ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਝੋਨੇ ਦੀ ਫਸਲ ਨੂੰ ਜਿੱਥੇ ਪਹਿਲਾ ਮੰਡੀਆਂ ਵਿੱਚ ਰੋਲਿਆ ਗਿਆ ਤੇ ਬਾਅਦ ਵਿੱਚ ਫਸਲ ਨੂੰ ਕੱਟ ਲਗਾ ਕੇ ਕਿਸਾਨਾਂ ਤੋਂ ਖਰੀਦਿਆ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਦੀ ਕਿਸਾਨੀ ਨੂੰ ਵੱਡੀ ਆਰਥਿਕ ਸੱਟ ਲੱਗੀ ਹੈ, ਇਹ ਪ੍ਰਗਟਾਵਾ ਅਕਾਲੀ ਦਲ ਦੇ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਕੀਤਾ ਗਿਆ ਤੇ ਕਿਹਾ ਗਿਆ ਕਿ ਪੰਜਾਬ ਦੇ ਕਿਸਾਨਾਂ ਦੀ ਕੱਟ ਦੇ ਨਾਮ ਉੱਪਰ ਹੋਈ ਇਸ ਲੁੱਟ ਦੇ ਵਿਰੋਧ ਵਜ੍ਹੋਂ ਅਕਾਲੀ ਦਲ 5 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਐੱਸ.ਡੀ.ਐੱਮ.ਦਫਤਰ ਹੁਸ਼ਿਆਰਪੁਰ ਦੇ ਬਾਹਰ ਵੱਡਾ ਰੋਸ ਮੁਜ਼ਾਹਰਾ ਕਰੇਗਾ, ਇਸ ਮੌਕੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਜਗਤਾਰ ਸਿੰਘ ਵੀ ਮੌਜੂਦ ਰਹੇ। ਲਾਲੀ ਬਾਜਵਾ ਤੇ ਲਖਵਿੰਦਰ ਲੱਖੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਝੋਨੇ ਦੇ ਇੱਕ ਸੀਜਨ ਵਿੱਚ ਹੀ ਹਜਾਰਾਂ ਕਰੋੜ ਰੁਪਏ ਦੀ ਆਰਥਿਕ ਸੱਟ ਮਾਰੀ ਗਈ ਹੈ ਲੇਕਿਨ ਸੂਬੇ ਦੀ ਆਪ ਸਰਕਾਰ ਨੇ ਸਿਰਫ ਤਮਾਸ਼ਾ ਦੇਖਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ, ਕੇਂਦਰ ਸਰਕਾਰ ਪੰਜਾਬ ਸਰਕਾਰ ਦਾ ਕਸੂਰ ਕੱਢਣ ਲੱਗੀ ਹੋਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਉੱਪਰ ਦੋਸ਼ ਲਗਾ ਕੇ ਸਮਾਂ ਲੰਘਾ ਰਹੇ ਹਨ ਤੇ ਦੂਜੇ ਪਾਸੇ ਕਿਸਾਨ ਮੰਡੀਆਂ ਵਿੱਚ ਆਪਣੀ ਫਸਲ ਦੇ ਨਾਲ ਰੁਲ ਰਿਹਾ ਹੈ ਜਿਸਦੀ ਕਿਸੇ ਨੂੰ ਵੀ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਡੀ.ਏ.ਪੀ. ਖਾਦ ਦਾ ਸੰਕਟ ਪੰਜਾਬ ਦੇ ਕਿਸਾਨਾਂ ਸਾਹਮਣੇ ਖੜ੍ਹਾ ਹੈ ਤੇ ਇਸ ਤੋਂ ਵੀ ਵੱਡੀ ਗੱਲ ਕੇ ਕਣਕ ਦੇ ਬੀਜ ਉੱਪਰ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਦੇਣ ਤੋਂ ਵੀ ਕੇਂਦਰ ਸਰਕਾਰ ਨੇ ਹੱਥ ਪਿੱਛੇ ਖਿੱਚ ਲਏ ਹਨ। ਲਾਲੀ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੀ ਕਿਸਾਨੀ ਨਾਲ ਖੜ੍ਹਾ ਰਿਹਾ ਹੈ ਤੇ ਭਵਿੱਖ ਵਿੱਚ ਵੀ ਪਾਰਟੀ ਦਾ ਇੱਕ-ਇੱਕ ਵਰਕਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਰਹੇਗਾ । ਇਸ ਮੌਕੇ, ਰਵਿੰਦਰਪਾਲ ਮਿੰਟੂ, ਸੰਦੀਪ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ, ਪ੍ਰਭਪਾਲ ਬਾਜਵਾ, ਮਹਿੰਦੀਪੁਰ, ਸੂਰਜ ਸਿੰਘ ਐਡਵੋਕੇਟ, ਰਣਵੀਰ ਸਿੰਘ ਰਾਣਾ ਵੀ ਮੌਜੂਦ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly