ਸੰਗਰੂਰ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਅੱਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਮਹੀਨੇ ਨੂੰ ਸਮਰਿਪਤ ਸਮਾਗਮਾਂ ਦੇ ਪਲੇਠੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੇਖਕਾਂ ਨੂੰ ਕੋਈ ਕਿਰਾਇਆ-ਭਾੜਾ ਨੇ ਦਿੱਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪ੍ਰੈੱਸ ਦੇ ਨਾਂ ਜਾਰੀ ਆਪਣੇ ਬਿਆਨ ਵਿੱਚ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਉਹ ਆਪਣੇ ਤਿੰਨ ਸਾਹਿਤਕਾਰ ਸਾਥੀਆਂ ਰਜਿੰਦਰ ਸਿੰਘ ਰਾਜਨ. ਸੁਖਵਿੰਦਰ ਸਿੰਘ ਲੋਟੇ ਅਤੇ ਪਵਨ ਕੁਮਾਕ ਹੋਸ਼ੀ ਸਮੇਤ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਵਿਖੇ ਪਹੁੰਚੇ ਸਨ। ਸਮਾਗਮ ਵਿੱਚ ਬਹੁਤ ਸਾਰੇ ਲੇਖਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਲੰਬੇ ਸਮੇਂ ਤੋਂ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਲੇਖਕਾਂ ਨੂੰ ਦਿੱਤਾ ਜਾਣ ਵਾਲਾ ਕਿਰਾਇਆ-ਭਾੜਾ ਅਤੇ ਮਾਣ-ਭੱਤਾ ਸਭ ਕੁੱਝ ਹੀ ਇਸ ਵਾਰ ਬੰਦ ਕਰ ਦਿੱਤਾ ਗਿਆ ਹੈ। ਭਾਸ਼ਾ ਵਿਭਾਗ ਦੀ ਇਸ ਬੇਹੱਦ ਨਿੰਦਣਯੋਗ ਕਾਰਵਾਈ ਨਾਲ ਸਮੂਹ ਲੇਖਕ ਭਾਈਚਾਰੇ ਵਿੱਚ ਬੜਾ ਰੋਸ ਹੈ ਕਿਉਂਕਿ ਜਿਨ੍ਹਾਂ ਲੇਖਕਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ, ਉਨ੍ਹਾਂ ਨੂੰ ਕਿਰਾਇਆ-ਭਾੜਾ ਮੰਗਣ ਲਈ ਆਪਣੇ ਬੱਚਿਆਂ ਅੱਗੇ ਹੱਥ ਕਰਨੇ ਬੜੇ ਮੁਸ਼ਕਿਲ ਹਨ। ਇਸ ਵਾਰ ਦੇ ਸਮਾਗਮ ਵਿੱਚ ਲੇਖਕਾਂ ਦੀ ਬਹੁਤ ਹੀ ਘੱਟ ਹਾਜ਼ਰੀ ਹੋਣ ਦਾ ਕਾਰਨ ਵੀ ਇਹੋ ਹੀ ਹੈ ਕਿ ਬਹੁਤ ਸਾਰੇ ਲੇਖਕ ਕਿਰਾਏ-ਭਾੜੇ ਲਈ ਪੈਸੇ ਨਾ ਹੋਣ ਕਰਕੇ ਚਾਹੁੰਦੇ ਹੋਏ ਵੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਵਾਝੇ ਰਹਿ ਗਏ ਹਨ। ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਮਾਣਯੋਗ ਜਸਵੰਤ ਜ਼ਫ਼ਰ ਜੀ ਦੇ ਡਾਇਰੈਕਟਰ ਬਣਨ ਨਾਲ ਲੇਖਕਾਂ ਨੂੰ ਕੁੱਝ ਉਮੀਦ ਬਣੀ ਸੀ ਕਿ ਸ਼ਾਇਦ ਲੇਖਕਾਂ ਵਿੱਚੋਂ ਹੋਣ ਕਰਕੇ ਉਹ ਲੇਖਕਾਂ ਦੀਆਂ ਸਮੱਸਿਆਵਾਂ ਤੋਂ ਕੁੱਝ ਜਾਣੂ ਹੋਣਗੇ ਅਤੇ ਉਹ ਲੇਖਕਾਂ ਦੇ ਭਲੇ ਦਾ ਕੋਈ ਕਾਰਜ ਜ਼ਰੂਰ ਕਰਨਗੇ ਪਰ ਉਨ੍ਹਾਂ ਨੇ ਤਾਂ ਹਾਲਤ ਪਹਿਲਾਂ ਨਾਲੋਂ ਵੀ ਖਰਾਬ ਕਰ ਦਿੱਤੀ ਹੈ। ਜੇਕਰ ਇਹੋ ਹਾਲ ਰਿਹਾ ਤਾਂ ਭਾਸ਼ਾ ਵਿਭਾਗ ਦੇ ਆਉਣ ਵਾਲੇ ਸਮਾਗਮਾਂ ਵਿੱਚ ਵੀ ਲੇਖਕਾਂ ਨੇ ਸ਼ਾਮਲ ਨਹੀਂ ਹੋ ਸਕਣਾ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ, ਇਸ ਲਈ ਮਾਣਯੋਗ ਜਸਵੰਤ ਜ਼ਫ਼ਰ ਜੀ ਨੂੰ ਬੇਨਤੀ ਹੈ ਕਿ ਉਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੇਖਕਾਂ ਦੇ ਮਾਣ-ਸਨਮਾਨ ਦੀ ਰਵਾਇਤ ਨੂੰ ਮੁੜ ਬਹਾਲ ਕਰਨ ਬਾਰੇ ਸੋਚਣ ਦੀ ਖੋਚਲ ਕਰਨ, ਨਹੀਂ ਤਾਂ ਭਵਿੱਖ ਵਿੱਚ ਲਿਖੇ ਜਾਣ ਵਾਲੇ ਇਤਿਹਾਸ ਨੇ ਕਦੇ ਵੀ ਉਨ੍ਹਾਂ ਨੂੰ ਮਾਫ਼ ਨਹੀਂ ਕਰਨਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly