ ਦੁਆਲੇ “ਉਲਟੀ ਹਵਾ ” ਚੱਲ ਪੈਂਦੀ ਹੈ। ਜਦੋਂ ਕੋਈ ਹਰ ਕਿਸੇ ਨਾਲ ਉਲਝ ਪੈਣ ਦੀ ਆਦਤ ਬਣਾ ਲਵੇ, ਉਹ ਛੇਤੀ ਹੀ ਕੈਨਵਸ ਤੋਂ ਓਹਲੇ ਹੋ ਜਾਂਦਾ ਹੈ। ਫੇਰ ਦੁਆਰਾ “ਓਹੜ-ਪੋਹੜ” ਕਰਨ ਲਈ ਵਰੇ ਲੱਗ ਜਾਂਦੇ ਹਨ। ਉਸ ਦੀ ਹਾਲਤ ਊਠ ਵਰਗੀ ਬਣ ਜਾਂਦੀ ਹੈ; ਉਹ ਲੋਕਾਂ ਵੱਲ ਮੂੰਹ ਚੁੱਕਦਾ ਹੈ ਪਰ ਲੋਕ ਉਸ ਨੂੰ ਓਪਰੀ ਨਜ਼ਰ ਦਾ ਨਾਲ ਵੀ ਨੀਂ ਵੇਖਦੇ। ਜਦੋਂ ਊੜਾ ਐੜਾ ਨਾ ਜਾਨਣ ਵਾਲੇ ਸਮਾਜ ਦੇ ਚੌਧਰੀ ਬਣ ਜਾਣ ਫੇਰ ਉਨ੍ਹਾਂ ਦੇ ‘ਉਡਦਾ ਛਾਪਾ’ ਵੀ ਗਲੇ ਆ ਲੱਗਦਾ ਹੈ। ਫੇਰ ਉਹਦੀ ਉਤੋਂ ਦੀ ਪੈਣ ਦੀ ਰੀਤ ਨੂੰ ਉਠਾਲਾ ਕਰਨਾ ਪੈਂਦਾ ਹੈ ਤੇ ਕੋਈ ਉਨ੍ਹਾਂ ਦੀ “ਉਂਗਲ ਤੇ ਮੂਤ” ਨਹੀਂ ਕਰਦਾ। ਜਿਹੜੇ ਆਪਣੇ ਆਪ ਨੂੰ ਉਸਤਾਦ ਮੰਨਣ ਦਾ ਭਰਮ ਪਾ ਲੈਂਦੇ ਹਨ, ਉਹ “ਉਚਾ-ਨੀਵਾਂ” ਬੋਲਣ ਲੱਗੇ ਥਾਂ-ਕੁ-ਥਾਂ ਨਹੀਂ ਦੇਖਦੇ। ਇਹੋ ਜਿਹਾ ਜਦੋਂ ਲੋਕ ਉਧਾਰ ਵਿਆਜ਼ ਸਮੇਤ ਮੋੜਦੇ ਹਨ ਤਾਂ ਉਹ ਉਪਰ ਦੇਖਣਾ ਹੀ ਭੁੱਲ ਜਾਂਦੇ ਹਨ।ਭਾਵੇਂ ਹਰ ਵੇਲੇ “ਉਲੂ ਸਿੱਧਾ ” ਨਹੀਂ ਹੁੰਦਾ, ਪਰ ” ਉੱਲੂ ਬਨਾਉਣ ” ਵਾਲੇ ਜਦੋਂ “ਉਸਤਾਦੀ ਘੋਟਣ” ਲੱਗਦੇ ਹਨ ਤਾਂ ਲੋਕ ਉਸ ਨੂੰ “ਨਜ਼ਰ ਅੰਦਾਜ਼ ” ਕਰਨ ਲੱਗਦੇ ਹਨ। ‘ਉਂਗਲਾਂ’ ਤੇ ਨੱਚਣਾ ਤੇ ਨਚਾਉਣਾ ਔਖਾ ਹੁੰਦਾ ਹੈ। ਜਦੋਂ ਸੱਤਾ “ਉਜਾੜ ਭਾਲਣ” ਦੇ ਰਸਤੇ ਤੁਰਦਿਆਂ ਵਿਕਾਸ ਦੀਆਂ ਗੱਲਾਂ ਕਰਦੀ ਹੈ ਤਾਂ “ਉਲਟੀ ਗੰਗਾ ਪਹੇਵੇ” ਵੱਲ ਨੂੰ ਤੁਰਨ ਲੱਗਦੀ ਹੈ, ਇਨ੍ਹਾਂ ਸਮਿਆਂ ਵਿਚ ਜਦੋਂ ਸ਼ਬਦਾਂ ਦੇ ਖਿਡਾਰੀ ਸ਼ਬਦਾਂ ਦੀਆਂ ਬੁੱਚੀਆਂ ਪਾਉਣ ਦੇ ਲਈ ਮਦਾਰੀ ਬਣ ਜਾਣ ਤਾਂ ਆਮ ਲੋਕਾਂ ਦੇ ਪੱਲੇ ਕੱਖ ਨਹੀਂ ਪੈਂਦਾ। ਬਹੁਗਿਣਤੀ ਲੇਖਕ ਸ਼ਬਦਾਂ ਦੇ ਮਦਾਰੀ ਬਣ ਗਏ ਹਨ ਤੇ ਕੁੱਝ ਵੱਡੇ ਲੇਖਕ ਸੱਤਾ ਦੇ ਗੁਲਾਮ ਹੋ ਗਏ ਹਨ ।ਲੋਕ “ਪੱਲੇ ਝਾੜਦੇ ” ਤੇ “ਊਠ ਦੇ ਡਿੱਗਦੇ ਬੁੱਲ” ਵਾਂਗ ਮਗਰ ਮਗਰ ਤੁਰਦੇ ਖਾਲੀ ਹੱਥ ਘਰਾਂ ਨੂੰ ਪਰਤ ਆਉਂਦੇ ਹਨ। ਕਈ ਵਾਰ ਘਰਾਂ ਨੂੰ ਮੁੜਨਾ ਔਖਾ ਹੁੰਦਾ ਹੈ ਪਰ ਘਰ ਆਏ ਨੂੰ ਕਦੇ ਦੁਰਕਾਰਦੇ ਨਹੀਂ। ਘਰ ਹਮੇਸ਼ਾਂ ਬਾਹਰ ਗਿਆਂ ਦੀ ਉਡੀਕ ਵਿੱਚ ਦਰਵਾਜ਼ੇ ਖੁੱਲੇ ਰੱਖਦੇ ਹਨ। ਘਰ ਮਨੁੱਖ ਦੀ ਪਨਾਹਗਾਹ ਹੀ ਨਹੀਂ, ਸੁਪਨਿਆਂ ਦਾ ਮਹਿਲ ਵੀ ਹੁੰਦਾ ਹੈ ਪਰ ਸੁਪਨਿਆਂ ਨੂੰ ਪੂਰੇ ਕੋਈ ਹੀ ਕਰਦਾ ਹੈ।ਜਦੋਂ ਢਿੱਡ ਰੋਟੀ ਦੀ ਭਾਲ ਲਈ ਪਰਵਾਸ ਕਰਦਾ ਹੈ ਤਾਂ ਘਰ ਉਦਾਸ ਹੀ ਨਹੀਂ ਹੁੰਦੇ, ਸਗੋਂ ਚੁੱਪ ਦੀ ਗੁਫਾ ਬਣ ਜਾਂਦੇ ਹਨ ਪਰ ਜਦੋਂ ਪਰਵਾਸੀਆਂ ਦੀ ਮੋਹ ਭਰੀਆਂ ਖ਼ਬਰਾਂ ਦੀ ਵਜਾਏ ਮਾੜੀਆਂ ਖ਼ਬਰਾਂ ਆਉਣ ਤਾਂ ਘਰ ਭੁੱਬਾਂ ਮਾਰ ਕੇ ਰੋਂਦੇ ਹਨ। ਘਰਾਂ ਵਿੱਚ ” ਭੁੱਜਦੀ ਭੰਗ” ਵੀ, ਚੁਗਲੀਆਂ ਕਰਦੀ ਹੋਈ ਨਹੀਸਤਾਂ ਦੇਣ ਲੱਗਦੀ ਹੈ। ਉਲਟੀ ਪੁਲਟੀ” ਗੱਲ ਹੁਣ ਕਰਨੀ ਜਿੰਨੀ ਔਖੀ ਹੈ ਤੇ ਉਸ ਤੋਂ ਔਖੀ ਹਜ਼ਮ ਕਰਨੀ ਹੁੰਦੀ ਹੈ। ਕਿਉਂਕਿ ਹੁਣ ਹਰਿਕ ਦਾ “ਹਾਜ਼ਮਾ ਠੀਕ ਨਹੀਂ ਹੁੰਦਾ ਉਹ ਜਲਦੀ ਉਲਟੀ ਜਾ ਚੁਗਲੀ ਕਰਨ ਲੱਗਦਾ ਹੈ।” ਸ਼ਬਦਾਂ ਦੇ ‘ਲਿਖਾਰੀ’ ਹੁਣ ‘ਵਪਾਰੀ’ ਬਣ ਗਏ ਹਨ। ਇਸੇ ਕਰਕੇ ਊੜਾ ਪੁਕਾਰ ਰਿਹਾ ਹੈ, ਕੋਈ ਤਾਂ ਉਸ ਦੀ ਆਵਾਜ਼ ਸੁਣੋ। ਊੜੇ ਨੂੰ ਅਸੀਂ ਘਰਾਂ ਵਿੱਚੋਂ ਕੱਢ ਕੇ ‘ਅੰਗਰੇਜ਼ੀ’ ਨੂੰ ਆਪਣੀ ਰਖੇਲ ਬਣਾ ਲਿਆ ਹੈ।ਹੁਣ ਵਿਚਾਰਾ ਊੜਾ ਕਰੇ ਤਾਂ ਕੀ ਕਰੇ ? ਊੜੇ ਦੀਆਂ ਪੈਂਦੀਆਂ ਚੀਕਾਂ ਕੌਨਵੈਂਟ ਸਕੂਲਾਂ, ਸਰਕਾਰੀ ਤੇ ਗੈਰ ਸਰਕਾਰੀ ਦਫਤਰਾਂ ਵਿਚ ਸੁਣੀਆਂ ਜਾ ਸਕਦੀਆਂ ਹਨ। ਕੀ ਤੁਹਾਨੂੰ ਸੁਣਦੀਆਂ ਹਨ ? ਪਰ ਊੜੇ ਦਾ ਕੋਈ ਵਾਲੀ ਵਾਰਿਸ ਨਹੀਂ । ਸਾਹਿਤਕਾਰ ਤੇ ਸਾਹਿਤਕ ਸੰਸਥਾਵਾਂ ਇਸ ਦੇ ਨਾਂ ‘ਤੇ ਰੋਟੀਆਂ ਸੇਕਦੀਆਂ ਹਨ ਪਰ ਊੜੇ ਦੀ ਕੋਈ ਨੀ ਸੁਣਦਾ ਇਸੇ ਕਰਕੇ ਹੀ ਇਹ ਅਪਣੇ ਹੀ ਘਰ ਵਿੱਚ ਪਰਾਇਆ ਹੋ ਗਿਆ ਹੈ। ਇਸਨੂੰ ਆਪਣਾ ਘਰ ਕਦੋਂ ਮਿਲੇਗਾ ? ਆਪਾਂ ਕੀ ਲੈਣਾ ਵਾਲੀ ਸੋਚ ਬਣ ਗਈ ਹੈ। ਨੌਕਰੀ ਸਰਕਾਰੀ ਤੇ ਪੁੱਤਰ-ਪੁੱਤਰੀ ਕੌਨਵੈਟਾ ਸਕੂਲਾਂ ਦੇ ਵਿੱਚ ਤੋਰ ਕੇ ਪੰਜਾਬੀ ਮਾਤ ਭਾਸ਼ਾ ਦੇ ਸੱਥਰ ਉਤੇ ਜਾ ਕੇ ਫੇਰ ਬਹਿ ਕੇ ਗੱਲਾਂ ਕਰਦੇ ਹਾਂ ! ਮਾਂ ਬੋਲੀ ਪੰਜਾਬੀ ਮਰ ਰਹੀ ਹੈ , ਵਾਹ ਪਿਆਰਿਓ ! ਇਉਂ ਵੀ ਹੁੰਦਾ ਹੈ ਕਿ; ” ਅਸੀਂ ਵੀ ਜੁਆਕ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤੇ ਪਰ ਪੜ੍ਹਨਗੇ ਕੌਨਵੈਟ ਸਕੂਲ ਦੇ ਵਿੱਚ ਨਾਲੇ ਪੁੰਨ ਤੇ ਫਲੀਆਂ ! ਯਾਰ ਬੱਚਿਆਂ ਦਾ ਭਵਿੱਖ ਨਹੀਂ ਤਬਾਹ ਕਰ ਸਕਦੇ।” ਆ ਪਿਛਲੇ ਹਫਤੇ ਬਹੁਤ ਡਰਾਮੇ, ਨਾਟਕ, ਮਾਰਚ, ਗੋਸ਼ਟੀਆਂ ਤੇ ਸੈਮੀਨਾਰ ਹੋਏ ਹਨ। ਚਾਲੀ ਸਾਲ ਤੋਂ ਬਹੁਤ ਨੇੜੇ ਤੋਂ ਦੇਖ ਰਿਹਾ ਹਾਂ । ਹੋਰ ਸੁਣੋ ਇਕ ਵੱਡੇ ਲੇਖਕ ਦਾ ਵੱਡਾ ਮੁੰਡਾ ਹੈ ਵੀ ਵੱਡਾ ਅਫਸਰ ਜਿਸਨੂੰ ਪੰਜਾਬੀ ਨਹੀਂ ਲਿਖਣੀ ਆਉਦੀ। ਉਹ ਸਰਕਾਰੀ ਰੇਡੀਓ ਹੈ ਖਬਰਚੀ; ਹੈ ਨਾ ਕਮਾਲ; ਹੈ ਵੀ ਉਸ ਮਹਿਕਮੇ ਵਿੱਚ ਜਿਹੜਾ ਪੰਜਾਬੀ ਦਾ ਮੁਦਈ ਹੈ । ਬੁੱਝੋ ਕੌਣ ਹੈ ?ਫੇਰ ਆਖਦੇ ਹਨ ਕਿ ਸਰਕਾਰ; ਸਰਕਾਰੀ ਸਕੂਲ ਖਤਮ ਕਰ ਰਹੀ ਹੈ .? ਜਦੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਹੀ ਨਹੀਂ ਕਰਵਾਉਣੀ ਫੇਰ ਕੀ ਲੋੜ ਹੈ ਸਰਕਾਰੀ ਸਕੂਲਾਂ ਦੀ ? ਹੈ ਕੋਈ ਜਵਾਬ ? ਸ਼ਾਬਸ਼ੇ ਉਸਤਾਦ ਜੀ ਤੇਰੀ ਉਸਤਾਦੀ ਦੇ; ਕੀ ਕਰੀਏ ਇਸ ਅਖੌਤੀ ਆਜ਼ਾਦੀ ਨੂੰ ?” ਅਖੇ ਫੇਰ ਕਹਿੰਦੇ ਬੁੱਧੂ ਬੋਲਦਾ ਹੈ । ਮੈਨੂੰ ਇਕ ਡਾਕਟਰ ਬਦਵਾਨ ਕਹਿੰਦਾ, ਇਹਨੂੰ ਪ੍ਰੋਫੈਸਰ ਨੀ ਕਹਿਣਾ ਆਉਂਦਾ, ਪਰੋਫੈਸਰ ਕਹਿੰਦਾ !” ਹੁਣ ਦੱਸੋ ਮੇਰੇ ਚੀਕਣ ਨਾਲ ਬੋਲੀ ਬਚ ਜੂ ? ਅਖੇ ਫੇਰ ਕਹਿੰਦੇ ਆ “ਬੂਟਾ ਗਾਲਾਂ ਕੱਢਦਾ ਆ, ਨਾ ਫੇਰ ਬੂਟਾ ਗਾਲਾਂ ਨੀ ਕੱਢੂ ਤਾਂ ਹੋਰ ਕੀ ਕਿਸੇ ਦੀ ….? ਊੜੇ ਨੂੰ ਹੁਣ ਤੱਕ ਸਾਨੂੰ ਊੜਾ ਉਲੂ ਹੀ ਪੜ੍ਹਾਇਆ ਹੈ। ਊੜਾ ਉਠ ਨਹੀਂ ਪੜ੍ਹਾਇਆ । ਜਦ ਸਾਨੂੰ ਊੜਾ ਉਲੂ ਹੀ ਪੜ੍ਹਾਉਣਾ ਤੇ ਬਣਾਉਣਾ ਹੈ ਫੇਰ ਦੱਸੋ ਸਾਡਾ ਉਲੂ ਕਦ ਸਿੱਧਾ ਹੋਵੇਗਾ ? ਕੀ ਕਰੀਏ ਹੁਣ ? ਪੈਤੀਨਾਮੇ ਨੂੰ ਹੁਣ ਜਾਗਦੇ ਅੱਖਰਾਂ ਨਾਲ ਪੜ੍ਹਾਓ !
ਤੁਸੀਂ ਕਦ ਆਖੋਗੇ ?
ਊੜਾ ਉਠ ਜਾਗ ਕਿਰਤੀਆ
ਉਠਣ ਦਾ ਵੇਲਾ
ਹੋਇਆ ਬਹੁਤ ਕੁਵੇਲਾ
ਜਾਗ ਜਾਗ !
ਊੜਾ ਕਹੇ ਉਠ
ਜ਼ੁਲਮੀ ਦੀ ਜੜ੍ਹਾਂ ਪੁਟ
ਉਠ …ਤੁਰ..ਜੁੜ…ਬੋਲ
ਯੋਧਿਓ ਗਾਂਧੀ ਗਿਰੀ ਤਿਆਗੋ,
ਜਾਗੋ ਜਾਗੋ !
ਊੜਾ ਊੜਾ ਫੜ ਜੁਲਮੀ ਦਾ ਜੂੜਾ
ਬੰਨ੍ਹ ਦੇ ਮੂੜਾ, ਕੱਢ ਦੇ ਮਨ ਵਿੱਚੋਂ ਕੂੜਾ ।
ਊੜਾ ਊੜਾ….!
₹
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly