ਬਲਦੇਵ ਸਿੰਘ ਬੇਦੀ ਜਲੰਧਰ
(ਸਮਾਜ ਵੀਕਲੀ) ਸਿਆਲੀ ਰੁੱਤ ਦੀ ਸ਼ੁਰੂਆਤ ਨਾਲ ਹੀ ਪੰਜਾਬ ਦੇ ਘਰਾਂ ‘ਚ ਸਾਗ ਦੀ ਮਹਿਕ ਫੈਲ ਜਾਂਦੀ ਹੈ। ਹਰਿਆਲੀ ਨਾਲ ਭਰਪੂਰ ਇਹ ਸਾਗ ਸਿਰਫ਼ ਖਾਣ-ਪੀਣ ਦਾ ਹਿੱਸਾ ਹੀ ਨਹੀਂ ਹੁੰਦਾ, ਸਗੋਂ ਪੰਜਾਬੀ ਸੱਭਿਆਚਾਰ ਅਤੇ ਰਵਾਇਤਾਂ ਨਾਲ ਜੁੜਿਆ ਹੋਇਆ ਵੀ ਹੁੰਦਾਂ ਹੈ। ਸਾਗ ਦਾ ਕਬਜ਼ਾ ਪੰਜਾਬੀ ਰਸੋਈਆਂ ‘ਤੇ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਹਰੇਕ ਚੋਥੇ ਜਾਂ ਪੰਜਵੇਂ ਦਿਨ ਤਿਆਰ ਕੀਤਾ ਜਾਣ ਵਾਲਾ ਇਹ ਸਾਗ ਪਰਿਵਾਰਾਂ ਦਾ ਪਸੰਦੀਦਾ ਖਾਣਾ ਬਣ ਜਾਂਦਾ ਹੈ। ਮੱਕੀ ਦੀ ਰੋਟੀ ਦੇ ਨਾਲ ਸਾਗ ਖਾਣਾ ਸਿਰਫ਼ ਸਵਾਦ ਹੀ ਨਹੀਂ, ਸਿਹਤ ਲਈ ਵੀ ਲਾਭਕਾਰੀ ਹੁੰਦਾ ਹੈ।
ਸਿਆਲੀ ਰੁੱਤ ਦੇ ਸਾਗ ਵਿੱਚ ਪਾਲਕ, ਬਾਥੂ, ਚੌਲਾਈ, ਮੇਥੀ, ਅਤੇ ਗੰਦਲਾਂ ਵਾਲੇ ਪੱਤਿਆਂ ਦੀ ਮੁੱਖ ਰੂਪ ਵਿੱਚ ਵਰਤੋਂ ਹੁੰਦੀ ਹੈ। ਇਹ ਸਾਰੇ ਹਰਿਆਲੀ ਵਾਲੇ ਪੱਤੇ ਸ਼ਰੀਰ ਨੂੰ ਤੰਦਰੁਸਤ ਅਤੇ ਤਾਕਤਵਰ ਬਣਾਉਣ ਵਿੱਚ ਮਦਦ ਕਰਦੇ ਹਨ। ਮੱਕੀ ਦੀ ਰੋਟੀ ਅਤੇ ਤੜਕਾ ਲੱਗੇ ਸਾਗ ਨੂੰ ਮੱਖਣ ਪਾਕੇ ਖਾਣ ਦਾ ਸਵਾਦ ਖਾਦੀਆਂ ਹੀ ਪਤਾ ਲਗਦਾ। ਚੁੱਲ੍ਹੇ ਤੇ ਰਿਝਿਆ ਹੋਇਆ ਸਾਗ ਇਸ ਸਵਾਦ ਨੂੰ ਹੋਰ ਵੀ ਵਧਾ ਦਿੰਦਾ ਹੈ। ਇਹ ਭੋਜਨ ਨਾ ਸਿਰਫ਼ ਸਾਦਗੀ ਅਤੇ ਪ੍ਰੇਮ ਦਾ ਪ੍ਰਤੀਕ ਹੈ, ਸਗੋਂ ਮਹਿਮਾਨ-ਨਿਵਾਜੀ ਵਿੱਚ ਵੀ ਇੱਕ ਖਾਸ ਜਗ੍ਹਾ ਬਣਾਈ ਰੱਖਦਾ ਹੈ।
ਇਸ ਹਰਿਆਲੇ ਭੋਜਨ ਦਾ ਸਿਰਫ਼ ਘਰਾਂ ਵਿੱਚ ਨਹੀਂ, ਬਲਕਿ ਬਾਹਰ ਵੀ ਇੱਕ ਵੱਡਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਜਿੱਥੇ ਪਿੰਡਾਂ ਦੀਆਂ ਔਰਤਾਂ ਲਈ ਹਰੇ-ਭਰੇ ਖੇਤਾਂ ਵਿੱਚੋ ਮੋਟੀਆ-ਮੋਟੀਆ ਗੰਦਲਾਂ ਵਾਲਾ ਸਾਗ ਆਪਣੇ ਹੱਥੀ ਤੋੜਨਾ ਇੱਕ ਆਮ ਗੱਲ ਹੈ। ਉੱਥੇ ਹੀ ਦੂਜੇ ਪਾਸੇ, ਸ਼ਹਿਰਾ ਦੀਆਂ ਔਰਤਾਂ ਇਸ ਤਜਰਬੇ ਤੋਂ ਵਾਂਝੀਆਂ ਰਹਿੰਦੀਆਂ ਹਨ। ਉਹਨਾਂ ਲਈ ਇਹ ਸੌਖਾ ਨਹੀਂ ਹੁੰਦਾ ਕਿ ਉਹ ਖੇਤਾਂ ਵਿੱਚ ਜਾ ਕੇ ਤਾਜ਼ਾ ਸਾਗ ਤੋੜਕੇ ਲਿਆ ਸਕਣ। ਇਸ ਲਈ ਸ਼ਹਿਰਾਂ ਦੇ ਮੌੜਾਂ ਤੇ ਅਕਸਰ ਵੇਖਿਆ ਜਾਂਦਾ ਹੈ ਕਿ ਸਾਗ ਵੇਚਣ ਵਾਲੀਆਂ ਔਰਤਾਂ ਛੋਟੇ ਟੋਕੇ ਨਾਲ ਸਾਗ ਕੱਟ ਕੇ ਗਾਹਕਾਂ ਨੂੰ ਵੇਚ ਰਹੀਆਂ ਹੁੰਦੀਆਂ ਹਨ। ਇਸ ਕਿੱਤੇ ਨਾਲ ਉਹ ਸਿਰਫ਼ ਪੈਸਾ ਹੀ ਨਹੀਂ ਕਮਾਉਂਦੀਆਂ, ਸਗੋਂ ਸ਼ਹਿਰ ਦੇ ਲੋਕਾਂ ਲਈ ਸੌਖਾ ਅਤੇ ਤਾਜ਼ਾ ਸਾਗ ਉਪਲਬਧ ਕਰਵਾਉਣ ਦਾ ਮੱਹਤਵਪੂਰਣ ਕੰਮ ਵੀ ਕਰਦੀਆਂ ਹਨ। ਇਹ ਰੋਜ਼ਗਾਰ ਖਾਸ ਕਰਕੇ ਔਰਤਾਂ ਲਈ ਇੱਕ ਵੱਡਾ ਸਾਧਨ ਬਣ ਗਿਆ ਹੈ, ਜੋ ਘਰੇਲੂ ਖਰਚੇ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ। ਇਸ ਤਰ੍ਹਾਂ ਮੌਸਮ ਦੇ ਨਾਲ ਹੀ ਸਾਗ ਜੋ ਪਿੰਡਾਂ ਵਿੱਚ ਕੁਦਰਤ ਦਾ ਤੋਹਫ਼ਾ ਹੈ, ਸ਼ਹਿਰ ਵਿੱਚ ਇੱਕ ਕਾਰੋਬਾਰ ਦਾ ਰੂਪ ਵੀ ਲੈਂਦਾ ਹੈ।
ਪੰਜਾਬੀ ਸੱਭਿਆਚਾਰਕ ਪਹਿਚਾਣ ਦਾ ਹਿੱਸਾ ਸਾਗ, ਜਿਸ ਦਾ ਜ਼ਿਕਰ ਸਾਡੇ ਪੰਜਾਬੀ ਗੀਤਾਂ ‘ਚ ਵੀ ਅਕਸਰ ਸੁਣਨ ਨੂੰ ਮਿਲਦਾ ਹੈ। ਇਸਦਾ ਸਵਾਦ ਹੀ ਨਹੀਂ, ਸਗੋਂ ਇਸ ਨਾਲ ਜੁੜੀ ਮਹਿਕ ਅਤੇ ਪਰੰਪਰਾਵਾਂ ਵੀ ਇਸਨੂੰ ਵਿਲੱਖਣ ਬਣਾਉਂਦੀਆਂ ਹਨ। ਜਿੱਥੇ ਇਹ ਪਰਿਵਾਰਾਂ ਲਈ ਸਹੀ ਪੋਸ਼ਣ ਦਾ ਪ੍ਰਤੀਕ ਹੈ, ਉੱਥੇ ਹੀ ਇਹ ਰੋਜ਼ਗਾਰ ਪ੍ਰਦਾਤਾ ਵੀ ਹੈ। ਇਸ ਤਰ੍ਹਾਂ, ਸਿਆਲੀ ਰੁੱਤ ਦੇ ਇਸ ਤੋਹਫ਼ੇ ਨੇ ਪੰਜਾਬੀ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੋਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly